ਇਕ ਸਥਾਨਕ ਮੁਹੱਲੇ ਦੀ ਰਹਿਣ ਵਾਲੀ 36 ਸਾਲਾ ਲੜਕੀ ਤੇ ਉਸਦੇ ਭਰਾ ਵੱਲੋਂ ਸ਼ਹਿਰ ਦੇ ਮੋਰੀ ਮੁਹੱਲਾ ਵਿਖੇ ਗੱਦੀ ਲਗਾ ਕੇ ਭੋਲੀ-ਭਾਲੀ ਜਨਤਾ ਨੂੰ ਭੂਤ-ਪ੍ਰੇਤ ਕੱਢਣ ਦੇ ਨਾਂ ‘ਤੇ ਗੁੰਮਰਾਹ ਕਰਨ ਵਾਲੇ ਬਾਬਾ ਪਾਲੀ ਖਿਲਾਫ ਜਬਰ-ਜ਼ਨਾਹ ਦਾ ਕੇਸ ਦਰਜ ਕਰਵਾਏ ਜਾਣ ਤੋਂ ਬਾਅਦ ਬਾਬਾ ਪਾਲੀ ਭੇਦ ਭਰੇ ਢੰਗ ਨਾਲ ਫਰਾਰ ਹੈ। ਪੀੜਤ ਲੜਕੀ ਨੇ ਸ਼ਹਿਰ ਦੇ ਵਾਰਡ ਨੰਬਰ 13 ਦੇ ਕੌਂਸਲਰ ਪ੍ਰਿਤਪਾਲ ਸਿੰਘ ਚੀਮਾ ਉਰਫ ਬਾਬਾ ਪਾਲੀ ਪੁੱਤਰ ਅਮਰੀਕ ਸਿੰਘ ਚੀਮਾ ਖਿਲਾਫ ਇਹ ਦੋਸ਼ ਲਾਏ ਹਨ ਕਿ ਜਦੋਂ ਉਹ 22 ਸਾਲ ਦੀ ਸੀ ਤਾਂ ਅਚਾਨਕ ਬੀਮਾਰ ਹੋ ਗਈ। ਉਸ ਸਮੇਂ ਉਨ੍ਹਾਂ ਦਾ ਇਕਲੌਤਾ ਭਰਾ ਵਿਦੇਸ਼ ‘ਚ ਸੀ । ਉਨ੍ਹਾਂ ਦੇ ਮਾਤਾ-ਪਿਤਾ ਨੂੰ ਕਿਸੇ ਨੇ ਦੱਸਿਆ ਸੀ ਕਿ ਸ਼ਹਿਰ ਦੇ ਮੋਰੀ ਮੁਹੱਲਾ ਵਿਖੇ ਇਕ ਬਾਬਾ ਪਾਲੀ ਹੈ, ਜੋ ਕਿ ਗੱਦੀ ਲਗਾ ਕੇ ਭੂਤਾਂ-ਪ੍ਰੇਤਾਂ ਤੇ ਓਪਰੀਆਂ ਛੈਆਂ ਦਾ ਇਲਾਜ ਕਰਦਾ ਹੈ।
ਉਹ ਗੈਬੀ ਸ਼ਕਤੀਆਂ ਦਾ ਮਾਹਿਰ ਹੈ ਤਾਂ ਉਸ ਦੇ ਭੋਲੇ-ਮਾਤਾ ਪਿਤਾ ਉਸ ਨੂੰ ਬਾਬਾ ਪਾਲੀ ਕੋਲ ਲੈ ਆਏ। ਜਿਥੇ ਉਸ ਨੇ 5 ਪੁੰਨਿਆਂ ਇਕ ਬਾਬੇ ਦੇ ਮੱਥਾ ਟੇਕਣ ਤੇ ਹਰ ਸੋਮਵਾਰ ਆਪਣੇ ਘਰ ਲੱਗੀ ਗੱਦੀ ‘ਤੇ ਮੱਥਾ ਟੇਕਣ ਲਈ ਕਿਹਾ ਕਿ ਫਿਰ ਲੜਕੀ ਬਿਲਕੁਲ ਠੀਕ ਹੋ ਜਾਵੇਗੀ। ਪੀੜਤ ਲੜਕੀ ਅਨੁਸਾਰ ਪਹਿਲਾਂ ਤਾਂ ਬਾਬਾ ਪਾਲੀ ਉਸਦਾ ਕੋਈ ਮੂੰਹ ‘ਚ ਮੰਤਰ ਪੜ੍ਹ ਕੇ ਹੱਥ ਹੌਲਾ ਕਰਦਾ ਰਿਹਾ ਤੇ ਹੌਲੀ-ਹੌਲੀ ਉਨ੍ਹਾਂ ਦੇ ਪਰਿਵਾਰ ਨਾਲ ਉਨ੍ਹਾਂ ਦਾ ਕਾਫੀ ਵਧੀਆ ਆਉਣਾ ਜਾਣਾ ਬਣ ਗਿਆ।
