ਸ਼ੁੱਕਰਵਾਰ 3 ਮਈ 2019 (20 ਵੈਸਾਖ ਸੰਮਤ 551 ਨਾਨਕਸ਼ਾਹੀ)
ਬਿਲਾਵਲੁ ਮਹਲਾ ੫ ॥ ਬਿਨੁ ਹਰਿ ਕਾਮਿ ਨ ਆਵਤ ਹੇ ॥ ਜਾ ਸਿਉ ਰਾਚਿ ਮਾਚਿ ਤੁਮ੍ਹ੍ਹ ਲਾਗੇ ਓਹ ਮੋਹਨੀ ਮੋਹਾਵਤ ਹੇ ॥੧॥ ਰਹਾਉ ॥ ਕਨਿਕ ਕਾਮਿਨੀ ਸੇਜ ਸੋਹਨੀ ਛੋਡਿ ਖਿਨੈ ਮਹਿ ਜਾਵਤ ਹੇ ॥ ਉਰਝਿ ਰਹਿਓ ਇੰਦ੍ਰੀ ਰਸ ਪ੍ਰੇਰਿਓ ਬਿਖੈ ਠਗਉਰੀ ਖਾਵਤ ਹੇ ॥੧॥ ਤ੍ਰਿਣ ਕੋ ਮੰਦਰੁ ਸਾਜਿ ਸਵਾਰਿਓ ਪਾਵਕੁ ਤਲੈ ਜਰਾਵਤ ਹੇ ॥ ਐਸੇ ਗੜ ਮਹਿ ਐਠਿ ਹਠੀਲੋ ਫੂਲਿ ਫੂਲਿ ਕਿਆ ਪਾਵਤ ਹੇ ॥੨॥ ਪੰਚ ਦੂਤ ਮੂਡ ਪਰਿ ਠਾਢੇ ਕੇਸ ਗਹੇ ਫੇਰਾਵਤ ਹੇ ॥ ਦ੍ਰਿਸਟਿ ਨ ਆਵਹਿ ਅੰਧ ਅਗਿਆਨੀ ਸੋਇ ਰਹਿਓ ਮਦ ਮਾਵਤ ਹੇ ॥੩॥ ਜਾਲੁ ਪਸਾਰਿ ਚੋਗ ਬਿਸਥਾਰੀ ਪੰਖੀ ਜਿਉ ਫਾਹਾਵਤ ਹੇ ॥ ਕਹੁ ਨਾਨਕ ਬੰਧਨ ਕਾਟਨ ਕਉ ਮੈ ਸਤਿਗੁਰੁ ਪੁਰਖੁ ਧਿਆਵਤ ਹੇ ॥੪॥੨॥੮੮॥ {ਪੰਨਾ 821-822}
ਪਦਅਰਥ: ਕਾਮਿ = ਕੰਮ ਵਿਚ। ਸਿਉ = ਜਿਸ (ਮਾਇਆ) ਨਾਲ। ਰਾਚਿ ਮਾਚਿ = ਰਚ ਮਿਚ ਕੇ। ਮੋਹਨੀ = ਮਨ ਨੂੰ ਮੋਹਣ ਵਾਲੀ ਮਾਇਆ। ਮੋਹਾਵਤ = ਠੱਗ ਰਹੀ ਹੈ।੧।ਰਹਾਉ।ਕਨਿਕ = ਸੋਨਾ। ਕਾਮਿਨੀ = ਇਸਤ੍ਰੀ। ਛੋਡਿ = ਛੱਡ ਕੇ। ਖਿਨੈ ਮਹਿ = ਖਿਨ ਵਿਚ ਹੀ। ਉਰਝਿ ਰਹਿਓ = ਉਲਝਿਆ ਰਹਿੰਦਾ ਹੈ, ਫਸਿਆ ਰਹਿੰਦਾ ਹੈ। ਇੰਦ੍ਰੀ ਰਸ = ਕਾਮ = ਵਾਸਨਾ ਦੇ ਸੁਆਦ। ਬਿਖੈ ਠਗਉਰੀ = ਵਿਸ਼ਿਆਂ ਦੀ ਠੱਗ = ਮੂਰੀ। ਠਗਉਰੀ = ਠਗ ਮੂਰੀ, ਠਗ = ਬੂਟੀ, ਉਹ ਬੂਟੀ ਜੋ ਠੱਗ ਲੋਕ ਰਾਹੀਆਂ ਨੂੰ ਖੁਆ ਕੇ ਬੇ = ਹੋਸ਼ ਕਰ ਲੈਂਦੇ ਹਨ।੧।ਤ੍ਰਿਣ ਕੋ = ਤੀਲਿਆਂ ਦਾ। ਮੰਦਰੁ = ਘਰ। ਸਾਜਿ = ਬਣਾ ਕੇ। ਪਾਵਕੁ = ਅੱਗ। ਤਲੈ = ਹੇਠ। ਗੜ = ਸਰੀਰ = ਕਿਲ੍ਹਾ। ਐਠਿ = ਆਕੜ ਨਾਲ। ਹਠੀਲੋ = ਹਠੀ, ਜ਼ਿੱਦੀ। ਫੂਲਿ ਫੂਲਿ = ਫੁੱਲ ਫੁੱਲ ਕੇ।੨।ਪੰਚ ਦੂਤ = (ਕਾਮਾਦਿਕ) ਪੰਜ ਵੈਰੀ। ਮੂਡ ਪਰਿ = ਸਿਰ ਉਤੇ। ਠਾਢੇ = ਖਲੋਤੇ ਹੋਏ। ਗਹੇ = ਗਹਿ, ਫੜ ਕੇ। ਕੇਸ ਗਹੇ = ਕੇਸਾਂ ਤੋਂ ਫੜ ਕੇ। ਫੇਰਾਵਤ = ਭਵਾਂਦੇ ਹਨ। ਦ੍ਰਿਸਟਿ ਨ ਆਵਹਿ = ਦਿੱਸਦੇ ਨਹੀਂ। ਅੰਧ = ਅੰਨ੍ਹਾ। ਮਦ = ਨਸ਼ਾ। ਮਾਵਤ = ਮਸਤ।੩।ਪਸਾਰਿ = ਖਿਲਾਰ ਕੇ। ਬਿਸਥਾਰੀ = ਖਿਲਾਰੀ। ਪੰਖੀ = ਪੰਛੀ। ਕਉ = ਵਾਸਤੇ।੪।
ਅਰਥ: ਹੇ ਭਾਈ! ਪਰਮਾਤਮਾ ਦੇ ਨਾਮ ਤੋਂ ਬਿਨਾ (ਕੋਈ ਹੋਰ ਚੀਜ਼ ਤੇਰੇ ਆਤਮਕ ਜੀਵਨ ਦੇ) ਕੰਮ ਨਹੀਂ ਆ ਸਕਦੀ। ਜਿਸ ਮਨ-ਮੋਹਣੀ ਮਾਇਆ ਨਾਲ ਤੂੰ ਰਚਿਆ ਮਿਚਿਆ ਰਹਿੰਦਾ ਹੈਂ, ਉਹ ਤਾਂ ਤੈਨੂੰ ਠੱਗ ਰਹੀ ਹੈ।੧।ਰਹਾਉ।ਹੇ ਭਾਈ! ਸੋਨਾ (ਧਨ-ਪਦਾਰਥ) , ਇਸਤ੍ਰੀ ਦੀ ਸੋਹਣੀ ਸੇਜ-ਇਹ ਤਾਂ ਇਕ ਛਿਨ ਵਿਚ ਛੱਡ ਕੇ ਮਨੁੱਖ ਇਥੋਂ ਤੁਰ ਪੈਂਦਾ ਹੈ। ਕਾਮ-ਵਾਸਨਾ ਦੇ ਸੁਆਦਾਂ ਦਾ ਪ੍ਰੇਰਿਆ ਹੋਇਆ ਤੂੰ ਕਾਮ-ਵਾਸਨਾ ਵਿਚ ਫਸਿਆ ਪਿਆ ਹੈਂ, ਅਤੇ ਵਿਸ਼ੇ-ਵਿਕਾਰਾਂ ਦੀ ਠਗ-ਬੂਟੀ ਖਾ ਰਿਹਾ ਹੈਂ (ਜਿਸ ਦੇ ਕਾਰਨ ਤੂੰ ਆਤਮਕ ਜੀਵਨ ਵਲੋਂ ਬੇ-ਹੋਸ਼ ਪਿਆ ਹੈਂ) ।