Today’s Hukamnama from Gurdwara Baoli Sahib Goindwal

52

ਸਨਿੱਚਰਵਾਰ 4 ਮਈ 2019 (21 ਵੈਸਾਖ ਸੰਮਤ 551 ਨਾਨਕਸ਼ਾਹੀ)

ਦੇਵਗੰਧਾਰੀ ॥ ਅਬ ਹਮ ਚਲੀ ਠਾਕੁਰ ਪਹਿ ਹਾਰਿ ॥ ਜਬ ਹਮ ਸਰਣਿ ਪ੍ਰਭੂ ਕੀ ਆਈ ਰਾਖੁ ਪ੍ਰਭੂ ਭਾਵੈ ਮਾਰਿ ॥੧॥ ਰਹਾਉ ॥ ਲੋਕਨ ਕੀ ਚਤੁਰਾਈ ਉਪਮਾ ਤੇ ਬੈਸੰਤਰਿ ਜਾਰਿ ॥ ਕੋਈ ਭਲਾ ਕਹਉ ਭਾਵੈ ਬੁਰਾ ਕਹਉ ਹਮ ਤਨੁ ਦੀਓ ਹੈ ਢਾਰਿ ॥੧॥ ਜੋ ਆਵਤ ਸਰਣਿ ਠਾਕੁਰ ਪ੍ਰਭੁ ਤੁਮਰੀ ਤਿਸੁ ਰਾਖਹੁ ਕਿਰਪਾ ਧਾਰਿ ॥ ਜਨ ਨਾਨਕ ਸਰਣਿ ਤੁਮਾਰੀ ਹਰਿ ਜੀਉ ਰਾਖਹੁ ਲਾਜ ਮੁਰਾਰਿ ॥੨॥੪॥ {ਪੰਨਾ 527-528}

ਪਦਅਰਥ: ਅਬ = ਹੁਣ। ਪਹਿ = ਪਾਸ, ਕੋਲ। ਹਾਰਿ = ਹਾਰ ਕੇ, ਥੱਕ ਕੇ, ਹੋਰ ਸਾਰੇ ਆਸਰੇ ਛੱਡ ਕੇ। ਜਬ = ਹੁਣ ਜਦੋਂ। ਪ੍ਰ੍ਰਭੂ ਕੀ ਸਰਣਿ = ਹੇ ਪ੍ਰਭੂ! ਤੇਰੀ ਸਰਨ। ਰਾਖੁ = ਬਚਾ ਲੈ।੧।ਰਹਾਉ।ਲੋਕਨ ਕੀ = ਲੋਕਾਂ ਵਾਲੀ। ਉਪਮਾ = ਵਡਿਆਈ। ਤੇ = ਉਹ ਸਾਰੀਆਂ। ਬੈਸੰਤਰਿ = ਅੱਗ ਵਿਚ। ਜਾਰਿ = ਜਾਰਿ ਦੀਈ, ਸਾੜ ਦਿੱਤੀ ਹੈ। ਕਹਉ = {ਹੁਕਮੀ ਭਵਿੱਖਤ, ਅੱਨ ਪੁਰਖ, ਇਕ-ਵਚਨ। ਨੋਟ: ਇਹ ਧਿਆਨ ਰੱਖਣਾ ਕਿ ਇਹ ਲਫ਼ਜ਼ ਇਥੇ ‘ਵਰਤਮਾਨ ਕਾਲ, ਉੱਤਮ ਪੁਰਖ, ਇਕ-ਵਚਨ’ ਨਹੀਂ ਹੈ} ਬੇਸ਼ੱਕ ਆਖੇ। ਢਾਰਿ ਦੀਓ = ਢਾਲ ਦਿੱਤਾ ਹੈ, ਭੇਟਾ ਕਰ ਦਿੱਤਾ ਹੈ, ਦੇਹ = ਅੱਧਿਆਸ ਦੂਰ ਕਰ ਦਿੱਤਾ ਹੈ, ਸਰੀਰਕ ਮੋਹ ਛੱਡ ਦਿੱਤਾ ਹੈ।੧।ਠਾਕੁਰ ਪ੍ਰਭ = ਹੇ ਠਾਕੁਰ! ਹੇ ਪ੍ਰਭੂ! ਰਾਖਹੁ = ਤੂੰ ਰੱਖਦਾ ਹੈਂ। ਧਾਰਿ = ਧਾਰ ਕੇ। ਮੁਰਾਰਿ = ਹੇ ਮੁਰਾਰੀ!।੨।

ਅਰਥ: ਹੁਣ ਮੈਂ ਹੋਰ ਸਾਰੇ ਆਸਰੇ ਛੱਡ ਕੇ ਮਾਲਕ-ਪ੍ਰਭੂ ਦੀ ਸਰਨ ਆ ਗਈ ਹਾਂ। ਜਦੋਂ ਹੁਣ, ਹੇ ਪ੍ਰਭੂ! ਮੈਂ ਤੇਰੀ ਸਰਨ ਆ ਗਈ ਹਾਂ, ਚਾਹੇ ਮੈਨੂੰ ਰੱਖ ਚਾਹੇ ਮਾਰ (ਜਿਵੇਂ ਤੇਰੀ ਰਜ਼ਾ ਹੈ ਮੈਨੂੰ ਉਸੇ ਹਾਲ ਰੱਖ) ।੧।ਰਹਾਉ।

ਦੁਨੀਆ ਵਾਲੀ ਸਿਆਣਪ, ਤੇ, ਦੁਨੀਆ ਵਾਲੀ ਵਡਿਆਈ-ਇਹਨਾਂ ਨੂੰ ਮੈਂ ਅੱਗ ਵਿਚ ਸਾੜ ਦਿੱਤਾ ਹੈ। ਚਾਹੇ ਕੋਈ ਮੈਨੂੰ ਚੰਗਾ ਆਖੇ ਚਾਹੇ ਕੋਈ ਮੰਦਾ ਆਖੇ, ਮੈਂ ਤਾਂ ਆਪਣਾ ਸਰੀਰ (ਠਾਕੁਰ ਦੇ ਚਰਨਾਂ ਵਿਚ) ਭੇਟ ਕਰ ਦਿੱਤਾ ਹੈ।੧।

ਹੇ ਮਾਲਕ! ਹੇ ਪ੍ਰਭੂ! ਜੇਹੜਾ ਭੀ ਕੋਈ (ਵਡ-ਭਾਗੀ) ਤੇਰੀ ਸਰਨ ਆ ਪੈਂਦਾ ਹੈ, ਤੂੰ ਮੇਹਰ ਕਰ ਕੇ ਉਸ ਦੀ ਰੱਖਿਆ ਕਰਦਾ ਹੈਂ। ਹੇ ਦਾਸ ਨਾਨਕ! ਆਖ-) ਹੇ ਹਰੀ ਜੀ! ਹੇ ਮੁਰਾਰੀ! ਮੈਂ ਤੇਰੀ ਸਰਨ ਆਇਆ ਹਾਂ, ਮੇਰੀ ਇੱਜ਼ਤ ਰੱਖ।੨।੪।