ਸ਼ੁੱਕਰਵਾਰ 11 ਜਨਵਰੀ 2019 (27 ਪੋਹ ਸੰਮਤ 550 ਨਾਨਕਸ਼ਾਹੀ)
ਰਾਮਕਲੀ ਮਹਲਾ ੫ ॥ ਜਪਿ ਗੋਬਿੰਦੁ ਗੋਪਾਲ ਲਾਲੁ ॥ ਰਾਮ ਨਾਮ ਸਿਮਰਿ ਤੂ ਜੀਵਹਿ ਫਿਰਿ ਨ ਖਾਈ ਮਹਾ ਕਾਲੁ ॥੧॥ ਰਹਾਉ ॥ ਕੋਟਿ ਜਨਮ ਭ੍ਰਮਿ ਭ੍ਰਮਿ ਭ੍ਰਮਿ ਆਇਓ ॥ ਬਡੈ ਭਾਗਿ ਸਾਧਸੰਗੁ ਪਾਇਓ ॥੧॥ ਬਿਨੁ ਗੁਰ ਪੂਰੇ ਨਾਹੀ ਉਧਾਰੁ ॥ ਬਾਬਾ ਨਾਨਕੁ ਆਖੈ ਏਹੁ ਬੀਚਾਰੁ ॥੨॥੧੧॥ {ਅੰਗ 885-886}
ਪਦਅਰਥ: ਤੂੰ ਜੀਵਹਿ = ਤੂੰ ਜੀਊਂਦਾ ਰਹੇਂਗਾ, ਤੈਨੂੰ ਆਤਮਕ ਜੀਵਨ ਮਿਲਿਆ ਰਹੇਗਾ। ਮਹਾ ਕਾਲੁ = ਭਿਆਨਕ ਆਤਮਕ ਮੌਤ।੧।ਰਹਾਉ।
ਕੋਟਿ = ਕ੍ਰੋੜਾਂ। ਭ੍ਰਮਿ ਭ੍ਰਮਿ ਭ੍ਰਮਿ = ਮੁੜ ਮੁੜ ਭਟਕ ਭਟਕ ਕੇ। ਆਇਓ = ਤੂੰ (ਇਸ ਮਨੁੱਖਾ ਜਨਮ ਵਿਚ) ਆਇਆ ਹੈਂ। ਵਡੈ ਭਾਗਿ = ਵੱਡੀ ਕਿਸਮਤ ਨਾਲ। ਪਾਇਓ = ਤੂੰ ਹਾਸਲ ਕੀਤਾ ਹੈ। ਸਾਧ ਸੰਗੁ = ਗੁਰੂ ਦਾ ਸਾਥ।੧।
ਉਧਾਰੁ = (ਕ੍ਰੋੜਾਂ ਜਨਮਾਂ ਤੋਂ) ਪਾਰ = ਉਤਾਰਾ। ਬਾਬਾ = ਹੇ ਭਾਈ! ਨਾਨਕੁ ਆਖੈ = ਨਾਨਕ ਦੱਸਦਾ ਹੈ।੨।
ਅਰਥ: ਹੇ ਭਾਈ! ਗੋਬਿੰਦ (ਦਾ ਨਾਮ) ਜਪਿਆ ਕਰ, ਸੋਹਣੇ ਗੋਪਾਲ ਦਾ ਨਾਮ ਜਪਿਆ ਕਰ। ਹੇ ਭਾਈ! ਪਰਮਾਤਮਾ ਦਾ ਨਾਮ ਸਿਮਰਿਆ ਕਰ, (ਜਿਉਂ ਜਿਉਂ ਨਾਮ ਸਿਮਰੇਂਗਾ) ਤੈਨੂੰ ਉੱਚਾ ਆਤਮਕ ਜੀਵਨ ਮਿਲਿਆ ਰਹੇਗਾ। ਭਿਆਨਕ ਆਤਮਕ ਮੌਤ (ਤੇਰੇ ਆਤਮਕ ਜੀਵਨ ਨੂੰ) ਫਿਰ ਕਦੇ ਮੁਕਾ ਨਹੀਂ ਸਕੇਗੀ।੧।ਰਹਾਉ।
ਹੇ ਭਾਈ! ਅਨੇਕਾਂ ਕਿਸਮਾਂ ਦੇ) ਕ੍ਰੋੜਾਂ ਜਨਮਾਂ ਵਿਚ ਭਟਕ ਕੇ (ਹੁਣ ਤੂੰ ਮਨੁੱਖਾ ਜਨਮ ਵਿਚ) ਆਇਆ ਹੈਂ, (ਤੇ, ਇਥੇ) ਵੱਡੀ ਕਿਸਮਤ ਨਾਲ (ਤੈਨੂੰ) ਗੁਰੂ ਦਾ ਸਾਥ ਮਿਲ ਗਿਆ ਹੈ।੧।
ਹੇ ਭਾਈ! ਨਾਨਕ (ਤੈਨੂੰ) ਇਹ ਵਿਚਾਰ ਦੀ ਗੱਲ ਦੱਸਦਾ ਹੈ-ਪੂਰੇ ਗੁਰੂ ਦੀ ਸਰਨ ਪੈਣ ਤੋਂ ਬਿਨਾ (ਅਨੇਕਾਂ ਜੂਨਾਂ ਤੋਂ) ਪਾਰ-ਉਤਾਰਾ ਨਹੀਂ ਹੋ ਸਕਦਾ।੨।੧੧।