Today’s Hukamnama from Gurdwara Baoli Sahib Goindwal

58

ਸੋਮਵਾਰ 6 ਮਈ 2019 (23 ਵੈਸਾਖ ਸੰਮਤ 551 ਨਾਨਕਸ਼ਾਹੀ)

ਬਿਲਾਵਲੁ ਮਹਲਾ ੫ ॥ ਪ੍ਰਭ ਜਨਮ ਮਰਨ ਨਿਵਾਰਿ ॥ ਹਾਰਿ ਪਰਿਓ ਦੁਆਰਿ ॥ ਗਹਿ ਚਰਨ ਸਾਧੂ ਸੰਗ ॥ ਮਨ ਮਿਸਟ ਹਰਿ ਹਰਿ ਰੰਗ ॥ ਕਰਿ ਦਇਆ ਲੇਹੁ ਲੜਿ ਲਾਇ ॥ ਨਾਨਕਾ ਨਾਮੁ ਧਿਆਇ ॥੧॥ ਦੀਨਾ ਨਾਥ ਦਇਆਲ ਮੇਰੇ ਸੁਆਮੀ ਦੀਨਾ ਨਾਥ ਦਇਆਲ ॥ ਜਾਚਉ ਸੰਤ ਰਵਾਲ ॥੧॥ ਰਹਾਉ ॥ਸੰਸਾਰੁ ਬਿਖਿਆ ਕੂਪ ॥ ਤਮ ਅਗਿਆਨ ਮੋਹਤ ਘੂਪ ॥ ਗਹਿ ਭੁਜਾ ਪ੍ਰਭ ਜੀ ਲੇਹੁ ॥ ਹਰਿ ਨਾਮੁ ਅਪੁਨਾ ਦੇਹੁ ॥ ਪ੍ਰਭ ਤੁਝ ਬਿਨਾ ਨਹੀ ਠਾਉ ॥ ਨਾਨਕਾ ਬਲਿ ਬਲਿ ਜਾਉ ॥੨॥ {ਪੰਨਾ 837-838}

ਪਦਅਰਥ: ਪ੍ਰਭ = ਹੇ ਪ੍ਰਭੂ! ਨਿਵਾਰਿ = ਦੂਰ ਕਰ। ਦੁਆਰਿ = (ਤੇਰੇ) ਦਰ ਤੇ। ਹਾਰਿ = ਹਾਰ ਕੇ, ਥੱਕ ਕੇ, (ਹੋਰ ਪਾਸਿਆਂ ਵਲੋਂ) ਆਸ ਲਾਹ ਕੇ। ਗਹਿ = ਫੜ ਕੇ। ਮਿਸਟ = ਮਿੱਠਾ। ਕਰਿ = ਕਰ ਕੇ। ਲੜਿ = ਪੱਲੇ ਨਾਲ। ਨਾਨਕਾ = ਹੇ ਨਾਨਕ!।੧।ਦੀਨਾ ਨਾਥ = ਹੇ ਗਰੀਬਾਂ ਦੇ ਖਸਮ! ਦਇਆਲ = ਹੇ ਦਇਆ ਦੇ ਸੋਮੇ! ਜਾਚਉ = ਜਾਚਉਂ, ਮੈਂ ਮੰਗਦਾ ਹਾਂ। ਰਵਾਲ = ਚਰਨ = ਧੂੜ।੧।ਰਹਾਉ।ਬਿਖਿਆ = ਮਾਇਆ। ਕੂਪ = ਖੂਹ। ਤਮ = ਹਨੇਰਾ। ਅਗਿਆਨ = ਆਤਮਕ ਜੀਵਨ ਵਲੋਂ ਬੇ = ਸਮਝੀ। ਤਮ ਘੂਪ = ਘੁੱਪ ਹਨੇਰਾ। ਮੋਹਤ = ਮੋਹ ਰਿਹਾ ਹੈ। ਗਹਿ = ਫੜ ਕੇ। ਭੁਜਾ = ਬਾਂਹ। ਠਾਉ = ਠਾਉਂ, ਥਾਂ, ਆਸਰਾ। ਬਲਿ ਜਾਉ = ਬਲਿ ਜਾਉਂ, ਮੈਂ ਸਦਕੇ ਜਾਂਦਾ ਹਾਂ।੨।

