ਸ਼ੁੱਕਰਵਾਰ 30 ਮਾਰਚ 2018 (17 ਚੇਤ ਸੰਮਤ 550 ਨਾਨਕਸ਼ਾਹੀ)
ੴ ਸਤਿਗੁਰ ਪ੍ਰਸਾਦਿ ॥ ਰਾਗੁ ਸੂਹੀ ਛੰਤ ਮਹਲਾ ੪ ਘਰੁ ੨ ॥ ਗੁਰਮੁਖਿ ਹਰਿ ਗੁਣ ਗਾਏ ॥ ਹਿਰਦੈ ਰਸਨ ਰਸਾਏ ॥ਹਰਿ ਰਸਨ ਰਸਾਏ ਮੇਰੇ ਪ੍ਰਭ ਭਾਏ ਮਿਲਿਆ ਸਹਜਿ ਸੁਭਾਏ ॥ ਅਨਦਿਨੁ ਭੋਗ ਭੋਗੇ ਸੁਖਿ ਸੋਵੈ ਸਬਦਿ ਰਹੈ ਲਿਵ ਲਾਏ ॥ ਵਡੈ ਭਾਗਿ ਗੁਰੁ ਪੂਰਾ ਪਾਈਐ ਅਨਦਿਨੁ ਨਾਮੁ ਧਿਆਏ ॥ ਸਹਜੇ ਸਹਜਿ ਮਿਲਿਆ ਜਗਜੀਵਨੁ ਨਾਨਕ ਸੁੰਨਿ ਸਮਾਏ ॥੧॥ {ਅੰਗ774}
ਪਦਅਰਥ: ਗੁਰਮੁਖਿ = ਗੁਰੂ ਦੀ ਸਰਨ ਪੈ ਕੇ। ਗਾਏ = ਗਾਂਦਾ ਰਹਿੰਦਾ ਹੈ। ਹਿਰਦੈ = ਹਿਰਦੇ ਵਿਚ (ਵਸਾਂਦਾ ਹੈ) । ਰਸਨ = ਜੀਭ ਨਾਲ। ਰਸਾਏ = ਰਸ ਮਾਣਦਾ ਹੈ। ਪ੍ਰਭ ਭਾਏ = (ਉਹ ਮਨੁੱਖ) ਪ੍ਰਭੂ ਨੂੰ ਪਿਆਰਾ ਲੱਗਦਾ ਹੈ। ਸਹਜਿ = ਆਤਮਕ ਅਡੋਲਤਾ ਵਿਚ। ਸੁਭਾਏ = ਸੁਭਾਇ, ਪਿਆਰ ਨਾਲ। ਅਨਦਿਨੁ = {अनुदिनां} ਹਰ ਰੋਜ਼, ਹਰ ਵੇਲੇ। ਸੁਖਿ = ਸੁਖ ਵਿਚ। ਸੋਵੈ = ਲੀਨ ਰਹਿੰਦਾ ਹੈ। ਸਬਦਿ = ਸ਼ਬਦ ਦੀ ਰਾਹੀਂ। ਲਿਵ ਲਾਏ ਰਹੈ– ਸੁਰਤਿ ਜੋੜੀ ਰੱਖਦਾ ਹੈ। ਭਾਗਿ = ਕਿਸਮਤ ਨਾਲ। ਪਾਈਐ = ਮਿਲਦਾ ਹੈ। ਧਿਆਏ = ਸਿਮਰਦਾ ਰਹਿੰਦਾ ਹੈ। ਸਹਜੇ ਸਹਜਿ = ਹਰ ਵੇਲੇ ਆਤਮਕ ਅਡੋਲਤਾ ਵਿਚ। ਜਗ ਜੀਵਨੁ = ਜਗਤ ਦਾ ਜੀਵਨ ਪ੍ਰਭੂ। ਸੁੰਨਿ = ਸੁੰਨ ਵਿਚ, ਉਸ ਅਵਸਥਾ ਵਿਚ ਜਿੱਥੇ ਮਾਇਆ ਦੇ ਫੁਰਨਿਆਂ ਵਲੋਂ ਸੁੰਞ ਹੈ।੧।