੧।ਹੇ ਭਾਈ! ਤੀਲਿਆਂ ਦਾ ਘਰ ਬਣਾ ਸਵਾਰ ਕੇ ਤੂੰ ਉਸ ਦੇ ਹੇਠ ਅੱਗ ਬਾਲ ਰਿਹਾ ਹੈਂ (ਇਸ ਸਰੀਰ ਵਿਚ ਕਾਮਾਦਿਕ ਵਿਕਾਰਾਂ ਦਾ ਭਾਂਬੜ ਮਚਾ ਕੇ ਆਤਮਕ ਜੀਵਨ ਨੂੰ ਸੁਆਹ ਕਰੀ ਜਾ ਰਿਹਾ ਹੈਂ। ਵਿਕਾਰਾਂ ਵਿਚ ਸੜ ਰਹੇ) ਇਸ ਸਰੀਰ-ਕਿਲ੍ਹੇ ਵਿਚ ਆਕੜ ਕੇ ਹਠੀ ਹੋਇਆ ਬੈਠਾ ਤੂੰ ਮਾਣ ਕਰ ਕਰ ਕੇ ਹਾਸਲ ਤਾਂ ਕੁਝ ਭੀ ਨਹੀਂ ਕਰ ਰਿਹਾ।੨।
ਹੇ ਅੰਨ੍ਹੇ ਅਗਿਆਨੀ! ਕਾਮਾਦਿਕ ਪੰਜੇ ਵੈਰੀ ਤੇਰੇ ਸਿਰ ਉਤੇ ਖਲੋਤੇ ਹੋਏ ਤੈਨੂੰ ਜ਼ਲੀਲ ਕਰ ਰਹੇ ਹਨ, ਪਰ ਤੈਨੂੰ ਉਹ ਦਿੱਸਦੇ ਨਹੀਂ, ਤੂੰ ਵਿਕਾਰਾਂ ਦੇ ਨਸ਼ੇ ਵਿਚ ਮਸਤ ਹੋ ਕੇ ਆਤਮਕ ਜੀਵਨ ਵਲੋਂ ਬੇ-ਫ਼ਿਕਰ ਹੋਇਆ ਪਿਆ ਹੈਂ।੩।ਹੇ ਭਾਈ! ਜਿਵੇਂ ਕਿਸੇ ਪੰਛੀ ਨੂੰ ਫੜਨ ਲਈ ਜਾਲ ਖਿਲਾਰ ਕੇ ਉਸ ਉਤੇ ਚੋਗ ਖਿਲਾਰੀ ਜਾਂਦੀ ਹੈ, ਤਿਵੇਂ ਤੂੰ (ਦੁਨੀਆ ਦੇ ਪਦਾਰਥਾਂ ਦੇ ਚੋਗ ਵਿਚ) ਫਸ ਰਿਹਾ ਹੈਂ। ਹੇ ਨਾਨਕ! ਆਖ-(ਹੇ ਭਾਈ!) ਮਾਇਆ ਦੇ ਬੰਧਨਾਂ ਨੂੰ ਕੱਟਣ ਵਾਸਤੇ ਮੈਂ ਤਾਂ ਗੁਰੂ ਮਹਾ ਪੁਰਖ ਨੂੰ ਆਪਣੇ ਹਿਰਦੇ ਵਿਚ ਵਸਾ ਰਿਹਾ ਹਾਂ।੪।੨।੮੮।ਨੋਟ: ਚਉਪਦੇ ਖ਼ਤਮ ਹੋ ਗਏ। ਅਗਾਂਹ ਦੁਪਦੇ ਚੱਲ ਪਏ ਹਨ।