Today’s Hukamnama from Gurdwara Baoli Sahib Goindwal Sahib

73

ਸ਼ੁੱਕਰਵਾਰ 11 ਮਈ 2018 (28 ਵੈਸਾਖ ਸੰਮਤ 550 ਨਾਨਕਸ਼ਾਹੀ)

ਸੂਹੀ ਮਹਲਾ ੩ ॥ ਜੁਗ ਚਾਰੇ ਧਨ ਜੇ ਭਵੈ ਬਿਨੁ ਸਤਿਗੁਰ ਸੋਹਾਗੁ ਨ ਹੋਈ ਰਾਮ ॥ ਨਿਹਚਲੁ ਰਾਜੁ ਸਦਾ ਹਰਿ ਕੇਰਾ ਤਿਸੁ ਬਿਨੁ ਅਵਰੁ ਨ ਕੋਈ ਰਾਮ ॥ ਤਿਸੁ ਬਿਨੁ ਅਵਰੁ ਨ ਕੋਈ ਸਦਾ ਸਚੁ ਸੋਈ ਗੁਰਮੁਖਿ ਏਕੋ ਜਾਣਿਆ ॥ ਧਨ ਪਿਰ ਮੇਲਾਵਾ ਹੋਆ ਗੁਰਮਤੀ ਮਨੁ ਮਾਨਿਆ ॥ ਸਤਿਗੁਰੁ ਮਿਲਿਆ ਤਾ ਹਰਿ ਪਾਇਆ ਬਿਨੁ ਹਰਿ ਨਾਵੈ ਮੁਕਤਿ ਨ ਹੋਈ ॥ ਨਾਨਕ ਕਾਮਣਿ ਕੰਤੈ ਰਾਵੇ ਮਨਿ ਮਾਨਿਐ ਸੁਖੁ ਹੋਈ ॥੧॥ {ਅੰਗ 769-770}

ਪਦਅਰਥ: ਜੁਗ ਚਾਰੇ = ਚੌਹਾਂ ਹੀ ਜੁਗਾਂ ਵਿਚ। ਧਨ = ਜੀਵ = ਇਸਤ੍ਰੀ। ਸੋਹਾਗੁ = ਪ੍ਰਭੂ = ਪਤੀ ਦਾ ਮਿਲਾਪ। ਨਿਹਚਲੁ = ਅਟੱਲ, ਕਦੇ ਨਾਹ ਹਿੱਲਣ ਵਾਲਾ। ਕੇਰਾ = ਦਾ। ਸਚੁ = ਸਦਾ ਕਾਇਮ ਰਹਿਣ ਵਾਲਾ। ਗੁਰਮੁਖਿ = ਗੁਰੂ ਦੀ ਸਰਨ ਪੈਣ ਵਾਲਾ ਮਨੁੱਖ। ਏਕੋ = ਇਕ ਪਰਮਾਤਮਾ ਹੀ। ਮੇਲਾਵਾ = ਮਿਲਾਪ। ਗੁਰਮਤੀ = ਗੁਰੂ ਦੀ ਮਤਿ ਉਤੇ ਤੁਰਿਆਂ। ਕਾਮਣਿ = ਜੀਵ = ਇਸਤ੍ਰੀ। ਕੰਤੈ ਰਾਵੈ = ਖਸਮ = ਪ੍ਰਭੂ ਨੂੰ ਹਿਰਦੇ ਵਿਚ ਵਸਾਂਦੀ ਹੈ। ਰਾਵੇ = ਮਿਲਾਪ ਮਾਣਦੀ ਹੈ। ਮਨਿ ਮਾਨਿਐ = ਜੇ ਮਨ ਪਤੀਜ ਜਾਏ।੧।