ਅਰਥ: ਹੇ ਭਾਈ! ਜਿਹੜਾ ਮਨੁੱਖ ਗੁਰੂ ਦੇ ਸਨਮੁਖ ਰਹਿ ਕੇ ਪਰਮਾਤਮਾ ਦੇ ਗੁਣ ਗਾਂਦਾ ਰਹਿੰਦਾ ਹੈ (ਪਰਮਾਤਮਾ ਦੇ ਗੁਣ ਆਪਣੇ) ਹਿਰਦੇ ਵਿਚ (ਵਸਾਈ ਰਖਦਾ ਹੈ, ਆਪਣੀ) ਜੀਭ ਨਾਲ (ਗੁਣਾਂ ਦਾ) ਰਸ ਮਾਣਦਾ ਹੈ, (ਜਿਹੜਾ ਮਨੁੱਖ) ਹਰੀ (ਦੇ ਗੁਣਾਂ ਦਾ) ਰਸ (ਆਪਣੀ) ਜੀਭ ਨਾਲ ਮਾਣਦਾ ਰਹਿੰਦਾ ਹੈ, ਉਹ ਮਨੁੱਖ ਪ੍ਰਭੂ ਨੂੰ ਪਿਆਰਾ ਲੱਗਣ ਲੱਗ ਪੈਂਦਾ ਹੈ, ਆਤਮਕ ਅਡੋਲਤਾ ਵਿਚ ਪ੍ਰੇਮ ਵਿਚ (ਉਸ ਟਿਕੇ ਹੋਏ ਨੂੰ) ਪਰਮਾਤਮਾ ਮਿਲ ਪੈਂਦਾ ਹੈ। ਉਹ ਮਨੁੱਖ ਹਰ ਵੇਲੇ (ਸਿਫ਼ਤਿ-ਸਾਲਾਹ ਦਾ) ਅਨੰਦ ਮਾਣਦਾ ਹੈ, ਆਨੰਦ ਵਿਚ ਲੀਨ ਰਹਿੰਦਾ ਹੈ, (ਗੁਰੂ ਦੇ) ਸ਼ਬਦ ਦੀ ਰਾਹੀਂ (ਉਹ ਮਨੁੱਖ ਪ੍ਰਭੂ ਵਿਚ) ਸੁਰਤਿ ਜੋੜੀ ਰੱਖਦਾ ਹੈ।
ਪਰ, ਹੇ ਭਾਈ! ਪੂਰਾ ਗੁਰੂ ਮਿਲਦਾ ਹੈ ਵੱਡੀ ਕਿਸਮਤ ਨਾਲ, (ਜਿਸ ਨੂੰ ਮਿਲਦਾ ਹੈ, ਉਹ) ਹਰ ਵੇਲੇ ਹਰਿ-ਨਾਮ ਸਿਮਰਦਾ ਰਹਿੰਦਾ ਹੈ। ਹੇ ਨਾਨਕ! ਉਹ ਮਨੁੱਖ ਹਰ ਵੇਲੇ ਆਤਮਕ ਅਡੋਲਤਾ ਵਿਚ ਟਿਕਿਆ ਰਹਿੰਦਾ ਹੈ, ਜਗਤ ਦਾ ਸਹਾਰਾ ਪ੍ਰਭੂ ਉਸ ਨੂੰ ਮਿਲ ਪੈਂਦਾ ਹੈ, ਉਹ ਮਨੁੱਖ ਉਸ ਅਵਸਥਾ ਵਿਚ ਲੀਨ ਰਹਿੰਦਾ ਹੈ ਜਿੱਥੇ ਮਾਇਆ ਦਾ ਕੋਈ ਫੁਰਨਾ ਪੋਹ ਨਹੀਂ ਸਕਦਾ।