ਸ੍ਰੀਮਤੀ ਬਲਵਿੰਦਰ ਕੌਰ ਬਣੇ ਪਿੰਡ ਠੱਟਾ ਨਵਾਂ ਦੇ ਸਰਪੰਚ…

193

ਅੱਜ ਪਿੰਡ ਠੱਟਾ ਨਵਾਂ ਵਿੱਚ ਸਰਪੰਚ ਦੀ ਚੋਣ ਲਈ ਚੋਣਾਂ ਪੂਰੀ ਅਮਨੋ-ਅਮਾਨ ਨਾਲ ਸੰਪੰਨ ਹੋ ਗਈਆਂ। ਸਵੇਰੇ 8 ਵਜੇ ਸ਼ੁਰੂ ਹੋਈ ਪੋਲਿੰਗ ਵਿੱਚ ਪੂਰੇ ਨਗਰ ਦੇ ਵੋਟਰਾਂ ਨੇ ਬੜੇ ਉਤਸ਼ਾਹ ਨਾਲ ਹਿੱਸਾ ਲਿਆ। ਸਵੇਰੇ 8 ਵਜੇ ਹੀ ਵੋਟਰਾਂ ਦੀਆਂ ਲੰਬੀਆਂ ਕਤਾਰਾਂ ਲੱਗ ਗਈਆਂ ਸਨ। ਪੂਰੇ ਨਗਰ ਦੀਆਂ 1591 ਵੋਟਾਂ ਵਿੱਚੋਂ 1230 (77.3) ਫੀਸਦੀ ਵੋਟਾਂ ਪੋਲ ਹੋਈਆਂ। ਵੋਟਾਂ ਦੀ ਗਿਣਤੀ ਸ਼ਾਮ 5 ਵਜੇ ਸ਼ੁਰੂ ਹੋਈ ਤੇ 6:30 ਵਜੇ ਚੋਣ ਨਤੀਜੇ ਬਾਹਰ ਆ ਗਏ। ਸ੍ਰੀਮਤੀ ਬਲਵਿੰਦਰ ਕੌਰ ਨੇ ਸ੍ਰੀਮਤੀ ਮਨਦੀਪ ਕੌਰ ਨੂੰ 25 ਵੋਟਾਂ ਦੇ ਫਰਕ ਨਾਲ ਹਰਾ ਕੇ ਪਿੰਡ ਠੱਟਾ ਨਵਾਂ ਦੇ ਸਰਪੰਚ ਬਣੇ। ਜਦਕਿ 29 ਵੋਟਾਂ ਰਿਜੈਕਟ ਹੋ ਗਈਆਂ। ਵਾਰਡ ਨੰਬਰ-1 ਤੋਂ ਸ੍ਰੀ ਨਛੱਤਰ ਸਿੰਘ, ਵਾਰਡ ਨੰਬਰ-2 ਤੋਂ ਸ੍ਰੀਮਤੀ ਚਰਨਜੀਤ ਕੌਰ ਪਤਨੀ ਸ੍ਰੀ ਤਰਸੇਮ ਸਿੰਘ, ਵਾਰਡ ਨੰਬਰ-3 ਤੋਂ ਸ੍ਰੀਮਤੀ ਪਰਮਿੰਦਰ ਕੌਰ ਪਤਨੀ , ਵਾਰਡ ਨੰਬਰ-4 ਤੋਂ ਸ੍ਰੀਮਤੀ ਬਲਵਿੰਦਰ ਕੌਰ ਪਤਨੀ ਸ੍ਰੀ ਗੁਲਜ਼ਾਰ ਸਿੰਘ ਬਾਲੂ, ਵਾਰਡ ਨੰਬਰ-5 ਤੋਂ ਸ੍ਰੀਮਤੀ ਗੁਰਮੀਤ ਕੌਰ ਪਤਨੀ ਸ੍ਰੀ ਗੁਰਦੀਪ ਸਿੰਘ ਬਾਬੇ ਕਿਆ ਕੇ, ਵਾਰਡ ਨੰਬਰ-6 