Today’s Hukamnama from Gurdwara Damdama Sahib Thatta

45

ਸ਼ੁੱਕਰਵਾਰ 8 ਜੂਨ 2018 (25 ਜੇਠ ਸੰਮਤ 550 ਨਾਨਕਸ਼ਾਹੀ)

ਸੋਰਠਿ ਮਹਲਾ ੫ ॥ ਹਮ ਸੰਤਨ ਕੀ ਰੇਨੁ ਪਿਆਰੇ ਹਮ ਸੰਤਨ ਕੀ ਸਰਣਾ ॥ ਸੰਤ ਹਮਾਰੀ ਓਟ ਸਤਾਣੀ ਸੰਤ ਹਮਾਰਾ ਗਹਣਾ ॥੧॥ ਹਮ ਸੰਤਨ ਸਿਉ ਬਣਿ ਆਈ ॥ ਪੂਰਬਿ ਲਿਖਿਆ ਪਾਈ ॥ ਇਹੁ ਮਨੁ ਤੇਰਾ ਭਾਈ ॥ ਰਹਾਉ ॥ ਸੰਤਨ ਸਿਉ ਮੇਰੀ ਲੇਵਾ ਦੇਵੀ ਸੰਤਨ ਸਿਉ ਬਿਉਹਾਰਾ ॥ ਸੰਤਨ ਸਿਉ ਹਮ ਲਾਹਾ ਖਾਟਿਆ ਹਰਿ ਭਗਤਿ ਭਰੇ ਭੰਡਾਰਾ ॥੨॥ ਸੰਤਨ ਮੋ ਕਉ ਪੂੰਜੀ ਸਉਪੀ ਤਉ ਉਤਰਿਆ ਮਨ ਕਾ ਧੋਖਾ ॥ ਧਰਮ ਰਾਇ ਅਬ ਕਹਾ ਕਰੈਗੋ ਜਉ ਫਾਟਿਓ ਸਗਲੋ ਲੇਖਾ ॥੩॥ ਮਹਾ ਅਨੰਦ ਭਏ ਸੁਖੁ ਪਾਇਆ ਸੰਤਨ ਕੈ ਪਰਸਾਦੇ ॥ ਕਹੁ ਨਾਨਕ ਹਰਿ ਸਿਉ ਮਨੁ ਮਾਨਿਆ ਰੰਗਿ ਰਤੇ ਬਿਸਮਾਦੇ ॥੪॥੮॥੧੯॥ {ਅੰਗ 614}

ਪਦਅਰਥ: ਰੇਨੁ = ਚਰਨ = ਧੂੜ। ਪਿਆਰੇ = ਹੇ ਪਿਆਰੇ ਪ੍ਰਭੂ! ਓਟ = ਆਸਰਾ। ਸਤਾਣੀ = ਸ = ਤਾਣੀ, ਤਾਣ ਵਾਲੀ, ਤਕੜੀ।੧।

ਸਿਉ = ਨਾਲ। ਬਣਿ ਆਈ = ਪ੍ਰੀਤਿ ਬਣ ਗਈ ਹੈ। ਪੂਰਬਿ ਲਿਖਿਆ = ਪੂਰਬਲੇ ਭਾਗਾਂ ਅਨੁਸਾਰ ਲਿਖਿਆ ਲੇਖ। ਭਾਈ = ਪ੍ਰੇਮੀ।ਰਹਾਉ।

ਲੇਵਾ ਦੇਵੀ = ਲੈਣ = ਦੇਣ। ਬਿਉਹਾਰਾ = ਵਰਤਣ = ਵਿਹਾਰ। ਲਾਹਾ = ਲਾਭ। ਭੰਡਾਰਾ = ਖ਼ਜ਼ਾਨੇ।੨।

ਮੋ ਕਉ = ਮੈਨੂੰ। ਪੂੰਜੀ = ਹਰਿ = ਨਾਮ ਦਾ ਸਰਮਾਇਆ। ਸਉਪੀ = ਹਵਾਲੇ ਕੀਤੀ, ਦਿੱਤੀ। ਧੋਖਾ = ਫ਼ਿਕਰ। ਕਹਾ ਕਰੈਗੋ = ਕੁਝ ਨਹੀਂ ਕਰ ਸਕੇਗਾ। ਫਾਟਿਓ = ਪਾਟ ਗਿਆ ਹੈ। ਸਗਲੋ = ਸਾਰਾ।੩।

