ਵੀਰਵਾਰ 26 ਅਪ੍ਰੈਲ 2018 (13 ਵੈਸਾਖ ਸੰਮਤ 550 ਨਾਨਕਸ਼ਾਹੀ)

ੴ ਸਤਿਗੁਰ ਪ੍ਰਸਾਦਿ ॥ ਰਾਗੁ ਰਾਮਕਲੀ ਮਹਲਾ ੯ ਤਿਪਦੇ ॥ ਰੇ ਮਨ ਓਟ ਲੇਹੁ ਹਰਿ ਨਾਮਾ ॥ ਜਾ ਕੈ ਸਿਮਰਨਿ ਦੁਰਮਤਿ ਨਾਸੈ ਪਾਵਹਿ ਪਦੁ ਨਿਰਬਾਨਾ ॥੧॥ ਰਹਾਉ ॥ ਬਡਭਾਗੀ ਤਿਹ ਜਨ ਕਉ ਜਾਨਹੁ ਜੋ ਹਰਿ ਕੇ ਗੁਨ ਗਾਵੈ ॥ ਜਨਮ ਜਨਮ ਕੇ ਪਾਪ ਖੋਇ ਕੈ ਫੁਨਿ ਬੈਕੁੰਠਿ ਸਿਧਾਵੈ ॥੧॥ ਅਜਾਮਲ ਕਉ ਅੰਤ ਕਾਲ ਮਹਿ ਨਾਰਾਇਨ ਸੁਧਿ ਆਈ ॥ ਜਾਂ ਗਤਿ ਕਉ ਜੋਗੀਸੁਰ ਬਾਛਤ ਸੋ ਗਤਿ ਛਿਨ ਮਹਿ ਪਾਈ ॥੨॥ ਨਾਹਿਨ ਗੁਨੁ ਨਾਹਿਨ ਕਛੁ ਬਿਦਿਆ ਧਰਮੁ ਕਉਨੁ ਗਜਿ ਕੀਨਾ ॥ ਨਾਨਕ ਬਿਰਦੁ ਰਾਮ ਕਾ ਦੇਖਹੁ ਅਭੈ ਦਾਨੁ ਤਿਹ ਦੀਨਾ ॥੩॥੧॥ {ਅੰਗ 901-902}

ਪਦ ਅਰਥ: ਓਟ = ਆਸਰਾ। ਜਾ ਕੈ ਸਿਮਰਨਿ = ਜਿਸ ਹਰਿ-ਨਾਮ ਦੇ ਸਿਮਰਨ ਨਾਲ। ਦੁਰਮਤਿ = ਖੋਟੀ ਮਤਿ। ਨਿਰਬਾਨ ਪਦੁ = ਉਹ ਆਤਮਕ ਦਰਜਾ ਜਿੱਥੇ ਕੋਈ ਵਾਸਨਾ ਪੋਹ ਨਹੀਂ ਸਕਦੀ, ਵਾਸਨਾ-ਰਹਿਤ।1। ਰਹਾਉ।

ਤਿਹ ਜਨ ਕਉ = ਉਸ ਮਨੁੱਖ ਨੂੰ। ਜਾਨਹੁ = ਸਮਝੋ। ਖੋਇ ਕੈ = ਨਾਸ ਕਰ ਕੇ। ਫੁਨਿ = ਮੁੜ, ਫਿਰ। ਬੈਕੁੰਠਿ = ਬੈਕੁੰਠ ਵਿਚ। ਸਿਧਾਵੈ = ਜਾ ਪਹੁੰਚਦਾ ਹੈ।1।

ਕਾਲ = ਸਮਾ। ਮਹਿ = ਵਿਚ। ਨਾਰਾਇਨ ਸੁਧਿ = ਪਰਮਾਤਮਾ ਦੀ ਸੂਝ। {ਪੁਰਾਣਿਕ ਕਹਾਣੀ ਇਹ ਹੈ ਕਿ ਪਾਪੀ ਅਜਾਮਲ ਨੇ ਆਪਣੇ ਛੋਟੇ ਪੁੱਤਰ ਦਾ ਨਾਮ ਨਾਰਾਇਨ ਰੱਖਿਆ ਸੀ। ਅੰਤ ਵੇਲੇ ਆਪਣੇ ਪੁੱਤਰ ਨਾਰਾਇਨ ਨੂੰ ਯਾਦ ਕਰਦਿਆਂ ਉਸ ਨੂੰ ਪ੍ਰਭੂ-ਨਾਰਾਇਨ ਦੀ ਸੂਝ ਆ ਗਈ}। ਗਤਿ = ਉੱਚੀ ਆਤਮਕ ਅਵਸਥਾ। ਕਉ = ਨੂੰ। ਜੋਗੀਸੁਰ = ਵੱਡੇ ਵੱਡੇ ਜੋਗੀ।2।