ਅਰਥ: ਹੇ ਭਾਈ! ਜੁਗ ਚਾਹੇ ਕੋਈ ਭੀ ਹੋਵੇ) ਗੁਰੂ (ਦੀ ਸਰਨ ਪੈਣ) ਤੋਂ ਬਿਨਾ ਖਸਮ-ਪ੍ਰਭੂ ਦਾ ਮਿਲਾਪ ਨਹੀਂ ਹੁੰਦਾ, ਜੀਵ-ਇਸਤ੍ਰੀ ਭਾਵੇਂ ਚੌਹਾਂ ਜੁਗਾਂ ਵਿਚ ਭਟਕਦੀ ਫਿਰੇ। ਉਸ ਪ੍ਰਭੂ-ਪਤੀ ਦਾ ਹੁਕਮ ਅਟੱਲ ਹੈ (ਕਿ ਗੁਰੂ ਦੀ ਰਾਹੀਂ ਹੀ ਉਸ ਦਾ ਮਿਲਾਪ ਪ੍ਰਾਪਤ ਹੁੰਦਾ ਹੈ। ਉਸ ਤੋਂ ਬਿਨਾ ਕੋਈ ਹੋਰ ਉਸ ਦੀ ਬਰਾਬਰੀ ਦਾ ਨਹੀਂ (ਜੋ ਇਸ ਹੁਕਮ ਨੂੰ ਬਦਲਾਅ ਸਕੇ। ਹੇ ਭਾਈ! ਉਸ ਪ੍ਰਭੂ ਤੋਂ ਬਿਨਾ ਉਸ ਵਰਗਾ ਹੋਰ ਕੋਈ ਨਹੀਂ। ਉਹ ਪ੍ਰਭੂ ਆਪ ਹੀ ਸਦਾ ਕਾਇਮ ਰਹਿਣ ਵਾਲਾ ਹੈ। ਗੁਰੂ ਦੇ ਸਨਮੁਖ ਰਹਿਣ ਵਾਲੀ ਜੀਵ-ਇਸਤ੍ਰੀ ਉਸ ਇੱਕ ਨਾਲ ਹੀ ਡੂੰਘੀ ਸਾਂਝ ਬਣਾਂਦੀ ਹੈ। ਜਦੋਂ ਗੁਰੂ ਦੀ ਮਤਿ ਉਤੇ ਤੁਰ ਕੇ ਜੀਵ-ਇਸਤ੍ਰੀ ਦਾ ਮਨ (ਪਰਮਾਤਮਾ ਦੀ ਯਾਦ ਵਿਚ) ਗਿੱਝ ਜਾਂਦਾ ਹੈ, ਤਦੋਂ ਜੀਵ-ਇਸਤ੍ਰੀ ਦਾ ਪ੍ਰਭੂ-ਪਤੀ ਨਾਲ ਮਿਲਾਪ ਹੋ ਜਾਂਦਾ ਹੈ।

ਹੇ ਭਾਈ! ਜਦੋਂ ਗੁਰੂ ਮਿਲਦਾ ਹੈ ਤਦੋਂ ਹੀ ਪ੍ਰਭੂ ਦੀ ਪ੍ਰਾਪਤੀ ਹੁੰਦੀ ਹੈ (ਗੁਰੂ ਹੀ ਪ੍ਰਭੂ ਦਾ ਨਾਮ ਜੀਵ-ਇਸਤ੍ਰੀ ਦੇ ਹਿਰਦੇ ਵਿਚ ਵਸਾਂਦਾ ਹੈ, ਤੇ ਪਰਮਾਤਮਾ ਦੇ ਨਾਮ ਤੋਂ ਬਿਨਾ (ਮਾਇਆ ਦੇ ਬੰਧਨਾਂ ਤੋਂ) ਖ਼ਲਾਸੀ ਨਹੀਂ ਹੁੰਦੀ। ਹੇ ਨਾਨਕ! ਜੇ ਮਨ ਪ੍ਰਭੂ ਦੀ ਯਾਦ ਵਿਚ ਗਿੱਝ ਜਾਏ, ਤਾਂ ਜੀਵ-ਇਸਤ੍ਰੀ ਪ੍ਰਭੂ ਦਾ ਮਿਲਾਪ ਮਾਣਦੀ ਹੈਉਸ ਦੇ ਹਿਰਦੇ ਵਿਚ ਆਨੰਦ ਪੈਦਾ ਹੋਇਆ ਰਹਿੰਦਾ ਹੈ।੧।