ਸੋਮਵਾਰ 11 ਮਾਰਚ 2019 (27 ਫੱਗਣ ਸੰਮਤ 550 ਨਾਨਕਸ਼ਾਹੀ)

ਹ੍ਰਿਦੈ ਕਪਟੁ ਮੁਖ ਗਿਆਨੀ ॥ ਝੂਠੇ ਕਹਾ ਬਿਲੋਵਸਿ ਪਾਨੀ ॥੧॥ ਕਾਂਇਆ ਮਾਂਜਸਿ ਕਉਨ ਗੁਨਾਂ ॥ ਜਉ ਘਟ ਭੀਤਰਿ ਹੈ ਮਲਨਾਂ ॥੧॥ ਰਹਾਉ ॥ ਲਉਕੀ ਅਠਸਠਿ ਤੀਰਥ ਨ੍ਹ੍ਹਾਈ ॥ ਕਉਰਾਪਨੁ ਤਊ ਨ ਜਾਈ ॥੨॥ ਕਹਿ ਕਬੀਰ ਬੀਚਾਰੀ ॥ ਭਵ ਸਾਗਰੁ ਤਾਰਿ ਮੁਰਾਰੀ ॥੩॥੮॥ {ਅੰਗ 656}

ਪਦਅਰਥ: ਗਿਆਨੀ = ਗਿਆਨ ਦੀਆਂ ਗੱਲਾਂ ਕਰਨ ਵਾਲਾ। ਕਹਾ = ਕੀਹ ਲਾਭ ਹੈ? ਬਿਲੋਵਸਿ = ਤੂੰ ਰਿੜਕਦਾ ਹੈਂ।੧।

ਕਾਂਇਆ = ਸਰੀਰ। ਮਾਂਜਸਿ = ਤੂੰ ਮਾਂਜਦਾ ਹੈਂ। ਕਉਨ ਗੁਨਾਂ = ਇਸ ਦਾ ਕੀਹ ਲਾਭ? ਜਉ = ਜੇ। ਘਟ = ਹਿਰਦਾ। ਮਲਨਾਂ = ਮੈਲ, ਵਿਕਾਰ, ਖੋਟ।੧।ਰਹਾਉ।

ਲਉਕੀ = ਤੂੰਬੀ। ਅਠਸਠਿ = ਅਠਾਹਠ। ਤਊ = ਤਾਂ ਭੀ।੨।

ਕਹਿ = ਕਹੇ, ਆਖਦਾ ਹੈ। ਬੀਚਾਰੀ = ਵਿਚਾਰ ਕੇ, ਸੋਚ ਕੇ। ਭਵ ਸਾਗਰੁ = ਸੰਸਾਰ = ਸਮੁੰਦਰ। ਮੁਰਾਰੀ = ਹੇ ਮੁਰਾਰੀ! ਹੇ ਪ੍ਰਭੂ!।੩।

ਅਰਥ: (ਹੇ ਝੂਠੇ!) ਜੇ ਤੇਰੇ ਹਿਰਦੇ ਵਿਚ (ਕਪਟ ਦੀ) ਮੈਲ ਹੈ ਤਾਂ ਇਸ ਗੱਲ ਦਾ ਕੋਈ ਫ਼ਾਇਦਾ ਨਹੀਂ ਕਿ ਤੂੰ ਆਪਣਾ ਸਰੀਰ ਮਾਂਜਦਾ ਫਿਰਦਾ ਹੈਂ (ਭਾਵ, ਬਾਹਰੋਂ ਸੁੱਚਾ ਤੇ ਪਵਿੱਤਰਤਾ ਰੱਖਦਾ ਹੈਂ) ।੧।ਰਹਾਉ।

ਹੇ ਪਖੰਡੀ ਮਨੁੱਖ! ਤੇਰੇ ਮਨ ਵਿਚ ਤਾਂ ਠੱਗੀ ਹੈ, ਪਰ ਤੂੰ ਮੂੰਹੋਂ (ਬ੍ਰਹਮ) ਗਿਆਨ ਦੀਆਂ ਗੱਲਾਂ ਕਰ ਰਿਹਾ ਹੈਂ। ਤੈਨੂੰ ਇਸ ਪਾਣੀ ਰਿੜਕਣ ਤੋਂ ਕੋਈ ਲਾਭ ਨਹੀਂ ਹੋ ਸਕਦਾ।੧।

(ਵੇਖ,) ਜੇ ਤੂੰਬੀ ਅਠਾਹਠ ਤੀਰਥਾਂ ਉੱਤੇ ਭੀ ਇਸ਼ਨਾਨ ਕਰ ਲਏ, ਤਾਂ ਭੀ ਉਸ ਦੀ (ਅੰਦਰਲੀ) ਕੁੜਿੱਤਣ ਦੂਰ ਨਹੀਂ ਹੁੰਦੀ।੨।

(ਇਸ ਅੰਦਰਲੀ ਮੈਲ ਨੂੰ ਦੂਰ ਕਰਨ ਲਈ) ਕਬੀਰ ਤਾਂ ਸੋਚ ਵਿਚਾਰ ਕੇ (ਪ੍ਰਭੂ ਅੱਗੇ ਹੀ ਇਉਂ) ਅਰਦਾਸ ਕਰਦਾ ਹੈ-ਹੇ ਪ੍ਰਭੂ! ਤੂੰ ਮੈਨੂੰ ਇਸ ਸੰਸਾਰ-ਸਮੁੰਦਰ ਤੋਂ ਪਾਰ ਲੰਘਾ ਲੈ।੩।੮।

ਸ਼ਬਦ ਦਾ ਭਾਵ: ਮਨ ਦੀ ਮੈਲ ਤੀਰਥ-ਇਸ਼ਨਾਨ ਜਾਂ ਗਿਆਨ-ਚਰਚਾ ਨਾਲ ਦੂਰ ਨਹੀਂ ਹੁੰਦੀ। ਇਸ ਦਾ ਇਲਾਜ ਇੱਕੋ ਹੀ ਹੈ-ਪ੍ਰਭੂ ਦੇ ਦਰ ਤੇ ਢਹਿ ਪੈਣਾ।੮।