ਬੁੱਧਵਾਰ 20 ਜੂਨ 2018 (6 ਹਾੜ ਸੰਮਤ 550 ਨਾਨਕਸ਼ਾਹੀ)
ਸੂਹੀ ਮਹਲਾ ੪ ॥ ਹਰਿ ਪਹਿਲੜੀ ਲਾਵ ਪਰਵਿਰਤੀ ਕਰਮ ਦ੍ਰਿੜਾਇਆ ਬਲਿ ਰਾਮ ਜੀਉ ॥ ਬਾਣੀ ਬ੍ਰਹਮਾ ਵੇਦੁ ਧਰਮੁ ਦ੍ਰਿੜਹੁ ਪਾਪ ਤਜਾਇਆ ਬਲਿ ਰਾਮ ਜੀਉ ॥ ਧਰਮੁ ਦ੍ਰਿੜਹੁ ਹਰਿ ਨਾਮੁ ਧਿਆਵਹੁ ਸਿਮ੍ਰਿਤਿ ਨਾਮੁ ਦ੍ਰਿੜਾਇਆ ॥ ਸਤਿਗੁਰੁ ਗੁਰੁ ਪੂਰਾ ਆਰਾਧਹੁ ਸਭਿ ਕਿਲਵਿਖ ਪਾਪ ਗਵਾਇਆ ॥ ਸਹਜ ਅਨੰਦੁ ਹੋਆ ਵਡਭਾਗੀ ਮਨਿ ਹਰਿ ਹਰਿ ਮੀਠਾ ਲਾਇਆ ॥ ਜਨੁ ਕਹੈ ਨਾਨਕੁ ਲਾਵ ਪਹਿਲੀ ਆਰੰਭੁ ਕਾਜੁ ਰਚਾਇਆ ॥੧॥ {ਅੰਗ 773}
ਪਦਅਰਥ: ਹਰਿ ਪਹਿਲੜੀ ਲਾਵ = ਪ੍ਰਭੂ = ਪਤੀ ਨਾਲ (ਜੀਵ = ਇਸਤ੍ਰੀ ਦੇ ਵਿਆਹ ਦੀ) ਇਹ ਪਹਿਲੀ ਸੋਹਣੀ ਲਾਵ ਹੈ। ਪਰਵਿਰਤੀ ਕਰਮ = ਪਰਮਾਤਮਾ ਦਾ ਨਾਮ ਜਪਣ ਦੇ ਆਹਰ ਵਿਚ ਰੁੱਝਣ ਦਾ ਕੰਮ। ਦ੍ਰਿੜਾਇਆ = (ਗੁਰੂ ਨੇ) ਨਿਸ਼ਚੇ ਕਰਾਇਆ ਹੈ। ਬਾਣੀ = ਗੁਰੂ ਦੀ ਬਾਣੀ। ਦ੍ਰਿੜਹੁ = ਹਿਰਦੇ ਵਿਚ ਪੱਕਾ ਕਰੋ। ਤਜਾਇਆ = ਤਜੇ ਜਾਂਦੇ ਹਨ। ਸਿਮ੍ਰਿਤਿ ਨਾਮੁ ਦ੍ਰਿੜਾਇਆ = ਗੁਰੂ ਨੇ ਜੋ ਹਰਿ = ਨਾਮ = ਸਿਮਰਨ ਦੀ ਤਾਕੀਦ ਕੀਤੀ ਹੈ– ਇਹੀ ਸਿੱਖ ਵਾਸਤੇ ਸਿਮ੍ਰਿਤਿ (ਦਾ ਉਪਦੇਸ਼) ਹੈ। ਸਭਿ = ਸਾਰੇ। ਕਿਲਵਿਖ = ਪਾਪ। ਸਹਜ ਅਨੰਦੁ = ਆਤਮਕ ਅਡੋਲਤਾ ਦਾ ਸੁਖ। ਮਨਿ = ਮਨ ਵਿਚ। ਆਰੰਭੁ = ਮੁੱਢ। ਕਾਜੁ = ਵਿਆਹ।੧।
