Today’s Hukamnama from Gurdwara Damdama Sahib Thatta

102

ਐਤਵਾਰ 13 ਜਨਵਰੀ 2019 (29 ਪੋਹ ਸੰਮਤ 550 ਨਾਨਕਸ਼ਾਹੀ)

ਸਲੋਕੁ ਮਃ ੩ ॥ ਸਤਿਗੁਰ ਕੀ ਸੇਵਾ ਗਾਖੜੀ ਸਿਰੁ ਦੀਜੈ ਆਪੁ ਗਵਾਇ ॥ ਸਬਦਿ ਮਰਹਿ ਫਿਰਿ ਨਾ ਮਰਹਿ ਤਾ ਸੇਵਾ ਪਵੈ ਸਭ ਥਾਇ ॥ {649}

ਅਰਥ: ਸਤਿਗੁਰੂ ਦੇ ਹੁਕਮ ਵਿਚ ਤੁਰਨਾ ਬੜੀ ਔਖੀ ਕਾਰ ਹੈ, ਸਿਰ ਦੇਣਾ ਪੈਂਦਾ ਹੈ, ਤੇ ਆਪਾ ਗਵਾ ਕੇ (ਸੇਵਾ ਹੁੰਦੀ ਹੈ) ; ਜੋ ਮਨੁੱਖ ਸਤਿਗੁਰੂ ਦੀ ਸਿੱਖਿਆ ਦੁਆਰਾ (ਸੰਸਾਰ ਵਲੋਂ) ਮਰਦੇ ਹਨ, ਉਹ ਫਿਰ ਜਨਮ ਮਰਨ ਵਿਚ ਨਹੀਂ ਰਹਿੰਦੇ, ਉਹਨਾਂ ਦੀ ਸਾਰੀ ਸੇਵਾ ਕਬੂਲ ਪੈ ਜਾਂਦੀ ਹੈ।

ਪਾਰਸ ਪਰਸਿਐ ਪਾਰਸੁ ਹੋਵੈ ਸਚਿ ਰਹੈ ਲਿਵ ਲਾਇ ॥ ਜਿਸੁ ਪੂਰਬਿ ਹੋਵੈ ਲਿਖਿਆ ਤਿਸੁ ਸਤਿਗੁਰੁ ਮਿਲੈ ਪ੍ਰਭੁ ਆਇ ॥ {ਪੰਨਾ 649}

ਅਰਥ: ਜੋ ਮਨੁੱਖ ਸੱਚੇ ਨਾਮ ਵਿਚ ਬ੍ਰਿਤੀ ਜੋੜੀ ਰੱਖਦਾ ਹੈ ਉਹ (ਮਾਨੋ) ਪਾਰਸ ਨੂੰ ਛੋਹ ਕੇ ਪਾਰਸ ਹੀ ਹੋ ਜਾਂਦਾ ਹੈ; ਜਿਸ ਦੇ ਹਿਰਦੇ ਵਿਚ ਮੁੱਢ ਤੋਂ (ਸੰਸਕਾਰ-ਰੂਪ) ਲੇਖ ਉੱਕਰਿਆ ਹੋਵੇ, ਉਸ ਨੂੰ ਸਤਿਗੁਰੂ ਤੇ ਪ੍ਰਭੂ ਮਿਲਦਾ ਹੈ।

ਨਾਨਕ ਗਣਤੈ ਸੇਵਕੁ ਨਾ ਮਿਲੈ ਜਿਸੁ ਬਖਸੇ ਸੋ ਪਵੈ ਥਾਇ ॥੧॥ {ਪੰਨਾ 649}

ਪਦਅਰਥ: ਗਣਤੈ = ਚੰਗੇ ਕੀਤੇ ਕੰਮਾਂ ਦੇ ਲੇਖੇ ਕੀਤਿਆਂ।

ਅਰਥ: ਹੇ ਨਾਨਕ! ਲੇਖੈ ਕੀਤਿਆਂ ਸੇਵਕ (ਹਰੀ ਨੂੰ) ਨਹੀਂ ਮਿਲ ਸਕਦਾ, ਜਿਸ ਨੂੰ ਹਰੀ ਬਖ਼ਸ਼ਦਾ ਹੈ, ਉਹੀ ਕਬੂਲ ਪੈਂਦਾ ਹੈ।੧।

