Today’s Hukamnama from Gurdwara Damdama Sahib Thatta

83

ਸ਼ੁੱਕਰਵਾਰ 22 ਫਰਵਰੀ 2019 (10 ਫੱਗਣ ਸੰਮਤ 550 ਨਾਨਕਸ਼ਾਹੀ)

ਸੂਹੀ ਮਹਲਾ ੧ ॥ ਜੋਗੀ ਹੋਵੈ ਜੋਗਵੈ ਭੋਗੀ ਹੋਵੈ ਖਾਇ ॥ ਤਪੀਆ ਹੋਵੈ ਤਪੁ ਕਰੇ ਤੀਰਥਿ ਮਲਿ ਮਲਿ ਨਾਇ ॥੧॥ ਤੇਰਾ ਸਦੜਾ ਸੁਣੀਜੈ ਭਾਈ ਜੇ ਕੋ ਬਹੈ ਅਲਾਇ ॥੧॥ ਰਹਾਉ ॥ ਜੈਸਾ ਬੀਜੈ ਸੋ ਲੁਣੇ ਜੋ ਖਟੇ ਸ ਖਾਇ ॥ ਅਗੈ ਪੁਛ ਨ ਹੋਵਈ ਜੇ ਸਣੁ ਨੀਸਾਣੈ ਜਾਇ ॥੨॥ ਤੈਸੋ ਜੈਸਾ ਕਾਢੀਐ ਜੈਸੀ ਕਾਰ ਕਮਾਇ ॥ ਜੋ ਦਮੁ ਚਿਤਿ ਨ ਆਵਈ ਸੋ ਦਮੁ ਬਿਰਥਾ ਜਾਇ ॥੩॥ ਇਹੁ ਤਨੁ ਵੇਚੀ ਬੈ ਕਰੀ ਜੇ ਕੋ ਲਏ ਵਿਕਾਇ ॥ ਨਾਨਕ ਕੰਮਿ ਨ ਆਵਈ ਜਿਤੁ ਤਨਿ ਨਾਹੀ ਸਚਾ ਨਾਉ ॥੪॥੫॥੭॥ {ਅੰਗ 730}

ਪਦਅਰਥ: ਜੋਗਵੈ = ਜੋਗ ਕਮਾਂਦਾ ਹੈ। ਭੋਗੀ = ਮਾਇਕ ਪਦਾਰਥਾਂ ਨੂੰ ਭੋਗਣ ਵਾਲਾ, ਗ੍ਰਿਹਸਤੀ। ਖਾਇ = ਖਾਂਦਾ ਹੈ, ਭੋਗਾਂ ਵਿਚ ਮਸਤ ਹੈ। ਤੀਰਥਿ = ਤੀਰਥ ਉਤੇ। ਮਲਿ = ਮਲ ਕੇ। ਨਾਇ = ਇਸ਼ਨਾਨ ਕਰਦਾ ਹੈ।੧।

ਸਦੜਾ = ਸੋਹਣਾ ਸੱਦ, ਸੋਹਣਾ ਸ਼ਬਦ। ਸੁਣੀਜੈ = ਸੁਣਨਾ ਚਾਹੁੰਦਾ ਹਾਂ। ਭਾਈ = ਹੇ ਪਿਆਰੇ! ਕੋ = ਕੋਈ ਮਨੁੱਖ। ਬਹੈ = (ਮੇਰੇ ਕੋਲ) ਬੈਠ ਜਾਏ। ਅਲਾਇ = ਅਲਾਪ ਕਰੇ, ਸੁਣਾਏ।੧।ਰਹਾਉ।

