ਥਾਣਾ ਤਲਵੰਡੀ ਚੌਧਰੀਆਂ ਅਧੀਨ ਪੈਂਦੇ ਪਿੰਡ ਮੰਗੂਪੁਰ ਅਤੇ ਹੁਸੈਨਪੁਰ ਦੂਲੋਵਾਲ ਵਿਚ ਬੀਤੀ ਰਾਤ ਚੋਰ ਬੇਖੌਫ ਹੋ ਕੇ ਘੁੰਮਦੇ ਰਹੇ ਅਤੇ ਇਸ ਦੌਰਾਨ ਉਨ੍ਹਾਂ ਨੇ 4 ਘਰਾਂ ਨੂੰ ਨਿਸ਼ਾਨਾ ਬਣਾਉਂਦਿਆਂ ਫੋਲਾ ਫਰਾਲੀ ਕੀਤੀ ਅਤੇ ਸਮਾਨ, ਨਕਦੀ ਅਤੇ ਗਹਿਣੇ ਲੈ ਗਏ | ਜਾਣਕਾਰੀ ਅਨੁਸਾਰ ਅਣਪਛਾਤੇ ਚੋਰਾਂ ਨੇ ਰਾਤ 1 ਵਜੇ ਤੋਂ ਤੜਕੇ 4 ਵਜੇ ਤੱਕ ਪਿੰਡ ਮੰਗੂਪੁਰ ਅਤੇ ਹੁਸੈਨਪੁਰ ਦੂਲੋਵਾਲ ਦੇ ਚਾਰ ਘਰਾਂ ਵਿਚ ਘੋਲਾ ਫਰਾਲੀ ਕੀਤੀ ਇਸ ਦੌਰਾਨ ਨਕਦੀ ਗਹਿਣੇ ਅਤੇ ਹੋਰ ਸਮਾਨ ਜੋ ਵੀ ਉਨ੍ਹਾਂ ਦੇ ਹੱਥ ਆਇਆ ਉਹ ਲੈ ਗਏ | ਸੁਖਦੇਵ ਸਿੰਘ ਪੁੱਤਰ ਸ: ਲਾਭ ਸਿੰਘ ਵਾਸੀ ਪਿੰਡ ਮੰਗੂਪੁਰ ਨੇ ਦੱਸਿਆ ਕਿ ਅੱਜ ਤੜਕੇ ਕਰੀਬ 3.45 ਵਜੇ ਜਦੋਂ ਉਸ ਦੀ ਪਤਨੀ ਚਰਨਜੀਤ ਕੌਰ ਆਪਣੇ ਕਮਰੇ ਵਿਚੋਂ ਸੁੱਤੀ ਉਠ ਕੇ ਬਾਹਰ ਆਈ ਤਾਂ ਉਸ ਨੇ ਦੋ ਅਣਪਛਾਤੇ ਵਿਅਕਤੀਆਂ ਨੂੰ ਘਰ ਦੇ ਸਟੋਰਨੁਮਾ ਕਮਰੇ ਵਿਚੋਂ ਬਾਹਰ ਭੱਜਦੇ ਦੇਖਿਆ ਅਤੇ ਰੌਲਾ ਪਾਇਆ |
ਉਸ ਦਾ ਰੌਲਾ ਸੁਣ ਕੇ ਪਰਿਵਾਰਕ ਮੈਂਬਰ ਉਠੇ ਅਤੇ ਉਕਤ ਵਿਅਕਤੀਆਂ ਦਾ ਪਿੱਛਾ ਕੀਤਾ ਪਰ ਉਹ ਹਨੇਰੇ ਦਾ ਫਾਇਦਾ ਉਠਾ ਕੇ ਭੱਜਣ ਵਿਚ ਫਰਾਰ ਹੋ ਗਏ | ਉਨ੍ਹਾਂ ਦੱਸਿਆ ਕਿ ਉਕਤ ਵਿਅਕਤੀ ਉਨ੍ਹਾਂ ਦੇ ਘਰੋਂ ਇਕ ਲੋਹੇ ਦਾ ਟਰੰਕ ਅਤੇ 2 ਸੂਟਕੇਸ ਚੋਰੀ ਕਰਕੇ ਲੈ ਗਏ | ਉਨ੍ਹਾਂ ਦੱਸਿਆ ਕਿ ਉਨ੍ਹਾਂ ਨੇ ਚੋਰਾਂ ਨੂੰ ਲੱਭਣ ਦੀ ਕੋਸ਼ਿਸ਼ ਕੀਤੀ ਪਰ ਉਹ ਹੱਥ ਨਹੀਂ ਆਏ | ਦਿਨ ਚੜ੍ਹੇ ਉਨ੍ਹਾਂ ਨੂੰ ਖੇਤਾਂ ‘ਚੋਂ ਫੋਲਾ ਫਰੋਲਾ ਕੀਤਾ ਟਰੰਕ ਅਤੇ ਦੋਵੇਂ ਸੂਟਕੇਸ ਲੱਭ ਗਏ | ਇਸ ਤੋਂ ਪਹਿਲਾਂ ਉਕਤ ਅਣਪਛਾਤੇ ਚੋਰ ਸੁਲਤਾਨਪੁਰ ਲੋਧੀ ਤੋਂ ਕਪੂਰਥਲਾ ਨੂੰ ਜਾਂਦੀ ਸੜਕ ਦੇ ਚੜ੍ਹਦੇ ਪਾਸੇ ਸੈਦਪੁਰ ਨੂੰ ਜਾਂਦੀ ਸੜਕ ਵਾਲੇ ਪਾਸਿਓਾ ਕੰਧ ਟੱਪ ਕੇ ਮਜ਼ਦੂਰ ਲਖਬੀਰ ਸਿੰਘ ਦੇ ਘਰ ਦਾਖਲ ਹੋਏ ਅਤੇ ਸਟੋਰ ਵਿਚ ਪਏ ਟਰੰਕ ਵਿਚੋਂ ਕੰਨ ਦੀਆਂ ਵਾਲੀਆਂ ਦਾ ਇੱਕ ਜੋੜਾ ਤੇ 5 ਹਜ਼ਾਰ ਰੁਪਏ ਨਾਲ ਹੱਥ ਸਾਫ਼ ਕਰਕੇ ਫ਼ਰਾਰ ਹੋ ਗਏ | ਪਤਾ ਉਸ ਸਮੇਂ ਲੱਗਾ ਜਦੋਂ ਲਖਬੀਰ ਦਾ ਭਰਾ 4 ਵਜੇ ਸੈਰ ਕਰਨ ਜਾਣ ਲੱਗਾ ਦੇਖਿਆ ਕਿ ਸਟੋਰ ਦਾ ਦਰਵਾਜ਼ਾ ਖੁੱਲ੍ਹਾ ਸੀ ਟਰੰਕ ਅਤੇ ਫ਼ਰਿਜ ਦਾ ਸਮਾਨ ਖਿੱਲਰਿਆ ਪਿਆ ਸੀ ਅਤੇ ਚੋਰ ਦੁੱਧ ਪੀ ਗਏ ਸਨ |
ਮੇਨ ਸੜਕ ‘ਤੇ ਚੜ੍ਹਦੇ ਪਾਸੇ ਵੀ ਚੋਰ 1 ਵਜੇ ਦੇ ਕਰੀਬ ਦਲਜੀਤ ਸਿੰਘ ਦੇ ਘਰ ਦਾਖਲ ਹੋਏ ਅਤੇ ਦੋਹਾਂ ਪਰਿਵਾਰਾਂ ਦੇ ਦਰਵਾਜ਼ਿਆਂ ਦੀ ਬਾਹਰੋਂ ਕੁੰਡੀਆਂ ਲਾ ਦਿੱਤੀਆਂ ਅਤੇ ਸਮਾਨ ਵਾਲੇ ਵੱਡੇ ਕਮਰੇ ਦੀ ਬੇਖ਼ੌਫ਼ ਹੋ ਕੇ ਤਲਾਸ਼ੀ ਕੀਤੀ ਪਰ ਕੁਝ ਵੀ ਹੱਥ ਨਹੀਂ ਲੱਗਿਆ | ਦਲਜੀਤ ਸਿੰਘ ਨੇ ਦੱਸਿਆ ਕਿ ਜਦੋਂ ਮੈਂ ਅਤੇ ਮੇਰੀ ਪਤਨੀ ਰਾਜਵਿੰਦਰ ਕੌਰ ਬਾਥਰੂਮ ਕਰਨ ਲਈ ਰਾਤ 1.15 ਵਜੇ ਉਠੇ ਤਾਂ ਬਾਹਰੋਂ ਦਰਵਾਜ਼ੇ ਦੀ ਕੁੰਡੀ ਲੱਗੀ ਹੋਈ ਤੇ ਅਸੀਂ ਬਾਰੀ ਖੋਲ੍ਹ ਕੇ ਬਾਹਰ ਨਿਕਲੇ ਦੇਖਿਆ ਤਾਂ ਵੱਡੇ ਕਮਰੇ ਦਾ ਦਰਵਾਜ਼ਾ ਖੁੱਲ੍ਹਾ ਸੀ | ਜਦੋਂ ਛੋਟੇ ਭਰਾ ਭਰਜਾਈ ਦਾ ਦਰਵਾਜ਼ਾ ਦੇਖਿਆ ਤਾਂ ਉਸ ਦੀ ਵੀ ਬਾਹਰੋਂ ਕੁੰਡੀ ਲੱਗੀ ਹੋਈ ਤੇ ਬਾਹਰਲਾ ਗੇਟ ਖੁੱਲ੍ਹਾ ਸੀ | ਸੜਕ ਦੇ ਲਹਿੰਦੇ ਪਾਸੇ ਪਲਵਿੰਦਰ ਸਿੰਘ ਜੋ ਕਿਸੇ ਪ੍ਰਾਈਵੇਟ ਸਕੂਲ ਦੀ ਬੱਸ ਚਲਾਉਂਦਾ ਹੈ ਚੋਰ 1.15 ਵਜੇ ਦੇ ਕਰੀਬ ਕੰਧ ਟੱਪ ਕੇ ਉਸ ਦੇ ਘਰ ਦਾਖਲ ਹੋਏ | ਬਾਹਰਲੇ ਗੇਟ ਦਾ ਕੁੰਡਾ ਖੋਲ੍ਹ ਦਿੱਤਾ | ਪਰਿਵਾਰ ਸੁੱਤਾ ਪਿਆ ਸੀ ਪਰ ਦਰਵਾਜ਼ੇ ਪੂਰੇ ਬੰਦ ਨਹੀਂ ਸਨ | ਚੋਰਾਂ ਨੇ ਦੋਵੇਂ ਦਰਵਾਜ਼ੇ ਕੱਪੜਿਆਂ ਨਾਲ ਬੰਨ੍ਹ ਦਿੱਤੇ ਤੇ ਚੋਰੀ ਕਰਨ ਲਈ ਸਟੋਰ ਵਿਚ ਦਾਖਲ ਹੋਣ ਲਈ ਬੱਤੀ ਜਗਾਈ |
ਪਲਵਿੰਦਰ ਦੀ ਮਾਤਾ ਪਰਮਜੀਤ ਕੌਰ ਨੇ ਦੱਸਿਆ ਕਿ ਜਦੋਂ ਉਨ੍ਹਾਂ ਬੱਤੀ ਜਗਾਈ ਤਾਂ ਮੈਂ ਆਪਣੇ ਮੂੰਹ ਤੋਂ ਕੰਬਲ ਲਾਹਿਆ ਤੇ ਪੁੱਛਿਆ, ਕੌਣ? ਉਨ੍ਹਾਂ ਦੇ ਮੂੰਹ ਬੰਨ੍ਹੇ ਹੋਏ ਸਨ ਤੇ ਭੱਜ ਗਏ | ਚੋਰਾਂ ਵਲੋਂ ਇਕੋ ਰਾਤ ਕੀਤੀਆਂ ਗਈਆਂ ਇਨ੍ਹਾਂ ਵਾਰਦਾਤਾਂ ਕਾਰਨ ਲੋਕਾਂ ਵਿਚ ਭਾਰੀ ਦਹਿਸ਼ਤ ਪਾਈ ਜਾ ਰਹੀ ਹੈ | ਲੋਕਾਂ ਦਾ ਕਹਿਣਾ ਹੈ ਕਿ ਕਾਂਗਰਸ ਸਰਕਾਰ ਅਤੇ ਪੁਲਿਸ ‘ਮਾਹੌਲ ਠੀਕ ਹੈ’ ਦੇ ਦਾਅਵੇ ਕਰਦੀ ਨਹੀਂ ਥੱਕਦੀ ਪਰ ਇਕੋ ਰਾਤ ਹੋਈਆਂ ਚੋਰੀ ਦੀਆਂ ਇਨ੍ਹਾਂ ਵਾਰਦਤਾਂ ਨੇ ਇਨ੍ਹਾਂ ਦਾਅਵਿਆਂ ਦੀ ਪੋਲ ਖੋਲ੍ਹ ਦਿੱਤੀ ਹੈ | ਕੁਝ ਸਮੇਂ ਲੁਟੇਰੇ ਅਤੇ ਚੋਰ ਫਿਰ ਸਰਗਰਮ ਹੋ ਗਏ ਹਨ | ਪ੍ਰਭਾਵਿਤ ਵਿਅਕਤੀ ਸੁਖਦੇਵ ਸਿੰਘ ਨੇ ਦੱਸਿਆ ਕਿ ਇਸ ਸਬੰਧੀ ਥਾਣਾ ਤਲਵੰਡੀ ਚੌਧਰੀਆਂ ਨੂੰ ਰਿਪੋਰਟ ਲਿਖਾ ਦਿੱਤੀ ਗਈ ਹੈ | ਇਨ੍ਹਾਂ ਵਾਰਦਾਤਾਂ ਸਬੰਧੀ ਜਦੋਂ ਥਾਣਾ ਤਲਵੰਡੀ ਚੌਧਰੀਆਂ ਨਾਲ ਸੰਪਰਕ ਕੀਤਾ ਤਾਂ ਐੱਸ.ਐੱਚ.ਓ. ਜਰਨੈਲ ਸਿੰਘ ਦਾ ਕਹਿਣਾ ਸੀ ਕਿ ਅਜੇ ਤੱਕ ਕੋਈ ਕੋਈ ਕਾਰਵਾਈ ਨਹੀਂ ਕੀਤੀ ਗਈ, ਜਿਸ ਪੁਲਿਸ ਅਸਰ ਕੋਲ ਕੇਸ ਹੈ ਉਹ ਥਾਣੇ ਨਹੀਂ ਸੀ | ਇਸੇ ਦੌਰਾਨ ਪਿੰਡ ਮੰਗੂਪੁਰ ਵਿਖੇ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ ਦੀ ਫੁਟੇਜ਼ ਤੋਂ ਪਤਾ ਲੱਗਾ ਹੈ ਕਿ ਤੜਕੇ ਤਕਰੀਬਨ 3:30 ਵਜੇ ਚਾਰ ਅਣਪਛਾਤੇ ਵਿਅਕਤੀ ਗੁਰਦੁਆਰਾ ਸਾਹਿਬ ਦੇ ਕੋਲ ਦੀ ਗਲੀ ਵਿਚੋਂ ਪੈਦਲ ਲੰਘ ਕੇ ਗਏ ਸਨ |