ਪਰਸਾਦੇ = ਪਰਸਾਦਿ, ਕਿਰਪਾ ਨਾਲ। ਮਾਨਿਆ = ਪਤੀਜ ਗਿਆ ਹੈ। ਰੰਗਿ = ਪ੍ਰੇਮ = ਰੰਗ ਵਿਚ। ਰਤੇ = ਰੰਗਿਆ ਗਿਆ। ਬਿਸਮਾਦੇ = ਅਸਚਰਜ ਪ੍ਰਭੂ ਦੇ।

ਅਰਥ: ਹੇ ਪ੍ਰਭੂ! ਤੇਰੇ ਸੰਤਾਂ ਨਾਲ ਮੇਰੀ ਪ੍ਰੀਤਿ ਬਣ ਗਈ ਹੈ। ਪਿਛਲੇ ਲਿਖੇ ਲੇਖ ਅਨੁਸਾਰ ਇਹ ਪ੍ਰਾਪਤੀ ਹੋਈ ਹੈ। ਹੁਣ ਮੇਰਾ ਇਹ ਮਨ ਤੇਰਾ ਪ੍ਰੇਮੀ ਬਣ ਗਿਆ ਹੈ।ਰਹਾਉ।

ਹੇ ਪਿਆਰੇ ਪ੍ਰਭੂ! ਮੇਹਰ ਕਰ) ਮੈਂ ਤੇਰੇ ਸੰਤ ਜਨਾਂ ਦੀ ਚਰਨ-ਧੂੜ ਬਣਿਆ ਰਹਾਂ, ਸੰਤ ਜਨਾਂ ਦੀ ਸਰਨ ਪਿਆ ਰਹਾਂ। ਸੰਤ ਹੀ ਮੇਰਾ ਤਕੜਾ ਸਹਾਰਾ ਹਨ, ਸੰਤ ਜਨ ਹੀ ਮੇਰੇ ਜੀਵਨ ਨੂੰ ਸੋਹਣਾ ਬਣਾਣ ਵਾਲੇ ਹਨ।੧।

(ਹੇ ਪ੍ਰਭੂ! ਤੇਰੀ ਮੇਹਰ ਨਾਲ) ਸੰਤ ਜਨਾਂ ਨਾਲ ਹੀ ਮੇਰਾ ਲੈਣ-ਦੇਣ ਤੇ ਵਰਤਣ-ਵਿਹਾਰ ਹੈ। ਸੰਤ ਜਨਾਂ ਨਾਲ ਰਹਿ ਕੇ ਮੈਂ ਇਹ ਲਾਭ ਖੱਟਿਆ ਹੈ ਕਿ ਮੇਰੇ ਅੰਦਰ ਭਗਤੀ ਦੇ ਖ਼ਜ਼ਾਨੇ ਭਰ ਗਏ ਹਨ।੨।

ਹੇ ਭਾਈ! ਜਦੋਂ ਤੋਂ ਸੰਤ ਜਨਾਂ ਨੇ ਮੈਨੂੰ ਪਰਮਾਤਮਾ ਦੀ ਭਗਤੀ ਦੀ ਰਾਸਿ-ਪੂੰਜੀ ਦਿੱਤੀ ਹੈ, ਤਦੋਂ ਤੋਂ ਮੇਰੇ ਮਨ ਦਾ ਚਿੰਤਾ-ਫ਼ਿਕਰ ਲਹਿ ਗਿਆ ਹੈ। (ਮੇਰੇ ਜਨਮਾਂ ਜਨਮਾਂਤਰਾਂ ਦੇ ਕੀਤੇ ਕਰਮਾਂ ਦਾ) ਸਾਰਾ ਹੀ ਹਿਸਾਬ ਦਾ ਕਾਗਜ਼ ਪਾਟ ਚੁਕਾ ਹੈ। ਹੁਣ ਧਰਮਰਾਜ ਮੈਥੋਂ ਕੋਈ ਪੁੱਛ ਨਹੀਂ ਕਰੇਗਾ।੩।

ਹੇ ਭਾਈ! ਸੰਤ ਜਨਾਂ ਦੀ ਕਿਰਪਾ ਨਾਲ ਮੇਰੇ ਅੰਦਰ ਬੜਾ ਆਤਮਕ ਆਨੰਦ ਬਣਿਆ ਪਿਆ ਹੈ। ਹੇ ਨਾਨਕ! ਆਖ-ਮੇਰਾ ਮਨ ਪਰਮਾਤਮਾ ਨਾਲ ਪਤੀਜ ਗਿਆ ਹੈ, ਅਸਚਰਜ ਪ੍ਰਭੂ ਦੇ ਪ੍ਰੇਮ-ਰੰਗ ਵਿਚ ਮੈਂ ਰੰਗਿਆ ਗਿਆ ਹਾਂ।੪।੮।੧੯।