ਲੁਣੇ = ਵੱਢਦਾ ਹੈ। ਜੋ = ਜੋ ਕੁਝ। ਸ = ਉਹੀ ਖੱਟੀ {ਨੋਟ: ਲਫ਼ਜ਼ ‘ਸ’ ਦੇ ਨਾਲ ਦੋ ਲਗਾਂ ਹਨ– ੋ ਅਤੇ ੁ। ਅਸਲ ਪਾਠ ‘ਸੋ’ ਹੈ, ਇਥੇ ‘ਸੁ’ ਪੜ੍ਹਨਾ ਹੈ}। ਖਾਇ = ਖਾਂਦਾ ਹੈ, ਫਲ ਭੋਗਦਾ ਹੈ। ਨ ਹੋਵਈ = ਨ ਹੋਵਏ, ਨ ਹੋਵੈ, ਨਹੀਂ ਹੁੰਦੀ। ਸਣੁ = ਸਮੇਤ। ਨੀਸਾਣੁ = ਪਰਵਾਨਾ, ਰਾਹਦਾਰੀ, ਨਾਮ। ਸਣੁ ਨੀਸਾਣੈ = ਸਿਫ਼ਤਿ-ਸਾਲਾਹ ਦੇ ਪਰਵਾਨੇ ਸਮੇਤ।੨।

ਕਾਢੀਐ = ਕਿਹਾ ਜਾਂਦਾ ਹੈ। ਚਿਤਿ = ਚਿੱਤ ਵਿਚ। ਨ ਆਵਈ = ਨ ਆਵਏ, ਨ ਆਵੈ, ਨਹੀਂ ਆਉਂਦਾ। ਬਿਰਥਾ = ਵਿਅਰਥ।੩।

ਵੇਚੀ = ਮੈਂ ਵੇਚਦਾ ਹਾਂ, ਵੇਚਣ ਨੂੰ ਤਿਆਰ ਹਾਂ। ਬੈ ਕਰੀ = ਕੀਮਤ ਲੈ ਕੇ ਦੇਣ ਨੂੰ ਤਿਆਰ ਹਾਂ। ਵਿਕਾਇ = ਕੀਮਤ ਦੇ ਕੇ। ਜਿਤੁ = ਜਿਸ ਵਿਚ। ਜਿਤੁ ਤਨਿ = ਜਿਸ ਸਰੀਰ ਵਿਚ।੪।

ਅਰਥ: ਜੇਹੜਾ ਮਨੁੱਖ ਜੋਗੀ ਬਣ ਜਾਂਦਾ ਹੈ ਉਹ ਜੋਗ ਹੀ ਕਮਾਂਦਾ ਹੈ (ਜੋਗ ਕਮਾਣ ਨੂੰ ਹੀ ਸਹੀ ਰਸਤਾ ਸਮਝਦਾ ਹੈ) , ਜੋ ਮਨੁੱਖ ਗ੍ਰਿਹਸਤੀ ਬਣਦਾ ਹੈ ਉਹ ਭੋਗਾਂ ਵਿਚ ਹੀ ਮਸਤ ਹੈ। ਜੇਹੜਾ ਮਨੁੱਖ ਤਪੀ ਬਣਦਾ ਹੈ ਉਹ (ਸਦਾ) ਤਪ (ਹੀ) ਕਰਦਾ ਹੈ, ਤੇ ਤੀਰਥ ਉਤੇ (ਜਾ ਕੇ) ਮਲ ਮਲ ਕੇ (ਭਾਵ, ਬੜੇ ਸਿਦਕ-ਸਰਧਾ ਨਾਲ) ਇਸ਼ਨਾਨ ਕਰਦਾ ਹੈ।੧।

(ਪਰ) ਹੇ ਪਿਆਰੇ (ਪ੍ਰਭੂ) ! ਮੈਂ ਤਾਂ ਤੇਰੀ ਸਿਫ਼ਤਿ-ਸਾਲਾਹ ਦਾ ਸ਼ਬਦ ਹੀ ਸੁਣਨਾ ਚਾਹੁੰਦਾ ਹਾਂ, ਜੇ ਕੋਈ (ਮੇਰੇ ਕੋਲ) ਬੈਠ ਜਾਏ ਤੇ ਮੈਨੂੰ ਸੁਣਾਵੇ।੧।ਰਹਾਉ।

