ਐਤਵਾਰ 24 ਜੂਨ 2018 (10 ਹਾੜ ਸੰਮਤ 550 ਨਾਨਕਸ਼ਾਹੀ)
ਬਿਹਾਗੜਾ ਮਹਲਾ ੪ ॥ ਹਉ ਬਲਿਹਾਰੀ ਤਿਨ੍ਹ੍ਹ ਕਉ ਮੇਰੀ ਜਿੰਦੁੜੀਏ ਜਿਨ੍ਹ੍ਹ ਹਰਿ ਹਰਿ ਨਾਮੁ ਅਧਾਰੋ ਰਾਮ ॥ ਗੁਰਿ ਸਤਿਗੁਰਿ ਨਾਮੁ ਦ੍ਰਿੜਾਇਆ ਮੇਰੀ ਜਿੰਦੁੜੀਏ ਬਿਖੁ ਭਉਜਲੁ ਤਾਰਣਹਾਰੋ ਰਾਮ ॥ ਜਿਨ ਇਕ ਮਨਿ ਹਰਿ ਧਿਆਇਆ ਮੇਰੀ ਜਿੰਦੁੜੀਏ ਤਿਨ ਸੰਤ ਜਨਾ ਜੈਕਾਰੋ ਰਾਮ ॥ ਨਾਨਕ ਹਰਿ ਜਪਿ ਸੁਖੁ ਪਾਇਆ ਮੇਰੀ ਜਿੰਦੁੜੀਏ ਸਭਿ ਦੂਖ ਨਿਵਾਰਣਹਾਰੋ ਰਾਮ ॥੧॥ {ਅੰਗ 539}
ਪਦਅਰਥ: ਹਉ = ਮੈਂ, ਹਉਂ। ਬਲਿਹਾਰੀ = ਕੁਰਬਾਨ। ਅਧਾਰੋ = ਆਸਰਾ। ਗੁਰਿ = ਗੁਰੂ ਨੇ। ਦ੍ਰਿੜਾਇਆ = ਹਿਰਦੇ ਵਿਚ ਪੱਕਾ ਕੀਤਾ। ਬਿਖੁ = ਜ਼ਹਿਰ। ਭਉ ਜਲੁ = ਸੰਸਾਰ = ਸਮੁੰਦਰ। ਤਾਰਣਹਾਰੋ = ਤਾਰਨ ਦੀ ਸਮਰਥਾ ਵਾਲਾ। ਇਕ ਮਨਿ = ਇਕਾਗ੍ਰਤਾ ਨਾਲ, ਇਕ ਮਨ ਨਾਲ। ਜੈਕਾਰੋ = ਸੋਭਾ। ਜਪਿ = ਜਪ ਕੇ। ਸਭਿ = ਸਾਰੇ।੧।
ਅਰਥ: ਹੇ ਮੇਰੀ ਸੋਹਣੀ ਜਿੰਦੇ! ਆਖ-) ਮੈਂ ਉਹਨਾਂ ਤੋਂ ਕੁਰਬਾਨ ਹਾਂ ਜਿਨ੍ਹਾਂ ਨੇ ਪਰਾਮਤਮਾ ਦੇ ਨਾਮ ਨੂੰ (ਆਪਣੀ ਜ਼ਿੰਦਗੀ ਦਾ) ਆਸਰਾ ਬਣਾ ਲਿਆ ਹੈ। ਹੇ ਮੇਰੀ ਸੋਹਣੀ ਜਿੰਦੇ! ਗੁਰੂ ਨੇ ਸਤਿਗੁਰੂ ਨੇ ਉਹਨਾਂ ਦੇ ਹਿਰਦੇ ਵਿਚ ਪਰਮਾਤਮਾ ਦਾ ਨਾਮ ਪੱਕੀ ਤਰ੍ਹਾਂ ਟਿਕਾ ਦਿੱਤਾ ਹੈ। ਗੁਰੂ (ਮਾਇਆ ਦੇ ਮੋਹ ਦੇ) ਜ਼ਹਿਰ (-ਭਰੇ) ਸੰਸਾਰ-ਸਮੁੰਦਰ ਤੋਂ ਪਾਰ ਲੰਘਾਣ ਦੀ ਸਮਰੱਥਾ ਰੱਖਦਾ ਹੈ। ਹੇ ਮੇਰੀ ਸੋਹਣੀ ਜਿੰਦੇ! ਜਿਨ੍ਹਾਂ ਸੰਤ ਜਨਾਂ ਨੇ ਇਕ-ਮਨ ਹੋ ਕੇ ਪਰਮਾਤਮਾ ਦਾ ਨਾਮ ਸਿਮਰਿਆ ਹੈ, ਉਹਨਾਂ ਦੀ (ਹਰ ਥਾਂ) ਸੋਭਾ-ਵਡਿਆਈ ਹੁੰਦੀ ਹੈ। ਹੇ ਨਾਨਕ! ਆਖ-) ਹੇ ਮੇਰੀ ਸੋਹਣੀ ਜਿੰਦੇ! ਪਰਮਾਤਮਾ ਦਾ ਨਾਮ ਜਪ ਕੇ ਸੁਖ ਮਿਲ ਜਾਂਦਾ ਹੈ, ਹਰਿ-ਨਾਮ ਸਾਰੇ ਦੁੱਖ ਦੂਰ ਕਰਨ ਦੀ ਸਮਰੱਥਾ ਵਾਲਾ ਹੈ।੧।