ਤੋਂ ਸ੍ਰੀ ਸੁਖਵਿੰਦਰ ਸਿੰਘ ਮੋਮੀ, ਵਾਰਡ ਨੰਬਰ-7 ਤੋਂ ਸ੍ਰੀ ਸੁਖਦੇਵ ਸਿੰਘ ਦੇਬਾ, ਵਾਰਡ ਨੰਬਰ-8 ਤੋਂ ਸ੍ਰੀ ਬਲਜਿੰਦਰ ਸਿੰਘ ਕਰੀਰ ਅਤੇ ਵਾਰਡ ਨੰਬਰ-9 ਤੋਂ ਸ੍ਰੀ ਸਵਰਨ ਸਿੰਘ ਮਾੜ੍ਹਾ ਨੂੰ ਸਰਬ-ਸੰਮਤੀ ਨਾਲ ਮੈਂਬਰ ਪੰਚਾਇਤ ਚੁਣਿਆ ਗਿਆ। ਪਿੰਡ ਠੱਟਾ ਨਵਾਂ ਦੇ ਇਤਿਹਾਸ ਵਿਚੱ ਇਹ ਪਹਿਲੀ ਵਾਰ ਹੋਇਆ ਹੈ ਕਿ ਪੰਚਾਇਤ ਵਿੱਚ 5 ਔਰਤਾਂ ਨੂੰ ਸਥਾਨ ਮਿਲਿਆ ਹੈ, ਜੋ ਕਿ ਬਹੁਤ ਹੀ ਸ਼ਲਾਘਾਯੋਗ ਯਤਨ ਹੈ। ਨਤੀਜੇ ਘੋਸ਼ਿਤ ਹੁੰਦੇ ਸਾਰ ਹੀ ਜੇਤੂ ਉਮੀਦਵਾਰਾਂ ਦੇ ਸਮਰਥਕਾਂ ਨੇ ਜਸ਼ਨ ਮਨਾਉਣੇ ਸ਼ੁਰੂ ਕਰ ਦਿੱਤੇ। ਹਰ ਪਾਸਿਓਂ ਵਧਾਈ ਦੇਣ ਵਾਲੇ ਲੋਕਾਂ ਦਾ ਤਾਂਤਾ ਲੱਗ ਗਿਆ। ਜੇਤੂ ਉਮੀਦਵਾਰਾਂ ਦੇ ਨਾਲ-ਨਾਲ ਹਾਰਨ ਵਾਲੇ ਉਮੀਦਵਾਰਾਂ ਨੇ ਵੀ ਆਪਣੇ-ਆਪਣੇ ਸਮਰਥਕਾਂ ਦਾ ਧੰਨਵਾਦ ਕੀਤਾ ਅਤੇ ਰਲ ਕੇ ਜਸ਼ਨ ਮਨਾਏ। ਚੁਣੇ ਗਏ ਪੰਚਾਂ ਨੇ ਪਿੰਡ ਦੇ ਵਿਕਾਸ ਵਿੱਚ ਵੱਧ ਤੋਂ ਵੱਧ ਯੋਗਦਾਨ ਪਾਉਣ ਦਾ ਪ੍ਰਣ ਕੀਤਾ। ਸਮੂਹ ਵੋਟਰਾਂ ਅਤੇ ਪਿੰਡ ਵਾਸੀਆਂ ਵੱਲੋਂ ਉਮੀਦ ਕੀਤੀ ਜਾਂਦੀ ਹੈ ਕਿ ਇਸ ਵਾਰ ਪਿੰਡ ਦੀ ਨੁਹਾਰ ਬਦਲਣ ਵਿੱਚ ਕੋਈ ਕਸਰ ਬਾਕੀ ਨਹੀਂ ਰਹੇਗੀ।

ਨਵੀਂ ਚੁਣੀ ਗਈ ਪੰਚਾਇਤ ਦੀਆਂ ਤਸਵੀਰਾਂ ਦੇਖਣ ਲਈ ਕਲਿੱਕ ਕਰੋ: https://wp.me/P3Q4l3-bSL