ਸੁਲਤਾਨਪੁਰ ਲੋਧੀ ਦੇ ਡਾਕਟਰ ਦਾ ਮਾਮਲਾ: ਪਤਨੀ ਨੇ ਹੀ ਕਰਵਾਇਆ ਹੈ ਦਿੱਲੀ ਦੇ ਮਨੋਵਿਗਿਆਨ ਮਾਹਿਰਾਂ ਕੋਲ ਦਾਖਲ: ਐਸ ਐਚ ਓ

79

ਪਵਿੱਤਰ ਨਗਰੀ ਸੁਲਤਾਨਪੁਰ ਲੋਧੀ ਦੇ ਪ੍ਰਸਿੱਧ ਮਲਟੀਸਪੈਸ਼ਲਿਟੀ ਹਸਪਤਾਲ ਦੇ ਡਾਕਟਰ ਅਮਨਪ੍ਰੀਤ ਸਿੰਘ ਦੇ ਲਾਪਤਾ ਹੋਣ ਦੀ ਕਹਾਣੀ ਨੇ ਅੱਜ ਨਵਾਂ ਮੋੜ ਲਿਆ ਜਦ ਇਸ ਕੇਸ ਦੀ ਜਾਂਚ ਕਰਕੇ ਨਵੀਂ ਦਿੱਲੀ ਤੋਂ ਪਰਤੇ ਥਾਨਾ ਸੁਲਤਾਨਪੁਰ ਲੋਧੀ ਦੇ ਐਸ ਐਚ ਓ ਸਰਬਜੀਤ ਸਿੰਘ ਇੰਸਪੈਕਟਰ ਤੇ ਏ ਐਸ ਆਈ ਗੁਰਦੀਪ ਸਿੰਘ ਨੇ ਦੱਸਿਆ ਕਿ ਡਾਕਟਰ ਅਮਨਪ੍ਰੀਤ ਸਿੰਘ ਨੂੰ ਅਗਵਾ ਕਰਨ ਦੇ ਦੋਸ਼ਾਂ ਵਿੱਚ ਕੋਈ ਸਚਾਈ ਨਹੀਂ ਹੈ ਤੇ ਡਾਕਟਰ ਅਮਨਪ੍ਰੀਤ ਸਿੰਘ ਨੂੰ ਉਸਦੀ ਪਤਨੀ ਡਾਕਟਰ ਸੰਦੀਪ ਕੌਰ ਨੇ ਹੀ ਖੁਦ ਆਪਣੇ ਡਾਕਟਰ ਪਤੀ ਦੇ ਇਲਾਜ ਲਈ ਮਨੋਵਿਗਿਆਨ ਮਾਹਿਰ ਡਾਕਟਰਾਂ ਕੋਲ ਨਵੀਂ ਦਿੱਲੀ ਦੇ ਇੱਕ ਡਰੱਗ ਰੀਹੇਬਿਲੀਟੇਸ਼ਨ ਸੈਟਰ( ਨਸ਼ਾ ਮੁਕਤੀ ਕੇੰਦਰ) ਦਿੱਲੀ ਵਿਖੇ ਦਾਖਲ ਕਰਵਾਇਆ ਸੀ। ਜਿੱਥੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ । ਇੰਸਪੈਕਟਰ ਸਰਬਜੀਤ ਸਿੰਘ ਜੋ ਪੁਲਿਸ ਪਾਰਟੀ ਨਾਲ ਦਿੱਲੀ ਦੇ ਉਕਤ ਨਸ਼ਾ ਛੁਡਾਊ ਸੈਟਰ ਵਿਖੇ ਗਏ ਸਨ ਨੇ ਪਰਤ ਕੇ ਦੱਸਿਆ ਕਿ ਉਹ ਖੁਦ ਦੇਖ ਕੇ ਤੇ ਸੰਬੰਧਤ ਡਾਕਟਰਾਂ ਨੂੰ ਮਿਲ ਕੇ ਆਏ ਹਨ ਕਿ ਡਾਕਟਰ ਅਮਨਪ੍ਰੀਤ ਸਿੰਘ ਦੀ ਪਤਨੀ ਨੇ ਹੀ ਆਪਣੇ ਪਤੀ ਦੇ ਇਲਾਜ ਲਈ ਦਿੱਲੀ ਦੇ ਊਕਤ ਸੈਟਰ ਵਿੱਚ ਦਾਖਲ ਕਰਵਾਇਆ ਗਿਆ ਹੈ। ਉਨ੍ਹਾਂ ਦੱਸਿਆ ਕਿ ਡਾਕਟਰ ਅਮਨਪ੍ਰੀਤ ਸਿੰਘ ਨਾਲ ਉਨ੍ਹਾਂ ਖੁਦ ਗੱਲਬਾਤ ਵੀ ਕੀਤੀ । ਉਨ੍ਹਾਂ ਦੱਸਿਆ ਕਿ ਸੰਪਰਕ ਫਾਉਂਡੇਸ਼ਨ ਵਲੋ ਦਿੱਲੀ ਦਾ ਚਲਾਇਆ ਜਾ ਰਿਹਾ ਸਰਕਾਰੀ ਸੈਟਰ ਹੈ ਜਿੱਥੇ ਮਨੋਵਿਗਿਆਨ ਮਾਹਿਰ ਡਾਕਟਰ ਤੇ ਹੋਰ ਟੀਮ ਦਾਖਲ ਕਰਵਾਏ ਵਿਅਕਤੀਆਂ ਦਾ ਇਲਾਜ ਤੇ ਦੇਖਭਾਲ ਕਰਦੇ ਹਨ । ਇੱਥੇ ਇਹ ਗੱਲ ਵਰਣਨਯੋਗ ਹੈ ਕਿ ਸੁਲਤਾਨਪੁਰ ਲੋਧੀ ਦੇ ਪ੍ਰਸਿੱਧ ਮਲਟੀਸ਼ਪੈਸ਼ਲਿਟੀ ਹਸਪਤਾਲ ਦਾ ਮੁਖੀ ਡਾਕਟਰ ਅਮਨਪ੍ਰੀਤ ਸਿੰਘ ,ਜਿਸਨੂੰ 26 ਜਨਵਰੀ ਦੀ ਤੜਕਸਾਰ ਆਪਣੀ ਰਿਹਾਇਸ਼ ਤੋਂ ਅਚਨਚੇਤ ਕੋਈ ਗੱਡੀ ਵਿੱਚ ਬਿਠਾ ਕੇ ਲੈ ਗਿਆ ਸੀ ਜਿਸ ਬਾਰੇ ਸਿਰਫ ਉਸਦੀ ਪਤਨੀ ਨੂੰ ਹੀ ਜਾਣਕਾਰੀ ਸੀ ।ਜਿਸ ਕਾਰਨ ਡਾਕਟਰ ਨੂੰ ਅਗਵਾ ਦੀ ਖਬਰ ਜੰਗਲ ਦੀ ਅੱਗ ਵਾਂਗ ਫੈਲ ਗਈ ਤੇ ਕਈ ਪ੍ਰਕਾਰ ਦੀ ਚਰਚਾ ਸ਼ੁਰੂ ਹੋ ਗਈ । ਭਾਵੇ ਡੀ ਐਸ ਪੀ ਸੁਲਤਾਨਪੁਰ ਲੋਧੀ ਵਰਿਆਮ ਸਿੰਘ ਖਹਿਰਾ ਤੇ ਐਸ ਐਚ ਓ ਸਰਬਜੀਤ ਸਿੰਘ ਨੇ ਉਸ ਸਮੇ ਹੀ ਜਾਂਚ ਕਰਕੇ ਸ਼ਪੱਸ਼ਟ ਕੀਤਾ ਸੀ ਕਿ ਡਾਕਟਰ ਨੂੰ ਕਿਸੇ ਨੇ ਅਗਵਾ ਨਹੀ ਕੀਤਾ । ਇਸ ਮਾਮਲੇ ਸੰਬੰਧੀ ਇੰਸਪੈਕਟਰ ਸਰਬਜੀਤ ਸਿੰਘ ਵਲੋ ਡਾਕਟਰ ਅਮਨਪ੍ਰੀਤ ਸਿੰਘ ਦੀਆਂ ਦਿੱਲੀ ਦੇ ਉਕਤ ਸੈਟਰ ਤੋ ਫੋਟੋਆਂ ਵੀ ਖਿੱਚ ਕੇ ਸਬੂਤ ਵਜੋ ਨਾਲ ਲਿਆਂਦੀਆਂ ਹਨ।