Today’s Hukamnama from State Gurdwara Sahib Kapurthala

57

ਬੁੱਧਵਾਰ 20 ਜੂਨ 2018 (6 ਹਾੜ ਸੰਮਤ 550 ਨਾਨਕਸ਼ਾਹੀ)

ਸੋਰਠਿ ਮਹਲਾ ੩ ॥ ਭਗਤਿ ਖਜਾਨਾ ਭਗਤਨ ਕਉ ਦੀਆ ਨਾਉ ਹਰਿ ਧਨੁ ਸਚੁ ਸੋਇ ॥ ਅਖੁਟੁ ਨਾਮ ਧਨੁ ਕਦੇ ਨਿਖੁਟੈ ਨਾਹੀ ਕਿਨੈ ਨ ਕੀਮਤਿ ਹੋਇ ॥ ਨਾਮ ਧਨਿ ਮੁਖ ਉਜਲੇ ਹੋਏ ਹਰਿ ਪਾਇਆ ਸਚੁ ਸੋਇ ॥੧॥ ਮਨ ਮੇਰੇ ਗੁਰ ਸਬਦੀ ਹਰਿ ਪਾਇਆ ਜਾਇ ॥ ਬਿਨੁ ਸਬਦੈ ਜਗੁ ਭੁਲਦਾ ਫਿਰਦਾ ਦਰਗਹ ਮਿਲੈ ਸਜਾਇ ॥ ਰਹਾਉ ॥ ਇਸੁ ਦੇਹੀ ਅੰਦਰਿ ਪੰਚ ਚੋਰ ਵਸਹਿ ਕਾਮੁ ਕ੍ਰੋਧੁ ਲੋਭੁ ਮੋਹੁ ਅਹੰਕਾਰਾ ॥ ਅੰਮ੍ਰਿਤੁ ਲੂਟਹਿ ਮਨਮੁਖ ਨਹੀ ਬੂਝਹਿ ਕੋਇ ਨ ਸੁਣੈ ਪੂਕਾਰਾ ॥ ਅੰਧਾ ਜਗਤੁ ਅੰਧੁ ਵਰਤਾਰਾ ਬਾਝੁ ਗੁਰੂ ਗੁਬਾਰਾ ॥੨॥ ਹਉਮੈ ਮੇਰਾ ਕਰਿ ਕਰਿ ਵਿਗੁਤੇ ਕਿਹੁ ਚਲੈ ਨ ਚਲਦਿਆ ਨਾਲਿ ॥ ਗੁਰਮੁਖਿ ਹੋਵੈ ਸੁ ਨਾਮੁ ਧਿਆਵੈ ਸਦਾ ਹਰਿ ਨਾਮੁ ਸਮਾਲਿ ॥ ਸਚੀ ਬਾਣੀ ਹਰਿ ਗੁਣ ਗਾਵੈ ਨਦਰੀ ਨਦਰਿ ਨਿਹਾਲਿ ॥੩॥ ਸਤਿਗੁਰ ਗਿਆਨੁ ਸਦਾ ਘਟਿ ਚਾਨਣੁ ਅਮਰੁ ਸਿਰਿ ਬਾਦਿਸਾਹਾ ॥ ਅਨਦਿਨੁ ਭਗਤਿ ਕਰਹਿ ਦਿਨੁ ਰਾਤੀ ਰਾਮ ਨਾਮੁ ਸਚੁ ਲਾਹਾ ॥ ਨਾਨਕ ਰਾਮ ਨਾਮਿ ਨਿਸਤਾਰਾ ਸਬਦਿ ਰਤੇ ਹਰਿ ਪਾਹਾ ॥੪॥੨॥ {ਅੰਗ 600}

ਪਦਅਰਥ: ਕਉ = ਨੂੰ। ਸਚੁ = ਸਦਾ ਕਾਇਮ ਰਹਿਣ ਵਾਲਾ। ਅਖੁਟੁ = ਨਾਹ ਮੁੱਕਣ ਵਾਲਾ। ਕਿਨੈ = ਕਿਸੇ ਪਾਸੋਂ ਭੀ। ਧਨਿ = ਧਨ ਨਾਲ।੧।

ਸਬਦੀ = ਸ਼ਬਦ ਦੀ ਰਾਹੀਂ। ਸਜਾਇ = ਦੰਡ।ਰਹਾਉ।

ਦੇਹੀ = ਸਰੀਰ। ਵਸਹਿ = ਵੱਸਦੇ ਹਨ। ਅੰਮ੍ਰਿਤੁ = ਆਤਮਕ ਜੀਵਨ ਦੇਣ ਵਾਲਾ ਨਾਮ ਧਨ। ਮਨਮੁਖ = ਆਪਣੇ ਮਨ ਦੇ ਪਿੱਛੇ ਤੁਰਨ ਵਾਲੇ। ਅੰਧਾ = (ਮਾਇਆ ਦੇ ਮੋਹ ਵਿਚ) ਅੰਨ੍ਹਾ। ਗੁਬਾਰਾ = ਹਨੇਰਾ।੨।