(ਮਨੁੱਖ) ਜੇਹੋ ਜੇਹਾ ਬੀਜ ਬੀਜਦਾ ਹੈ ਉਹੋ (ਜੇਹਾ ਫਲ) ਵੱਢਦਾ ਹੈ, ਜੋ ਕੁਝ ਖੱਟੀ-ਕਮਾਈ ਕਰਦਾ ਹੈ, ਉਹੀ ਵਰਤਦਾ ਹੈ (ਜੋਗ ਭੋਗ ਤੇ ਤਪ ਵਿਚ ਪਰਮਾਤਮਾ ਦੀ ਸਿਫ਼ਤਿ-ਸਾਲਾਹ ਦੀ ਕਮਾਈ ਨਹੀਂ ਹੈ ਪਰ ਪ੍ਰਭੂ ਦੀ ਹਜ਼ੂਰੀ ਵਿਚ ਸਿਫ਼ਤਿ-ਸਾਲਾਹ ਹੀ ਪਰਵਾਨ ਹੈ) । ਜੇ ਮਨੁੱਖ ਪਰਮਾਤਮਾ ਦੀ ਸਿਫ਼ਤਿ-ਸਾਲਾਹ ਦਾ ਪਰਵਾਨਾ ਲੈ ਕੇ (ਇਥੋਂ) ਜਾਏ ਤਾਂ ਅਗਾਂਹ (ਪ੍ਰਭੂ ਦੇ ਦਰ ਤੇ) ਉਸ ਨੂੰ ਰੋਕ-ਟੋਕ ਨਹੀਂ ਹੁੰਦੀ।੨।

ਮਨੁੱਖ ਜਿਹੋ ਜੇਹੀ ਕਾਰ ਕਮਾਂਦਾ ਹੈ ਉਹੋ ਜੇਹਾ ਉਸ ਦਾ ਨਾਮ ਪੈ ਜਾਂਦਾ ਹੈ (ਆਤਮਕ ਜੀਵਨ ਦੇ ਪੰਧ ਵਿਚ ਭੀ ਇਹੀ ਨਿਯਮ ਹੈ। ਭਗਤ ਉਹੀ ਜੋ ਭਗਤੀ ਕਰਦਾ ਹੈ। ਜੋਗ ਭੋਗ ਜਾਂ ਤਪ ਵਿਚੋਂ ਭਗਤੀ-ਭਾਵ ਪੈਦਾ ਨਹੀਂ ਹੋ ਸਕਦਾ) । (ਮਨੁੱਖ ਦਾ) ਜੇਹੜਾ ਸੁਆਸ (ਕਿਸੇ ਐਸੇ ਉੱਦਮ ਵਿਚ ਲੰਘਦਾ ਹੈ ਕਿ ਪਰਮਾਤਮਾ) ਉਸ ਦੇ ਮਨ ਵਿਚ ਨਹੀਂ ਵੱਸਦਾ ਤਾਂ ਉਹ ਸੁਆਸ ਵਿਅਰਥ ਹੀ ਜਾਂਦਾ ਹੈ।੩।

ਹੇ ਨਾਨਕ! ਜਿਸ (ਮਨੁੱਖਾ) ਸਰੀਰ ਵਿਚ ਪਰਮਾਤਮਾ ਦਾ ਸਦਾ-ਥਿਰ ਰਹਿਣ ਵਾਲਾ ਨਾਮ ਨਹੀਂ ਵੱਸਦਾ ਉਹ ਸਰੀਰ ਕਿਸੇ ਕੰਮ ਨਹੀਂ ਆਉਂਦਾ (ਉਹ ਸਰੀਰ ਵਿਅਰਥ ਹੀ ਗਿਆ ਸਮਝੋ। ਇਸ ਵਾਸਤੇ) ਜੇ ਕੋਈ ਮਨੁੱਖ ਮੈਨੂੰ ਪ੍ਰਭੂ ਦਾ ਨਾਮ ਵੱਟੇ ਵਿਚ ਦੇ ਕੇ ਮੇਰਾ ਸਰੀਰ ਲੈਣਾ ਚਾਹੇ ਤਾਂ ਮੈਂ ਇਹ ਸਰੀਰ ਵੇਚਣ ਨੂੰ ਤਿਆਰ ਹਾਂ ਮੁੱਲ ਦੇਣ ਨੂੰ ਤਿਆਰ ਹਾਂ।੪।੫।੭।