ਵੀਰਵਾਰ 10 ਮਈ 2018 (27 ਵੈਸਾਖ ਸੰਮਤ 550 ਨਾਨਕਸ਼ਾਹੀ)
ਟੋਡੀ ਮਹਲਾ ੫ ॥ ਮਾਈ ਮੇਰੇ ਮਨ ਕੋ ਸੁਖੁ ॥ ਕੋਟਿ ਅਨੰਦ ਰਾਜ ਸੁਖੁ ਭੁਗਵੈ ਹਰਿ ਸਿਮਰਤ ਬਿਨਸੈ ਸਭ ਦੁਖੁ ॥੧॥ ਰਹਾਉ ॥ ਕੋਟਿ ਜਨਮ ਕੇ ਕਿਲਬਿਖ ਨਾਸਹਿ ਸਿਮਰਤ ਪਾਵਨ ਤਨ ਮਨ ਸੁਖ ॥ ਦੇਖਿ ਸਰੂਪੁ ਪੂਰਨੁ ਭਈ ਆਸਾ ਦਰਸਨੁ ਭੇਟਤ ਉਤਰੀ ਭੁਖ ॥੧॥ ਚਾਰਿ ਪਦਾਰਥ ਅਸਟ ਮਹਾ ਸਿਧਿ ਕਾਮਧੇਨੁ ਪਾਰਜਾਤ ਹਰਿ ਹਰਿ ਰੁਖੁ ॥ ਨਾਨਕ ਸਰਨਿ ਗਹੀ ਸੁਖ ਸਾਗਰ ਜਨਮ ਮਰਨ ਫਿਰਿ ਗਰਭ ਨ ਧੁਖੁ ॥੨॥੧੦॥੨੯॥ {ਅੰਗ 717}
ਪਦਅਰਥ: ਮਾਈ = ਹੇ ਮਾਂ! ਕੋ = ਦਾ। ਕੋਟਿ = ਕ੍ਰੋੜਾਂ। ਭੁਗਵੈ = ਮਾਣਦਾ ਹੈ। ਸਿਮਰਤ = ਸਿਮਰਦਿਆਂ।੧।ਰਹਾਉ।
ਕਿਲਬਿਖ = ਪਾਪ। ਨਾਸਹਿ = ਨਾਸ ਹੋ ਜਾਂਦੇ ਹਨ। ਪਾਵਨ = ਪਵਿਤ੍ਰ। ਦੇਖਿ = ਵੇਖ ਕੇ।੧।
ਚਾਰਿ ਪਦਾਰਥ = ਧਰਮ, ਅਰਥ, ਕਾਮ, ਮੋਖ। ਅਸਟ = ਅੱਠ। ਮਹਾ ਸਿਧਿ = ਵੱਡੀਆਂ ਕਰਾਮਾਤੀ ਤਾਕਤਾਂ। ਕਾਮਧੇਨੁ = {ਕਾਮ = ਵਾਸਨਾ। ਧੇਨੁ = ਗਾਂ} ਸੁਰਗ ਦੀ ਉਹ ਗਾਂ ਜੋ ਹਰੇਕ ਵਾਸਨਾ ਪੂਰੀ ਕਰ ਦੇਂਦੀ ਹੈ।ਪਾਰਜਾਤ = ਇੰਦਰ ਦੇ ਬਾਗ਼ ਦਾ ‘ਪਾਰਜਾਤ‘ ਰੁੱਖ ਜੋ ਮਨ = ਮੰਗੀ ਮੁਰਾਦ ਪੂਰੀ ਕਰਦਾ ਹੈ। ਧੁਖੁ = ਧੁਖਧੁਖੀ, ਚਿੰਤਾ।੨।
ਅਰਥ: ਹੇ ਮਾਂ! ਪਰਮਾਤਮਾ ਦਾ ਨਾਮ ਸਿਮਰਦਿਆਂ) ਮੇਰੇ ਮਨ ਦਾ ਸੁਖ (ਇਤਨਾ ਉੱਚਾ ਹੋ ਜਾਂਦਾ ਹੈ, ਕਿ ਇਉਂ ਜਾਪਦਾ ਹੈ, ਜਿਵੇਂ ਮੇਰਾ ਮਨ) ਕ੍ਰੋੜਾਂ ਆਨੰਦ ਮਾਣ ਰਿਹਾ ਹੈ; ਕ੍ਰੋੜਾਂ ਬਾਦਸ਼ਾਹੀਆਂ ਦਾ ਸੁਖ ਮਾਣ ਰਿਹਾ ਹੈ। ਹੇ ਮਾਂ! ਪਰਮਾਤਮਾ ਦਾ ਨਾਮ ਸਿਮਰਦਿਆਂ ਸਾਰਾ ਦੁੱਖ ਨਾਸ ਹੋ ਜਾਂਦਾ ਹੈ।੧।ਰਹਾਉ।
ਹੇ ਮਾਂ! ਪਰਮਾਤਮਾ ਦਾ ਨਾਮ ਸਿਮਰਿਆਂ ਤਨ ਮਨ ਪਵਿਤ੍ਰ ਹੋ ਜਾਂਦੇ ਹਨ, ਆਤਮਕ ਆਨੰਦ ਪ੍ਰਾਪਤ ਹੁੰਦਾ ਹੈ, ਕ੍ਰੋੜਾਂ ਜਨਮਾਂ ਦੇ (ਕੀਤੇ ਹੋਏ) ਪਾਪ ਨਾਸ ਹੋ ਜਾਂਦੇ ਹਨ। (ਸਿਮਰਨ ਦੀ ਬਰਕਤਿ ਨਾਲ) ਪ੍ਰਭੂ ਦਾ ਦੀਦਾਰ ਕਰ ਕੇ (ਮਨ ਦੀ ਹਰੇਕ) ਮੁਰਾਦ ਪੂਰੀ ਹੋ ਜਾਂਦੀ ਹੈ, ਦਰਸਨ ਕਰਦਿਆਂ (ਮਾਇਆ ਦੀ) ਭੁੱਖ ਦੂਰ ਹੋ ਜਾਂਦੀ ਹੈ।੧।
ਹੇ ਮਾਂ! ਚਾਰ ਪਦਾਰਥ (ਦੇਣ ਵਾਲਾ) , ਅੱਠ ਵੱਡੀਆਂ ਕਰਾਮਾਤੀ ਤਾਕਤਾਂ (ਦੇਣ ਵਾਲਾ) ਪਰਮਾਤਮਾ ਆਪ ਹੀ ਹੈ। ਪਰਮਾਤਮਾ ਆਪ ਹੀ ਹੈ ਕਾਮਧੇਨ; ਪਰਮਾਤਮਾ ਆਪ ਹੀ ਹੈ ਪਾਰਜਾਤ ਰੁੱਖ। ਹੇ ਨਾਨਕ! ਆਖ-ਹੇ ਮਾਂ! ਜਿਸ ਮਨੁੱਖ ਨੇ) ਸੁਖਾਂ ਦੇ ਸਮੁੰਦਰ ਪਰਮਾਤਮਾ ਦਾ ਆਸਰਾ ਲੈ ਲਿਆ, ਉਸ ਨੂੰ ਜਨਮ ਮਰਨ ਦੇ ਗੇੜ ਦਾ ਫ਼ਿਕਰ, ਜੂਨਾਂ ਵਿਚ ਪੈਣ ਦਾ ਫ਼ਿਕਰ ਨਹੀਂ ਰਹਿੰਦਾ।੨।੧੦।੨੯।