ਪੀੜਤ ਲੜਕੀ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਦੋਸ਼ ਲਾਇਆ ਕਿ ਬਾਬਾ ਪਾਲੀ ਆਪਣੇ ਕੋਲ ਬੰਦੂਕ ਤੇ ਪਿਸਤੌਲ ਆਦਿ ਰੱਖਦਾ ਸੀ, ਜਿਸ ਨਾਲ ਡਰਾ-ਧਮਕਾ ਉਸ ਨੇ ਜ਼ਬਰਦਸਤੀ ਉਸ ਨਾਲ ਜਬਰ-ਜ਼ਨਾਹ ਕਰਨਾ ਸ਼ੁਰੂ ਕਰ ਦਿੱਤਾ । ਬਾਬਾ ਪਾਲੀ ਨੇ ਉਸ ਦੇ ਪਸਤੌਲ ਰੱਖ ਕੇ ਧਮਕੀ ਦਿੱਤੀ ਸੀ ਕਿ ਜੇਕਰ ਕਿਸੇ ਨੂੰ ਦੱੱਸਿਆ ਤਾਂ ਉਸ ਦੇ ਭਰਾ ਤੇ ਹੋਰ ਪਰਿਵਾਰ ਨੂੰ ਮਾਰ ਦੇਵੇਗਾ। ਲੜਕੀ ਨੇ ਦੱਸਿਆ ਕਿ ਬਾਬਾ ਹਮੇਸ਼ਾ ਇਹ ਕਹਿੰਦਾ ਸੀ ਕਿ ਮੇਰੀ ਸਰਕਾਰ ਤੇ ਪੁਲਸ ਕੋਲ ਚੰਗੀ ਪਹੁੰਚ ਹੈ । ਮੇਰਾ ਕੋਈ ਕੁਝ ਨਹੀਂ ਕਰ ਸਕਦਾ।
ਵਿਆਹ ਕਰਵਾਇਆ ਤਾਂ ਜਾਨੋਂ ਮਾਰ ਦਿਆਂਗਾ, ਦਿੰਦਾ ਸੀ ਧਮਕੀ
ਪੀੜਤ ਲੜਕੀ ਨੇ ਦੱਸਿਆ ਕਿ ਜਦੋਂ ਉਹ 22 ਸਾਲ ਦੀ ਸੀ ਤਾਂ ਬਾਬੇ ਦੇ ਸ਼ੋਸ਼ਣ ਦਾ ਸ਼ਿਕਾਰ ਹੋ ਗਈ। ਲਗਾਤਾਰ 13 ਸਾਲ ਬਾਬਾ ਉਸ ਨਾਲ ਜਬਰ-ਜ਼ਨਾਹ ਕਰਦਾ ਰਿਹਾ। ਉÎਨ੍ਹਾਂ ਦੋਸ਼ ਲਾਇਆ ਕਿ ਬਾਬੇ ਦੀ ਧਮਕੀ ਕਾਰਨ ਉਸ ਨੇ 36 ਸਾਲ ਦੀ ਉਮਰ ਹੋਣ ਤਕ ਵੀ ਆਪਣਾ ਵਿਆਹ ਨਹੀਂ ਕਰਵਾਇਆ। ਪੀੜਤ ਲੜਕੀ ਨੇ ਕਿਹਾ ਕਿ ਬਾਬਾ ਪਾਲੀ ਨੇ ਇਹ ਧਮਕੀ ਦਿੱਤੀ ਸੀ ਕਿ ਜੇਕਰ ਤੂੰ ਵਿਆਹ ਕਰਵਾਇਆ ਤਾਂ ਮੇਰੀ ਬਹੁਤ ਪਹੁੰਚ ਹੈ ਤਾਂ ਉਥੋਂ ਹੀ ਤੈਨੂੰ ਚੁੱਕ ਲਿਆਵਾਂਗਾ। ਉਸ ਨੇ ਦੱਸਿਆ ਕਿ ਹੁਣ ਜਦ ਮੇਰੇ ਭਰਾ ਤੇ ਮਾਤਾ -ਪਿਤਾ ਨੇ ਮੇਰੇ ‘ਤੇ ਵਿਆਹ ਲਈ ਜ਼ੋਰ ਪਾਇਆ ਤਾਂ ਮੈਂ ਆਪਣੇ ਨਾਲ ਹੋਈ ਘਿਨਾਉਣੀ ਗੱਲ ਪਰਿਵਾਰ ਨੂੰ ਦੱਸੀ।
ਸ਼ਹਿਰ ‘ਚੋਂ ਗੰਦਗੀ ਸਾਫ ਕਰ ਰਹੇ ਹਾਂ : ਭਾਈ ਖੋਸੇ
ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਕਮੇਟੀ ਪੰਜਾਬ ਦੇ ਮੁੱਖ ਆਗੂ ਭਾਈ ਸੁਖਜੀਤ ਸਿੰਘ ਖੋਸੇ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਪੀੜਤ ਲੜਕੀ ਦਾ ਪਰਿਵਾਰ ਉਸ ਦੇ ਘਰ ਆਇਆ ਅਤੇ ਆਪਣੇ ਨਾਲ ਹੋਈ ਘਿਨਾਉਣੀ ਕਾਰਵਾਈ ਬਾਰੇ ਜਾਣਕਾਰੀ ਦਿੱਤੀ । ਉਨ੍ਹਾਂ ਸਮੂਹ ਸਤਿਕਾਰ ਕਮੇਟੀ ਮੈਂਬਰਾਂ ਨੇ ਇਸ ਦੀ ਧੀ ਨਾਲ ਹੋਈ ਧੱਕੇਸ਼ਾਹੀ ਦਾ ਇਨਸਾਫ ਦਿਵਾਉਣ ਲਈ ਥਾਣਾ ਸੁਲਤਾਨਪੁਰ ਲੋਧੀ ਵੱਲ ਚਾਲੇ ਪਾ ਦਿੱਤੇ। ਉਨ੍ਹਾਂ ਕਿਹਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਚਰਨ ਛੋਹ ਪ੍ਰਾਪਤ ਨਗਰੀ ‘ਚ ਇਹ ਬਾਬਾ ਲੋਕਾਂ ਨੂੰ ਗੱਦੀ ਲਗਾ ਕੇ ਗੁੰਮਰਾਹ ਕਰਦਾ ਸੀ। ਸਰਕਾਰੇ ਦਰਬਾਰੇ ਚੰਗੀ ਪਹੁੰਚ ਹੋਣ ਕਾਰਨ ਬਾਬਾ ਖਿਲਾਫ ਕੋਈ ਵੀ ਖੜਨ ਨੂੰ ਤਿਆਰ ਨਹੀਂ ਸੀ। ਉਨ੍ਹਾਂ ਕਿਹਾ ਕਿ ਸ਼ਹਿਰ ‘ਚੋਂ ਅਜਿਹੀ ਗੰਦਗੀ ਸਾਫ ਹੋਣੀ ਚਾਹੀਦੀ ਹੈ। ਉਨ੍ਹਾਂ ਸੁਲਤਾਨਪੁਰ ਪੁਲਸ ਤੇ ਦੋਸ਼ ਲਾਇਆ ਕਿ ਉਨ੍ਹਾਂ ਬਾਬਾ ਪਾਲੀ ਨੂੰ ਜਾਣ ਬੁੱਝ ਕੇ ਗ੍ਰਿਫਤਾਰ ਨਹੀਂ ਕੀਤਾ ਜਦਕਿ ਉਹ ਥਾਣੇ ‘ਚ ਖੁਦ ਆਇਆ ਸੀ।
ਬਾਬਾ ਪਾਲੀ ਖਿਲਾਫ ਮੁਕੱਦਮਾ ਦਰਜ ਕਰ ਕੇ ਸਾਰੇ ਥਾਣਿਆਂ ਨੂੰ ਵਾਇਰਲੈੱਸ ‘ਤੇ ਸੂਚਿਤ ਕਰ ਦਿੱਤਾ ਹੈ : ਐੱਸ. ਐੱਚ. ਓ.
ਇਸ ਸਬੰਧੀ ਥਾਣਾ ਸੁਲਤਾਨਪੁਰ ਲੋਧੀ ਦੇ ਐੱਸ. ਐੱਚ. ਓ. ਸਰਬਜੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਸ਼ਿਕਾਇਤ ਮਿਲਦੇ ਹੀ ਬਾਬਾ ਪਾਲੀ ਖਿਲਾਫ 121 ਨੰਬਰ ਮੁਕੱਦਮਾ ਦਰਜ ਕਰ ਕੇ ਸਾਰੇ ਥਾਣਿਆਂ ਨੂੰ ਵਾਇਰਲੈੱਸ ‘ਤੇ ਸੂਚਿਤ ਕਰ ਦਿੱਤਾ ਹੈ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦੀ ਦੋ ਦਿਨ ਤੋਂ ਫਗਵਾੜੇ ਡਿਊਟੀ ਲੱਗੀ ਹੋਈ ਹੈ, ਜਿਸ ਕਾਰਨ ਉਹ ਇਹ ਕੇਸ ਵੱਲ ਜ਼ਿਆਦਾ ਧਿਆਨ ਨਹੀਂ ਦੇ ਸਕੇ।