ਮਃ ੩ ॥ ਮਹਲੁ ਕੁਮਹਲੁ ਨ ਜਾਣਨੀ ਮੂਰਖ ਅਪਣੈ ਸੁਆਇ ॥ ਸਬਦੁ ਚੀਨਹਿ ਤਾ ਮਹਲੁ ਲਹਹਿ ਜੋਤੀ ਜੋਤਿ ਸਮਾਇ ॥ {ਪੰਨਾ 649}

ਪਦਅਰਥ: ਸੁਆਇ = ਸੁਆਰਥ ਦੇ ਕਾਰਨ। ਸੁਆਉ = ਸੁਅਰਥ।

ਅਰਥ: ਮੂਰਖ ਆਪਣੀ ਗ਼ਰਜ਼ ਦੇ ਕਾਰਨ ਥਾਂ ਕੁਥਾਂ ਨਹੀਂ ਜਾਣਦੇ, (ਕਿ ਕਿੱਥੇ ਗ਼ਰਜ਼ ਪੂਰੀ ਹੋ ਸਕਦੀ ਹੈ) ਜੇ ਸਤਿਗੁਰੂ ਦੇ ਸ਼ਬਦ ਨੂੰ ਖੋਜਣ ਤਾਂ ਹਰੀ ਦੀ ਜੋਤਿ ਵਿਚ ਬ੍ਰਿਤੀ ਜੋੜ ਕੇ (ਹਰੀ ਦੀ ਹਜ਼ੂਰੀ-ਰੂਪ ਅਸਲ) ਟਿਕਾਣਾ ਲੱਭ ਲੈਣ।

ਸਦਾ ਸਚੇ ਕਾ ਭਉ ਮਨਿ ਵਸੈ ਤਾ ਸਭਾ ਸੋਝੀ ਪਾਇ ॥ ਸਤਿਗੁਰੁ ਅਪਣੈ ਘਰਿ ਵਰਤਦਾ ਆਪੇ ਲਏ ਮਿਲਾਇ ॥ {ਪੰਨਾ 649}

ਪਦਅਰਥ: ਅਪਣੈ ਘਰਿ = ਆਪਣੇ ਸਰੂਪ ਵਿਚ, ਪ੍ਰਭੂ = ਚਰਨਾਂ ਵਿਚ।

ਅਰਥ: ਜੇ ਸੱਚੇ ਹਰੀ ਦਾ ਡਰ (ਭਾਵ, ਅਦਬ) ਸਦਾ ਮਨ ਵਿਚ ਟਿਕਿਆ ਰਹੇ, ਤਾਂ ਇਹ ਸਾਰੀ ਸਮਝ ਪੈ ਜਾਂਦੀ ਹੈ ਕਿ ਸਤਿਗੁਰੂ, ਜੋ ਸਦਾ ਆਪਣੇ ਸਰੂਪ ਵਿਚ ਟਿਕਿਆ ਰਹਿੰਦਾ ਹੈ, ਆਪ ਹੀ ਸੇਵਕ ਨੂੰ ਮਿਲਾ ਲੈਂਦਾ ਹੈ।

ਨਾਨਕ ਸਤਿਗੁਰਿ ਮਿਲਿਐ ਸਭ ਪੂਰੀ ਪਈ ਜਿਸ ਨੋ ਕਿਰਪਾ ਕਰੇ ਰਜਾਇ ॥੨॥ {ਪੰਨਾ 649}

ਅਰਥ: ਹੇ ਨਾਨਕ! ਜਿਸ ਮਨੁੱਖ ਤੇ ਆਪਣੀ ਰਜ਼ਾ ਵਿਚ ਪ੍ਰਭੂ ਮੇਹਰ ਕਰੇ, ਉਸ ਨੂੰ ਸਤਿਗੁਰੂ ਮਿਲਿਆਂ ਪੂਰਨ ਸਫਲਤਾ ਹੁੰਦੀ ਹੈ।੨।