ਵਿਗੁਤੇ = ਖ਼ੁਆਰ ਹੁੰਦੇ ਹਨ। ਕਿਹੁ = ਕੁਝ ਭੀ। ਸਮਾਲਿ = ਸਾਂਭ ਕੇ। ਗੁਰਮੁਖਿ = ਗੁਰੂ ਦੇ ਸਨਮੁਖ। ਨਿਹਾਲਿ = ਪ੍ਰਸੰਨ, ਸੁਖੀ।੪।

ਗਿਆਨੁ = ਆਤਮਕ ਜੀਵਨ ਦੀ ਸੂਝ। ਘਟਿ = ਹਿਰਦੇ ਵਿਚ। ਅਮਰੁ = ਹੁਕਮ। ਸਿਰਿ = ਸਿਰ ਉਤੇ। ਅਨਦਿਨੁ = ਹਰ ਰੋਜ਼। ਸਚੁ = ਸਦਾ ਕਾਇਮ ਰਹਿਣ ਵਾਲਾ। ਲਾਹਾ = ਲਾਭ। ਨਾਮਿ = ਨਾਮ ਦੀ ਰਾਹੀਂ। ਪਾਹਾ = ਪਾਸ, ਨੇੜੇ।੪।

ਅਰਥ: ਹੇ ਮੇਰੇ ਮਨ! ਗੁਰੂ ਦੇ ਸ਼ਬਦ ਦੀ ਰਾਹੀਂ ਹੀ ਪਰਮਾਤਮਾ ਮਿਲ ਸਕਦਾ ਹੈ। ਸ਼ਬਦ ਤੋਂ ਬਿਨਾ ਜਗਤ ਕੁਰਾਹੇ ਪਿਆ ਹੋਇਆ ਭਟਕਦਾ ਫਿਰਦਾ ਹੈ, (ਅਗਾਂਹ ਪਰਲੋਕ ਵਿਚ) ਪ੍ਰਭੂ ਦੀ ਦਰਗਾਹ ਵਿਚ ਦੰਡ ਸਹਿੰਦਾ ਹੈ।ਰਹਾਉ।

(ਹੇ ਭਾਈ! ਗੁਰੂ) ਭਗਤ ਜਨਾਂ ਨੂੰ ਪਰਮਾਤਮਾ ਦੀ ਭਗਤੀ ਦਾ ਖ਼ਜ਼ਾਨਾ ਦੇਂਦਾ ਹੈ, ਪਰਮਾਤਮਾ ਦਾ ਨਾਮ ਐਸਾ ਧਨ ਹੈ ਜੋ ਸਦਾ ਕਾਇਮ ਰਹਿੰਦਾ ਹੈ। ਹਰਿ-ਨਾਮ-ਧਨ ਕਦੇ ਮੁੱਕਣ ਵਾਲਾ ਨਹੀਂ, ਇਹ ਧਨ ਕਦੇ ਨਹੀਂ ਮੁੱਕਦਾ, ਕਿਸੇ ਪਾਸੋਂ ਇਸ ਦਾ ਮੁੱਲ ਭੀ ਨਹੀਂ ਪਾਇਆ ਜਾ ਸਕਦਾ (ਭਾਵ, ਕੋਈ ਮਨੁੱਖ ਇਸ ਧਨ ਨੂੰ ਦੁਨਿਆਵੀ ਪਦਾਰਥਾਂ ਨਾਲ ਖ਼ਰੀਦ ਭੀ ਨਹੀਂ ਸਕਦਾ। ਜਿਨ੍ਹਾਂ ਨੇ ਇਹ ਸਦਾ-ਥਿਰ ਹਰਿ-ਧਨ ਪ੍ਰਾਪਤ ਕਰ ਲਿਆਉਹਨਾਂ ਨੂੰ ਇਸ ਨਾਮ-ਧਨ ਦੀ ਬਰਕਤਿ ਨਾਲ (ਲੋਕ ਪਰਲੋਕ ਵਿਚ) ਇੱਜ਼ਤ ਮਿਲਦੀ ਹੈ।੧।

