ਇਕ ਪਾਸੇ ਜਿਥੇ ਸਰਕਾਰ ਵੱਲੋਂ ਨਕਲ ਰੋਕਣ ਲਈ ਪੁਖਤਾ ਪ੍ਰਬੰਧ ਕੀਤੇ ਜਾਣ ਦਾ ਦਾਅਵਾ ਕੀਤਾ ਜਾ ਰਿਹਾ ਹੈ, ਉਥੇ ਹੀ ਕੁਝ ਅਜਿਹੇ ਲੋਕ ਵੀ ਹਨ, ਜੋ ਸਰਕਾਰ ਦੇ ਦਾਅਵਿਆਂ ਨੂੰ ਧੱਕਾ ਦੱਸ ਕੇ ਅੱਖਾਂ ‘ਚ ਘੱਟਾ ਪਾ ਕੇ ਦੂਜੇ ਦੀ ਜਗ੍ਹਾ ਬੇਧੜੱਕ ਪੇਪਰ ਦਿੰਦੇ ਹਨ। ਅਜਿਹਾ ਹੀ ਇਕ ਮਾਮਲਾ ਸਾਹਮਣੇ ਆਇਆ ਸਿੰਘ ਸਭਾ ਕੰਨਿਆ ਸਕੂਲ ‘ਚ ਬਣਾਏ ਗਏ ਸੈਂਟਰ ਵਿਚ, ਜਿਥੇ ਇਕ ਪ੍ਰਾਈਵੇਟ ਅਧਿਆਪਕ ਪ੍ਰਾਈਵੇਟ ਫਾਰਮ ਭਰ ਕੇ 10ਵੀਂ ਦੀ ਪ੍ਰੀਖਿਆ ਦੇ ਰਹੇ ਬੱਚੇ ਦੀ ਜਗ੍ਹਾ ‘ਤੇ ਪੇਪਰ ਦਿੰਦੇ ਹੋਏ ਫੜਿਆ ਗਿਆ। ਇਸ ਮਾਮਲੇ ਸਬੰਧੀ ਧਰਮ ਨਗਰੀ ਵਿਖੇ ਟੇਂਡਰ ਹਾਰਟ ਸੀਨੀਅਰ ਸੈਕੰਡਰੀ ਸਕੂਲ ਦੀ ਸੰਚਾਲਕਾ ਮੀਨਾਕਸ਼ੀ ਭੰਡਾਰੀ ਨੇ ਸੈਂਟਰ ‘ਤੇ ਪੱਖਪਾਤ ਦਾ ਇਲਜ਼ਾਮ ਲਾਇਆ ਹੈ।
ਫੜੇ ਗਏ ਪ੍ਰਾਈਵੇਟ ਅਧਿਆਪਕ ਪਿੰਡ ਗੋਬਿੰਦਗੜ੍ਹ ਵਾਸੀ ਬਨਵਾਰੀ ਲਾਲ ਨੇ ਮੰਨਿਆ ਕਿ ਉਸ ਨੇ 3500 ਰੁਪਏ ਲੈ ਕੇ ਇਕ ਪ੍ਰਾਈਵੇਟ ਪ੍ਰੀਖਿਆ ਦੇ ਰਹੇ ਬੱਚੇ ਦੀ ਥਾਂ ‘ਤੇ ਪੇਪਰ ਦਿੱਤਾ ਹੈ। ਉਸ ਨੇ ਇਹ ਵੀ ਮੰਨਿਆ ਕਿ ਇਸ ਤੋਂ ਪਹਿਲਾਂ ਵੀ ਉਸ ਨੇ ਆਪਣੇ ਪਿੰਡ ਦੇ ਬੱਚਿਆਂ ਦੀ ਜਗ੍ਹਾ ਪੇਪਰ ਦਿੱਤੇ ਹਨ। ਸੈਂਟਰ ਸਕੂਲ ਦੇ ਚੇਅਰਮੈਨ ਜਸਪਿੰਦਰ ਸਿੰਘ ਜਾਖੜ ਨੇ ਕਿਹਾ ਕਿ ਉਨ੍ਹਾਂ ਦੇ ਸਕੂਲ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਜਦਕਿ ਉਨ੍ਹਾਂ ਦਾ ਪ੍ਰੀਖਿਆ ਕੇਂਦਰਾਂ ਵਿਚ ਕੋਈ ਰੋਲ ਨਹੀਂ ਹੁੰਦਾ। ਉਨ੍ਹਾਂ ਕਿਹਾ ਕਿ ਸੁਪਰਡੈਂਟ ਹੀ ਪ੍ਰੀਖਿਆ ਲੈਂਦੇ ਹਨ ਅਤੇ ਜੋ ਵਿਅਕਤੀ ਪੇਪਰ ਦਿੰਦੇ ਫੜਿਆ ਗਿਆ ਹੈ, ਉਸ ਖਿਲਾਫ ਉਹ ਆਪਣੇ-ਆਪ ਸਖਤ ਕਾਰਵਾਈ ਕਰਵਾਉਣ।