ਨਾਇਬ ਸਿੰਘ ਕੋਹਾੜ ਹੋਣਗੇ ਸ਼ਾਹਕੋਟ ਤੋਂ ਅਕਾਲੀ ਦਲ ਦੇ ਉਮੀਦਵਾਰ

129

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਸ: ਸੁਖ਼ਬੀਰ ਸਿੰਘ ਬਾਦਲ ਨੇ ਅੱਜ ਸ: ਨਾਇਬ ਸਿੰਘ ਕੋਹਾੜ ਨੂੰ ਸ਼ਾਹਕੋਟ ਤੋਂ ਅਕਾਲੀ ਦਲ ਦਾ ਉਮੀਦਵਾਰ ਐਲਾਨ ਦਿੱਤਾ। ਇਸ ਦੇ ਨਾਲ ਹੀ ਉਨ੍ਹਾਂ ‘ਆਪ’ ਆਗੂ ਡਾ: ਅਮਰਜੀਤ ਸਿੰਘ ਥਿੰਦ ਨੂੰ ਪਾਰਟੀ ਵੱਲੋਂ ਉਮੀਦਵਾਰ ਬਣਾਏ ਜਾਣ ਬਾਰੇ ਕੀਤੀਆਂ ਜਾ ਰਹੀਆਂ ਕਿਆਸ ਅਰਾਈਆਂ ਨੂੰ ਵੀ ਵਿਰਾਮ ਲਗਾ ਦਿੱਤਾ।

ਸ: ਨਾਇਬ ਸਿੰਘ ਕੋਹਾੜ ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਜਥੇਦਾਰ ਅਜੀਤ ਸਿੰਘ ਕੋਹਾੜ ਦੇ ਬੇਟੇ ਹਨ। ਜ: ਅਜੀਤ ਸਿੰਘ ਕੋਹਾੜ ਦੀ ਬੀਤੇ ਮਹੀਨੇ ਅਚਾਨਕ ਮੌਤ ਹੋ ਜਾਣ ਮਗਰੋਂ ਸ਼ਾਹਕੋਟ ਸੀਟ ਖ਼ਾਲੀ ਹੋ ਗਈ ਸੀ। ਸ: ਸੁਖ਼ਬੀਰ ਸਿੰਘ ਬਾਦਲ ਨੇ ਨਾਇਬ ਸਿੰਘ ਕੋਹਾੜ ਨੂੰ ਸ਼ਾਹਕੋਟ ਜ਼ਿਮਨੀ ਚੋਣ ਲਈ ਉਮੀਦਵਾਰ ਬਨਾਉਣ ਸੰਬੰਧੀ ਐਲਾਨ ਅੱਜ ਸ਼ਾਹਕੋਟ ਵਿਚ ਹੋਏ ਇਕ ਸਮਾਗਮ ਦੌਰਾਨ ਕੀਤਾ ਜਿੱਥੇ ‘ਆਪ’ ਵੱਲੋਂ ਪਿਛਲੀਆਂ ਵਿਧਾਨ ਸਭਾ ਚੋਣਾਂ ਲੜੇ ਡਾ: ਅਮਰਜੀਤ ਸਿੰਘ ਥਿੰਦ ਨੇ ਸਾਥੀਆਂ ਸਣੇ ਸ਼੍ਰੋਮਣੀ ਅਕਾਲੀ ਦਲ ਵਿਚ ਸ਼ਾਮਿਲ ਹੋਣ ਦਾ ਐਲਾਨ ਕੀਤਾ।

ਡਾ: ਥਿੰਦ ਦਾ ਪਾਰਟੀ ਵਿਚ ਸਵਾਗਤ ਕਰਦਿਆਂ ਹੀ ਸ: ਸੁਖ਼ਬੀਰ ਸਿੰਘ ਬਾਦਲ ਨੇ ਜਥੇਦਾਰ ਕੋਹਾੜ ਦੇ ਬੇਟੇ ਨਾਇਬ ਸਿੰਘ ਕੋਹਾੜ ਨੂੰ ਉਮੀਦਵਾਰ ਐਲਾਨਦਿਆਂ ਹਲਕੇ ਦੇ ਲੋਕਾਂ ਨੂੰ ਉਨ੍ਹਾਂ ਨੂੰ ਜਥੇਦਾਰ ਕੋਹਾੜ ਨਾਲੋਂ ਵੀ ਵੱਡੇ ਫ਼ਰਕ ਨਾਲ ਜਿਤਾਉਣ ਦਾ ਸੱਦਾ ਦਿੱਤਾ। ਉਨ੍ਹਾਂ ਹਲਕੇ ਦੇ ਲੋਕਾਂ ਨੂੰ ਕਿਹਾ ਕਿ ਹਲਕੇ ਦੇ ਲੋਕਾਂ ਦੀ ਇਹ ਜ: ਕੋਹਾੜ ਨੂੰ ਸ਼ਰਧਾਂਜਲੀ ਹੋਵੇਗੀ ਕਿ ਉਹ ਉਨ੍ਹਾਂ ਦੇ ਬੇਟੇ ਸ: ਨਾਇਬ ਸਿੰਘ ਕੋਹਾੜ ਨੂੰ ਜੇਤੂ ਬਨਾਉਣ।