ਹੇ ਭਾਈ! ਇਸ ਸਰੀਰ ਵਿਚ ਕਾਮ ਕ੍ਰੋਧ ਲੋਭ ਮੋਹ ਅਹੰਕਾਰ ਪੰਜ ਚੋਰ ਵੱਸਦੇ ਹਨ, (ਇਹ ਮਨੁੱਖ ਦੇ ਅੰਦਰ) ਆਤਮਕ ਜੀਵਨ ਦੇਣ ਵਾਲਾ ਨਾਮ-ਧਨ ਲੁੱਟਦੇ ਰਹਿੰਦੇ ਹਨ, ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ ਇਹ ਸਮਝਦੇ ਨਹੀਂ। (ਜਦੋਂ ਸਭ ਕੁਝ ਲੁਟਾ ਕੇ ਉਹ ਦੁੱਖੀ ਹੁੰਦੇ ਹਨ, ਤਾਂ) ਕੋਈ ਉਹਨਾਂ ਦੀ ਪੁਕਾਰ ਨਹੀਂ ਸੁਣਦਾ (ਕੋਈ ਉਹਨਾਂ ਦੀ ਸਹਾਇਤਾ ਨਹੀਂ ਕਰ ਸਕਦਾ। ਮਾਇਆ ਦੇ ਮੋਹ ਵਿਚ ਅੰਨ੍ਹਾ ਹੋਇਆ ਜਗਤ ਅੰਨਿ੍ਹਆਂ ਵਾਲੀ ਕਰਤੂਤ ਕਰਦਾ ਰਹਿੰਦਾ ਹੈ, ਗੁਰੂ ਤੋਂ ਖੁੰਝ ਕੇ (ਇਸ ਦੇ ਆਤਮਕ ਜੀਵਨ ਦੇ ਰਸਤੇ ਵਿਚ) ਹਨੇਰਾ ਹੋਇਆ ਰਹਿੰਦਾ ਹੈ।੨।

ਮੈਂ ਵੱਡਾ ਹਾਂ‘, ‘ਇਹ ਧਨ ਪਦਾਰਥ ਮੇਰਾ ਹੈ‘-ਇਹ ਆਖ ਆਖ ਕੇ (ਮਾਇਆ-ਵੇੜ੍ਹੇ ਮਨੁੱਖ) ਖ਼ੁਆਰ ਹੁੰਦੇ ਰਹਿੰਦੇ ਹਨ, ਪਰ ਜਗਤ ਤੋਂ ਤੁਰਨ ਵੇਲੇ ਕੋਈ ਚੀਜ਼ ਭੀ ਕਿਸੇ ਦੇ ਨਾਲ ਨਹੀਂ ਤੁਰਦੀ। ਜੇਹੜਾ ਮਨੁੱਖ ਗੁਰੂ ਦੇ ਸਨਮੁਖ ਰਹਿੰਦਾ ਹੈ, ਉਹ ਸਦਾ ਪਰਮਾਤਮਾ ਦੇ ਨਾਮ ਨੂੰ ਹਿਰਦੇ ਵਿਚ ਵਸਾ ਕੇ ਨਾਮ ਸਿਮਰਦਾ ਰਹਿੰਦਾ ਹੈ, ਉਹ ਸਦਾ-ਥਿਰ ਰਹਿਣ ਵਾਲੀ ਸਿਫ਼ਤਿ-ਸਾਲਾਹ ਦੀ ਬਾਣੀ ਦੀ ਰਾਹੀਂ ਪਰਮਾਤਮਾ ਦੇ ਗੁਣ ਗਾਂਦਾ ਰਹਿੰਦਾ ਹੈ। ਪਰਮਾਤਮਾ ਦੀ ਮੇਹਰ ਦੀ ਨਜ਼ਰ ਨਾਲ ਉਹ ਸਦਾ ਸੁਖੀ ਰਹਿੰਦਾ ਹੈ।੩।

ਜਿਨ੍ਹਾਂ ਦੇ ਹਿਰਦੇ ਵਿਚ ਗੁਰੂ ਦਾ ਬਖ਼ਸ਼ਿਆ ਗਿਆਨ ਸਦਾ ਚਾਨਣ ਕਰੀ ਰੱਖਦਾ ਹੈ ਉਹਨਾਂ ਦਾ ਹੁਕਮ (ਦੁਨੀਆ ਦੇ) ਬਾਦਸ਼ਾਹਾਂ ਦੇ ਸਿਰ ਉਤੇ (ਭੀ) ਚੱਲਦਾ ਹੈ, ਉਹ ਹਰ ਵੇਲੇ ਦਿਨ ਰਾਤ ਪਰਮਾਤਮਾ ਦੀ ਭਗਤੀ ਕਰਦੇ ਰਹਿੰਦੇ ਹਨ, ਉਹ ਹਰਿ-ਨਾਮ ਦਾ ਲਾਭ ਖੱਟਦੇ ਹਨ ਜੋ ਸਦਾ ਕਾਇਮ ਰਹਿੰਦਾ ਹੈ। ਹੇ ਨਾਨਕ! ਪਰਮਾਤਮਾ ਦੇ ਨਾਮ ਦੀ ਰਾਹੀਂ ਸੰਸਾਰ ਤੋਂ ਪਾਰ-ਉਤਾਰਾ ਹੋ ਜਾਂਦਾ ਹੈ, ਜੇਹੜੇ ਮਨੁੱਖ ਗੁਰੂ ਦੇ ਸ਼ਬਦ ਦੀ ਰਾਹੀਂ ਹਰਿ-ਨਾਮ ਦੇ ਰੰਗ ਵਿਚ ਰੰਗੇ ਰਹਿੰਦੇ ਹਨ, ਪਰਮਾਤਮਾ ਉਹਨਾਂ ਦੇ ਨੇੜੇ ਵੱਸਦਾ ਹੈ।੪।੨।