ਅਰਥ: ਹੇ ਗ਼ਰੀਬਾਂ ਦੇ ਖਸਮ! ਹੇ ਦਇਆ ਦੇ ਸੋਮੇ! ਹੇ ਮੇਰੇ ਸੁਆਮੀ! ਹੇ ਦੀਨਾ ਨਾਥ! ਹੇ ਦਇਆਲ! ਮੈਂ ਤੇਰੇ ਸੰਤ ਜਨਾਂ ਦੇ ਚਰਨਾਂ ਦੀ ਧੂੜ ਮੰਗਦਾ ਹਾਂ।੧।ਰਹਾਉ।ਹੇ ਨਾਨਕ! ਪ੍ਰਭੂ ਦਾ ਨਾਮ ਸਿਮਰਿਆ ਕਰ (ਅਤੇ ਬੇਨਤੀ ਕਰਿਆ ਕਰ-) ਹੇ ਪ੍ਰਭੂ! ਮੇਰਾ) ਜਨਮ ਮਰਨ (ਦਾ ਗੇੜ) ਮੁਕਾ ਦੇਹ, ਮੈਂ (ਹੋਰ ਪਾਸਿਆਂ ਵਲੋਂ) ਆਸ ਲਾਹ ਕੇ ਤੇਰੇ ਦਰ ਤੇ ਆ ਡਿੱਗਾ ਹਾਂ। (ਮਿਹਰ ਕਰ) ਤੇਰੇ ਸੰਤ ਜਨਾਂ ਦੇ ਚਰਨ ਫੜ ਕੇ (ਤੇਰੇ ਸੰਤ ਜਨਾਂ ਦਾ) ਪੱਲਾ ਫੜ ਕੇ, ਮੇਰੇ ਮਨ ਨੂੰ, ਹੇ ਹਰੀ! ਤੇਰਾ ਪਿਆਰ ਮਿੱਠਾ ਲੱਗਦਾ ਰਹੇ। ਮਿਹਰ ਕਰ ਕੇ ਮੈਨੂੰ ਆਪਣੇ ਲੜ ਨਾਲ ਲਾ ਲੈ।੧।

ਹੇ ਨਾਨਕ! ਪ੍ਰਭੂ ਦੇ ਦਰ ਤੇ ਅਰਦਾਸ ਕਰ, ਤੇ, ਆਖ-) ਹੇ ਪ੍ਰਭੂ! ਮੈਂ (ਤੇਰੇ ਨਾਮ ਤੋਂ) ਸਦਕੇ ਜਾਂਦਾ ਹਾਂ, ਕੁਰਬਾਨ ਜਾਂਦਾ ਹਾਂ। ਤੈਥੋਂ ਬਿਨਾ ਮੇਰਾ ਕੋਈ ਹੋਰ ਆਸਰਾ ਨਹੀਂ ਹੈ। ਹੇ ਪ੍ਰਭੂ! ਮੈਨੂੰ ਆਪਣਾ ਨਾਮ ਬਖ਼ਸ਼। ਇਹ ਜਗਤ ਮਾਇਆ (ਦੇ ਮੋਹ) ਦਾ ਖੂਹ ਹੈ, ਆਤਮਕ ਜੀਵਨ ਵਲੋਂ ਬੇ-ਸਮਝੀ ਦਾ ਘੁੱਪ ਹਨੇਰਾ (ਮੈਨੂੰ) ਮੋਹ ਰਿਹਾ ਹੈ। (ਮੇਰੀ) ਬਾਂਹ ਫੜ ਕੇ (ਮੈਨੂੰ) ਬਚਾ ਲੈ।੨।