ਨਾਹਿਨ = ਨਹੀਂ। ਗਜਿ = ਗਜ ਨੇ। {ਭਾਗਵਤ ਅਨੁਸਾਰ ਕਥਾ = ਇਕ ਗੰਧਰਵ ਕਿਸੇ ਰਿਸ਼ੀ ਦੇ ਸਰਾਪ ਨਾਲ ਹਾਥੀ ਬਣ ਗਿਆ। ਇਸ ਹਾਥੀ ਨੂੰ ਵਰੁਣ ਦੇ ਤਲਾਬ ਵਿਚ ਇਕ ਤੰਦੂਏ ਨੇ ਆਪਣੀਆਂ ਤੰਦਾਂ ਵਿਚ ਫੜ ਲਿਆ। ਪ੍ਰਭੂ ਦੇ ਨਾਮ ਦੀ ਬਰਕਤਿ ਨਾਲ ਉਹ ਬਚ ਨਿਕਲਿਆ}। ਬਿਰਦੁ = ਮੁੱਢ ਕਦੀਮਾਂ ਦਾ ਸੁਭਾਉ। ਅਭੈ = ਨਿਰਭੈਤਾ ਦਾ। ਅਭੈ ਦਾਨੁ = ਨਿਰਭੈਤਾ ਦੀ ਬਖ਼ਸ਼ਸ਼। ਤਿਹ = ਉਸ ਨੂੰ।2।

ਅਰਥ: ਹੇ (ਮੇਰੇ) ਮਨ! ਪਰਮਾਤਮਾ ਦੇ ਨਾਮ ਦਾ ਆਸਰਾ ਲਿਆ ਕਰ, ਜਿਸ ਨਾਮ ਦੇ ਸਿਮਰਨ ਨਾਲ ਖੋਟੀ ਮਤਿ ਨਾਸ ਹੋ ਜਾਂਦੀ ਹੈ, (ਨਾਮ ਦੀ ਬਰਕਤਿ ਨਾਲ) ਤੂੰ ਉਹ ਆਤਮਕ ਦਰਜਾ ਹਾਸਲ ਕਰ ਲਏਂਗਾ ਜਿੱਥੇ ਕੋਈ ਵਾਸਨਾ ਪੋਹ ਨਹੀਂ ਸਕਦੀ।1। ਰਹਾਉ।

ਹੇ (ਮੇਰੇ) ਮਨ! ਜਿਹੜਾ ਮਨੁੱਖ ਪਰਮਾਤਮਾ ਦੇ ਗੁਣ ਗਾਂਦਾ ਹੈ ਉਸ ਨੂੰ ਵੱਡੇ ਭਾਗਾਂ ਵਾਲਾ ਸਮਝ। ਉਹ ਮਨੁੱਖ ਅਨੇਕਾਂ ਜਨਮਾਂ ਦੇ ਪਾਪ ਦੂਰ ਕਰ ਕੇ ਫਿਰ ਬੈਕੁੰਠ ਵਿਚ ਜਾ ਪਹੁੰਚਦਾ ਹੈ।1।

(ਹੇ ਮੇਰੇ ਮਨ! ਵੇਖ, ਪੁਰਾਣੀ ਪ੍ਰਸਿੱਧ ਕਥਾ ਹੈ ਕਿ) ਅਖ਼ੀਰਲੇ ਵੇਲੇ (ਪਾਪੀ) ਅਜਾਮਲ ਨੂੰ ਪਰਮਾਤਮਾ ਦੇ ਨਾਮ ਦੀ ਸੂਝ ਆ ਗਈ, ਉਸ ਨੇ ਉਹ ਉੱਚੀ ਆਤਮਕ ਅਵਸਥਾ ਇਕ ਪਲਕ ਵਿਚ ਹਾਸਲ ਕਰ ਲਈ, ਜਿਸ ਆਤਮਕ ਅਵਸਥਾ ਨੂੰ ਵੱਡੇ ਵੱਡੇ ਜੋਗੀ ਤਾਂਘਦੇ ਰਹਿੰਦੇ ਹਨ।2।

ਹੇ ਨਾਨਕ! (ਆਖ– ਹੇ ਮੇਰੇ ਮਨ! ਗਜ ਦੀ ਕਥਾ ਭੀ ਸੁਣ। ਗਜ ਵਿਚ) ਨਾਹ ਕੋਈ ਗੁਣ ਸੀ, ਨਾਹ ਹੀ ਉਸ ਨੂੰ ਕੋਈ ਵਿੱਦਿਆ ਪ੍ਰਾਪਤ ਸੀ। (ਉਸ ਵਿਚਾਰੇ) ਗਜ ਨੇ ਕਿਹੜਾ ਧਾਰਮਿਕ ਕੰਮ ਕਰਨਾ ਸੀ? ਪਰ ਵੇਖ ਪਰਮਾਤਮਾ ਦਾ ਮੁੱਢ-ਕਦੀਮਾਂ ਦਾ ਸੁਭਾਉ, ਪਰਮਾਤਮਾ ਨੇ ਉਸ ਗਜ ਨੂੰ ਨਿਰਭੈਤਾ ਦੀ ਪਦਵੀ ਬਖ਼ਸ਼ ਦਿੱਤੀ।3।1।