ਪਉੜੀ ॥ ਧੰਨੁ ਧਨੁ ਭਾਗ ਤਿਨਾ ਭਗਤ ਜਨਾ ਜੋ ਹਰਿ ਨਾਮਾ ਹਰਿ ਮੁਖਿ ਕਹਤਿਆ ॥ ਧਨੁ ਧਨੁ ਭਾਗ ਤਿਨਾ ਸੰਤ ਜਨਾ ਜੋ ਹਰਿ ਜਸੁ ਸ੍ਰਵਣੀ ਸੁਣਤਿਆ ॥ {ਪੰਨਾ 649}

ਅਰਥ: ਉਹਨਾਂ ਭਗਤਾਂ ਦੇ ਵੱਡੇ ਭਾਗ ਹਨ, ਜੋ ਮੂੰਹੋਂ ਹਰੀ ਦਾ ਨਾਮ ਉਚਾਰਦੇ ਹਨ; ਉਹਨਾਂ ਸੰਤਾਂ ਦੇ ਵੱਡੇ ਭਾਗ ਹਨ, ਜੋ ਹਰੀ ਦਾ ਜਸ ਕੰਨੀਂ ਸੁਣਦੇ ਹਨ।

ਧਨੁ ਧਨੁ ਭਾਗ ਤਿਨਾ ਸਾਧ ਜਨਾ ਹਰਿ ਕੀਰਤਨੁ ਗਾਇ ਗੁਣੀ ਜਨ ਬਣਤਿਆ ॥ ਧਨੁ ਧਨੁ ਭਾਗ ਤਿਨਾ ਗੁਰਮੁਖਾ ਜੋ ਗੁਰਸਿਖ ਲੈ ਮਨੁ ਜਿਣਤਿਆ ॥ {ਪੰਨਾ 649}

ਅਰਥ: ਉਹਨਾਂ ਸਾਧ ਜਨਾਂ ਦੇ ਧੰਨ ਭਾਗ ਹਨ, ਜੋ ਹਰੀ ਦਾ ਕੀਰਤਨ ਕਰ ਕੇ ਆਪ ਗੁਣਾਂ ਵਾਲੇ ਬਣਦੇ ਹਨ; ਉਹਨਾਂ ਗੁਰਮੁਖਾਂ ਦੇ ਵੱਡੇ ਭਾਗ ਹਨ ਜੋ ਸਤਿਗੁਰੂ ਦੀ ਸਿੱਖਿਆ ਲੈ ਕੇ ਆਪਣੇ ਮਨ ਨੂੰ ਜਿੱਤਦੇ ਹਨ।

ਸਭ ਦੂ ਵਡੇ ਭਾਗ ਗੁਰਸਿਖਾ ਕੇ ਜੋ ਗੁਰ ਚਰਣੀ ਸਿਖ ਪੜਤਿਆ ॥੧੮॥ {ਪੰਨਾ 649}

ਨੋਟ: ਇਸ ਪਉੜੀ ਵਿਚ ਦੱਸਿਆ ਹੈ ਕਿ ਅਸਲ ਭਾਗਾਂ ਵਾਲੇ ਉਹ ਮਨੁੱਖ ਹਨ ਜੋ ਆਪਣੀ ਸਿਆਣਪ ਚਤੁਰਾਈ ਛੱਡ ਕੇ ਗੁਰੂ ਦੇ ਦੱਸੇ ਰਾਹ ਤੇ ਤੁਰਦੇ ਹਨ।

ਅਰਥ: ਸਭ ਤੋਂ ਵੱਡੇ ਭਾਗ ਉਹਨਾਂ ਗੁਰਸਿੱਖਾਂ ਦੇ ਹਨ, ਜੋ ਸਤਿਗੁਰੂ ਦੀ ਚਰਨੀਂ ਪੈਂਦੇ ਹਨ (ਭਾਵ, ਜੋ ਆਪਾ ਮਿਟਾ ਕੇ ਗੁਰੂ ਦੀ ਓਟ ਲੈਂਦੇ ਹਨ)