ਅਰਥ: ਹੇ ਰਾਮ ਜੀ! ਮੈਂ ਤੈਥੋਂ ਸਦਕੇ ਹਾਂ। (ਤੇਰੀ ਮਿਹਰ ਨਾਲ ਗੁਰੂ ਨੇ ਸਿੱਖ ਨੂੰ) ਹਰਿ-ਨਾਮ ਜਪਣ ਦੇ ਆਹਰ ਵਿਚ ਰੁੱਝਣ ਦਾ ਕੰਮ ਨਿਸ਼ਚੇ ਕਰਾਇਆ ਹੈ (ਤਾਕੀਦ ਕੀਤੀ ਹੈ। ਇਹੀ ਹੈ ਪ੍ਰਭੂ-ਪਤੀ ਨਾਲ (ਜੀਵ-ਇਸਤ੍ਰੀ ਦੇ ਵਿਆਹ ਦੀ) ਪਹਿਲੀ ਸੋਹਣੀ ਲਾਂਵ। ਹੇ ਭਾਈ! ਗੁਰੂ ਦੀ ਬਾਣੀ ਹੀ (ਸਿੱਖ ਵਾਸਤੇ) ਬ੍ਰਹਮਾ ਦਾ ਵੇਦ ਹੈ। ਇਸ ਬਾਣੀ ਦੀ ਬਰਕਤਿ ਨਾਲ ਪਰਮਾਤਮਾ ਦਾ ਨਾਮ ਸਿਮਰਨ ਦਾ) ਧਰਮ (ਆਪਣੇ ਹਿਰਦੇ ਵਿਚ) ਪੱਕਾ ਕਰੋ (ਨਾਮ ਸਿਮਰਿਆਂ ਸਾਰੇ) ਪਾਪ ਦੂਰ ਹੋ ਜਾਂਦੇ ਹਨ। ਹੇ ਭਾਈ! ਪਰਮਾਤਮਾ ਦਾ ਨਾਮ ਸਿਮਰਦੇ ਰਹੋ, (ਮਨੁੱਖਾ ਜੀਵਨ ਦਾ ਇਹ) ਧਰਮ (ਆਪਣੇ ਅੰਦਰ) ਪੱਕਾ ਕਰ ਲਵੋ। ਗੁਰੂ ਨੇ ਜੋ ਨਾਮ ਸਿਮਰਨ ਦੀ ਤਾਕੀਦ ਕੀਤੀ ਹੈ, ਇਹੀ ਸਿੱਖ ਵਾਸਤੇ ਸਿਮ੍ਰਿਤਿ (ਦਾ ਉਪਦੇਸ਼) ਹੈ। ਹੇ ਭਾਈ! ਪੂਰੇ ਗੁਰੂ (ਦੇ ਇਸ ਉਪਦੇਸ਼ ਨੂੰ) ਹਰ ਵੇਲੇ ਚੇਤੇ ਰੱਖੋ, ਸਾਰੇ ਪਾਪ ਵਿਕਾਰ (ਇਸ ਦੀ ਬਰਕਤਿ ਨਾਲ) ਦੂਰ ਹੋ ਜਾਂਦੇ ਹਨ।
ਹੇ ਭਾਈ! ਜਿਸ ਮਨੁੱਖ ਦੇ ਮਨ ਵਿਚ ਪਰਮਾਤਮਾ ਦਾ ਨਾਮ ਪਿਆਰਾ ਲੱਗਣ ਲੱਗ ਪੈਂਦਾ ਹੈ, ਉਸ ਵੱਡੇ ਭਾਗਾਂ ਵਾਲੇ ਨੂੰ ਆਤਮਕ ਅਡੋਲਤਾ ਦਾ ਸੁਖ ਮਿਲਿਆ ਰਹਿੰਦਾ ਹੈ। ਦਾਸ ਨਾਨਕ ਆਖਦਾ ਹੈ-ਪਰਮਾਤਮਾ ਦਾ ਨਾਮ ਜਪਣਾ ਹੀ ਪ੍ਰਭੂ-ਪਤੀ ਨਾਲ ਜੀਵ-ਇਸਤ੍ਰੀ ਦੇ ਵਿਆਹ ਦੀ ਪਹਿਲੀ ਲਾਂਵ ਹੈ। ਹਰਿ-ਨਾਮ ਸਿਮਰਨ ਤੋਂ ਹੀ (ਪ੍ਰਭੂ-ਪਤੀ ਨਾਲ ਜੀਵ-ਇਸਤ੍ਰੀ ਦੇ) ਵਿਆਹ (ਦਾ) ਮੁੱਢ ਬੱਝਦਾ ਹੈ।੧।