ਸਨਿੱਚਰਵਾਰ 12 ਮਈ 2018 (29 ਵੈਸਾਖ ਸੰਮਤ 550 ਨਾਨਕਸ਼ਾਹੀ)
ਸਲੋਕੁ ਮਃ ੨ ॥ ਜਿਨੀ ਚਲਣੁ ਜਾਣਿਆ ਸੇ ਕਿਉ ਕਰਹਿ ਵਿਥਾਰ ॥ ਚਲਣ ਸਾਰ ਨ ਜਾਣਨੀ ਕਾਜ ਸਵਾਰਣਹਾਰ ॥੧॥ {ਪੰਨਾ 787}
ਅਰਥ:- ਉਹ ਮਨੁੱਖ ਦੁਨੀਆ ਦੇ ਬਹੁਤੇ ਖਿਲਾਰੇ ਨਹੀਂ ਖਿਲਾਰਦੇ (ਭਾਵ, ਮਨ ਨੂੰ ਜਗਤ ਦੇ ਧੰਧਿਆਂ ਵਿਚ ਨਹੀਂ ਖਿਲਾਰ ਦੇਂਦੇ) ਜਿਨ੍ਹਾਂ ਇਹ ਸਮਝ ਲਿਆ ਹੈ ਕਿ ਇਥੋਂ ਚਲੇ ਜਾਣਾ ਹੈ; ਪਰ, ਨਿਰੇ ਦੁਨੀਆ ਦੇ ਕੰਮ ਨਿਜਿੱਠਣ ਵਾਲੇ ਬੰਦੇ (ਇਥੋਂ ਆਖ਼ਰ) ਤੁਰ ਜਾਣ ਦਾ ਖ਼ਿਆਲ ਭੀ ਨਹੀਂ ਕਰਦੇ।1।
ਮਃ ੨ ॥ ਰਾਤਿ ਕਾਰਣਿ ਧਨੁ ਸੰਚੀਐ ਭਲਕੇ ਚਲਣੁ ਹੋਇ ॥ ਨਾਨਕ ਨਾਲਿ ਨ ਚਲਈ ਫਿਰਿ ਪਛੁਤਾਵਾ ਹੋਇ ॥੨॥ {ਪੰਨਾ 787}
ਅਰਥ:- ਹੇ ਨਾਨਕ! ਜੇ ਸਿਰਫ਼ ਰਾਤ ਦੀ ਖ਼ਾਤਰ ਧਨ ਇਕੱਠਾ ਕਰੀਏ ਤੇ ਸਵੇਰੇ (ਉੱਠ ਕੇ ਓਥੋਂ) ਤੁਰ ਪੈਣਾ ਹੋਵੇ, (ਤੁਰਨ ਲੱਗਿਆਂ ਉਹ ਧਨ) ਨਾਲ ਜਾ ਨਾ ਸਕੇ ਤਾਂ ਹੱਥ ਮਲਣੇ ਪੈਂਦੇ ਹਨ।2।
ਮਃ ੨ ॥ ਬਧਾ ਚਟੀ ਜੋ ਭਰੇ ਨਾ ਗੁਣੁ ਨਾ ਉਪਕਾਰੁ ॥ ਸੇਤੀ ਖੁਸੀ ਸਵਾਰੀਐ ਨਾਨਕ ਕਾਰਜੁ ਸਾਰੁ ॥੩॥ {ਪੰਨਾ 787}
ਪਦਅਰਥ:- ਗੁਣੁ—(ਆਪਣੇ ਆਪ ਨੂੰ) ਲਾਭ। ਉਪਕਾਰੁ—(ਕਿਸੇ ਹੋਰ ਨੂੰ) ਲਾਭ। ਸੇਤੀ ਖੁਸੀ—ਖ਼ੁਸ਼ੀ ਨਾਲ। ਸਾਰੁ—ਚੰਗਾ।
ਅਰਥ:- ਜੋ ਮਨੁੱਖ ਕੋਈ ਕੰਮ ਬੱਧਾ-ਰੁੱਧਾ ਕਰੇ, ਉਸ ਦਾ ਲਾਭ ਨਾਹ ਆਪਣੇ ਆਪ ਨੂੰ ਤੇ ਨਾਹ ਕਿਸੇ ਹੋਰ ਨੂੰ। ਹੇ ਨਾਨਕ! ਉਹੀ ਕੰਮ ਸਿਰੇ ਚੜ੍ਹਿਆ ਜਾਣੋ ਜੋ ਖ਼ੁਸ਼ੀ ਨਾਲ ਕੀਤਾ ਜਾਏ।3।
ਮਃ ੨ ॥ ਮਨਹਠਿ ਤਰਫ ਨ ਜਿਪਈ ਜੇ ਬਹੁਤਾ ਘਾਲੇ ॥ ਤਰਫ ਜਿਣੈ ਸਤ ਭਾਉ ਦੇ ਜਨ ਨਾਨਕ ਸਬਦੁ ਵੀਚਾਰੇ ॥੪॥ {ਪੰਨਾ 787}
ਪਦਅਰਥ:- ਹਠਿ—ਹਠ ਨਾਲ। ਜਿਪਈ—ਜਿੱਤਿਆ ਜਾਂਦਾ। ਜਿਣੈ—ਜਿੱਤਦਾ ਹੈ। ਸਤ ਭਾਉ—ਚੰਗੀ ਭਾਵਨਾ, ਨੇਕ ਨੀਅਤ। ਦੇ—ਦੇ ਕੇ। ਤਰਫ—(ਰੱਬ ਵਾਲਾ) ਪਾਸਾ।
ਅਰਥ:- ਭਾਵੇਂ ਕਿਤਨੀ ਹੀ ਮਿਹਨਤ ਮਨੁੱਖ ਕਰੇ, ਰੱਬ ਵਾਲਾ ਪਾਸਾ ਮਨ ਦੇ ਹਠ ਨਾਲ ਜਿੱਤਿਆ ਨਹੀਂ ਜਾ ਸਕਦਾ; ਹੇ ਦਾਸ ਨਾਨਕ! ਉਹ ਮਨੁੱਖ (ਇਹ) ਪਾਸਾ ਜਿੱਤਦਾ ਹੈ ਜੋ ਸੁਭ ਭਾਵਨਾ ਵਰਤਦਾ ਹੈ ਤੇ ਗੁਰੂ ਦੇ ਸ਼ਬਦ ਨੂੰ ਵੀਚਾਰਦਾ ਹੈ।4।
ਪਉੜੀ ॥ ਕਰਤੈ ਕਾਰਣੁ ਜਿਨਿ ਕੀਆ ਸੋ ਜਾਣੈ ਸੋਈ ॥ ਆਪੇ ਸ੍ਰਿਸਟਿ ਉਪਾਈਅਨੁ ਆਪੇ ਫੁਨਿ ਗੋਈ ॥ ਜੁਗ ਚਾਰੇ ਸਭ ਭਵਿ ਥਕੀ ਕਿਨਿ ਕੀਮਤਿ ਹੋਈ ॥ ਸਤਿਗੁਰਿ ਏਕੁ ਵਿਖਾਲਿਆ ਮਨਿ ਤਨਿ ਸੁਖੁ ਹੋਈ ॥ ਗੁਰਮੁਖਿ ਸਦਾ ਸਲਾਹੀਐ ਕਰਤਾ ਕਰੇ ਸੁ ਹੋਈ ॥੭॥ {ਪੰਨਾ 787-788}
ਪਦਅਰਥ:- ਕਾਰਣੁ—ਜਗਤ। ਗੋਈ—ਨਾਸ ਕੀਤੀ। ਫੁਨਿ—ਫਿਰ, ਮੁੜ। ਜੁਗ ਚਾਰੇ—ਚਹੁ ਜੁਗਾਂ ਵਿਚ। ਭਵਿ—ਭਉਂ ਕੇ। ਕਿਨਿ—ਕਿਸ ਪਾਸੋਂ?
ਅਰਥ:- ਜਿਸ ਕਰਤਾਰ ਨੇ ਇਹ ਜਗਤ ਬਣਾਇਆ ਹੈ ਇਸ ਦੀ ਸੰਭਾਲ ਕਰਨੀ ਉਹ ਆਪ ਹੀ ਜਾਣਦਾ ਹੈ; ਉਸ ਨੇ ਆਪ ਹੀ ਸ੍ਰਿਸ਼ਟੀ ਪੈਦਾ ਕੀਤੀ ਹੈ ਤੇ ਆਪ ਹੀ ਮੁੜ ਨਾਸ ਕਰਦਾ ਹੈ। ਜਦੋਂ ਤੋਂ ਜਗਤ ਬਣਿਆ ਹੈ ਉਸ ਸਮੇ ਤੋਂ ਲੈ ਕੇ ਹੁਣ ਤਕ ਧਿਆਨ ਮਾਰ ਕੇ ਵੇਖਿਆ ਹੈ ਕਿਸੇ ਜੀਵ ਪਾਸੋਂ ਪ੍ਰਭੂ ਦੀ ਬਜ਼ੁਰਗੀ ਦਾ ਮੁੱਲ ਨਹੀਂ ਪੈ ਸਕਿਆ।
ਜਿਸ ਮਨੁੱਖ ਨੂੰ ਗੁਰੂ ਨੇ ਉਹ ਇੱਕ ਪ੍ਰਭੂ ਵਿਖਾ ਦਿੱਤਾ ਹੈ ਉਸ ਦੇ ਮਨ ਵਿਚ ਉਸ ਦੇ ਤਨ ਵਿਚ ਸੁਖ ਹੁੰਦਾ ਹੈ; ਜੋ ਕਰਤਾਰ ਸਭ ਕੁਝ ਕਰਨ ਦੇ ਆਪ ਸਮਰੱਥ ਹੈ ਉਸ ਦੀ ਗੁਰੂ ਦੀ ਰਾਹੀਂ ਹੀ ਸਿਫ਼ਤਿ-ਸਾਲਾਹ ਕੀਤੀ ਜਾ ਸਕਦੀ ਹੈ।7।