ਗੈਰ ਕਾਨੂੰਨੀ ਤਰੀਕੇ ਨਾਲ ਇਟਲੀ ‘ਚ ਦਾਖਲ ਹੋਣ ਦੀ ਕੋਸ਼ਿਸ਼ ਕਰ ਰਹੇ ਪੰਜਾਬੀ ਦੀ ਮੌਤ

163

ਲੋਹੀਆਂ ਬਲਾਕ ਦੇ ਪਿੰਡ ਗਿੱਦੜ ਪਿੰਡੀ (ਜਲੰਧਰ) ਦੇ ਇਕ ਨੌਜਵਾਨ ਵੀਰਪਾਲ ਸਿੰਘ (23) ਪੁੱਤਰ ਕਰਮ ਸਿੰਘ ਦੀ ਸਰਬੀਆ-ਕਰੋਸ਼ੀਆ ਦੀ ਸਰਹੱਦ ‘ਤੇ ਪੈਂਦੀ ਨਦੀ ਪਾਰ ਕਰਦਿਆਂ ਮੌਤ ਹੋਣ ਦਾ ਦੁਖਦਾਈ ਸਮਾਚਾਰ ਪ੍ਰਾਪਤ ਹੋਇਆ ਹੈ।  ਮ੍ਰਿਤਕ ਦੇ ਪਿਤਾ ਕਰਮ ਸਿੰਘ ਧੰਜੂ ਪੁੱਤਰ ਰਤਨ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਪੁੱਤਰ ਨੇ ਫਿਲੌਰ ਦੇ ਇਕ ਏਜੰਟ ਨਾਲ ਪਿੰਡ ਦੇ ਇਕ ਦੂਸਰੇ ਏਜੰਟ ਰਾਹੀਂ ਲੱਗਭੱਗ ਸਾਢੇ 9 ਲੱਖ ਰੁਪਏ ਨਗਦ ਦੇ ਕੇ ਇਟਲੀ ਜਾਣਾ ਤਹਿ ਕੀਤਾ ਸੀ। ਵੀਰਪਾਲ ਘਰੋਂ 5 ਨਵੰਬਰ 2017 ਨੂੰ ਦਿੱਲੀ ਤੋਂ ਸਰਬੀਆ ਲਈ ਰਵਾਨਾ ਹੋਇਆ ਸੀ। ਉਨ੍ਹਾਂ ਦੀ ਵੀਰਪਾਲ ਨਾਲ ਵਟਸਐੱਪ ‘ਤੇ ਗੱਲਬਾਤ ਹੁੰਦੀ ਰਹਿੰਦੀ ਸੀ ਅਤੇ 1 ਦਸੰਬਰ ਦੀ ਰਾਤ ਦੇ ਤੜਕੇ ਆਖਰੀ ਵਾਰ ਗੱਲਬਾਤ ਹੋਈ ਸੀ, ਜਿਸ ਵਿਚ ਉਸ ਨੇ ਦੱਸਿਆ ਸੀ ਕਿ ਏਜੰਟ ਸਾਨੂੰ ਧੱਕੇ ਨਾਲ ਸਰਬੀਆ ਤੋਂ ਕਰੋਸ਼ੀਆ ਵਾਸਤੇ ਨਦੀ ਰਾਹੀਂ ਤੈਰ ਕੇ ਜਾਣ ਲਈ ਮਜ਼ਬੂਰ ਕਰ ਰਹੇ ਹਨ ਪਰ ਅਸੀਂ ਨਹੀਂ ਜਾਣਾ ਚਾਹੁੰਦੇ। ਉਸ ਤੋਂ ਅਗਲੇ ਦਿਨ ਹੀ ਵੀਰਪਾਲ ਸਿੰਘ ਦਾ ਫੋਨ ਬੰਦ ਆਉਣ ਲੱਗ ਪਿਆ। ਉਨ੍ਹਾਂ ਕਿਹਾ ਕਿ 9 ਤੇ 10 ਦਿਨ ਦੀ ਚਿੰਤਾ ਤੋਂ ਬਾਅਦ ਆਖੀਰ ਸਾਡੇ ਨਾਲ ਵੀ ਧੋਖਾ ਹੋਣ ਦਾ ਸੁਨੇਹਾ ਮਿਲਿਆ। ਜਦੋਂ ਫਿਰੋਜ਼ਪੁਰ ਦੇ ਦੋ ਨੌਜਵਾਨਾਂ ਜੋ ਵੀਰਪਾਲ ਨਾਲ ਨਦੀ ਪਾਰ ਕਰ ਰਹੇ ਸਨ ਨੇ, ਆਪਣੇ ਘਰ ਫੋਨ ਕਰਕੇ ਦੱਸਿਆ ਕਿ ਗਿੱਦੜ ਪਿੰਡੀ ਦੇ ਵੀਰਪਾਲ ਸਿੰਘ ਦੀ ਪਾਣੀ ‘ਚ ਡੁੱਬਣ ਨਾਲ ਮੌਤ ਹੋ ਗਈ ਹੈ, ਜਿਸ ਦੀ ਜਾਣਕਾਰੀ ਉਨ੍ਹਾਂ ਦੇ ਪਰਿਵਾਰ ਵੱਲੋਂ ਸਾਨੂੰ ਦਿੱਤੀ ਗਈ। ਉਨ੍ਹਾਂ ਕਿਹਾ ਕਿ ਅਸੀਂ ਏਜੰਟਾਂ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਸਾਨੂੰ ਕਿਹਾ ਕਿ ਮੁੰਡਾ ਪੁਲਸ ਦੀ ਕਸਟੱਡੀ ਵਿਚ ਹੈ ਪਰ ਬੀਤੇ ਦਿਨ ਫਿਰੋਜ਼ਪੁਰ ਦੇ ਨੌਜਵਾਨ ਆਪਣੇ ਪੱਲਿਓਂ ਟਿਕਟਾਂ ਦੇ ਪੈਸੇ ਲਾ ਕੇ ਵਾਪਸ ਘਰ ਪਰਤ ਆਏ ਤੇ ਉਨ੍ਹਾਂ ਨੇ ਸਾਨੂੰ ਸਾਰੀ ਕਹਾਣੀ ਦੱਸੀ।
ਕਰਮ ਸਿੰਘ ਨੇ ਦੱਸਿਆ ਕਿ ਵੀਰਪਾਲ ਸਿੰਘ ਦੀ ਮੌਤ ਦੀ ਪੁਸ਼ਟੀ ਹੋ ਜਾਣ ਉਪਰੰਤ ਅਸੀਂ ਇਹ ਸਾਰਾ ਮਾਮਲਾ ਜਲੰਧਰ ਦੇ ਐੱਸ.ਐੱਸ.ਪੀ. ਦੇ ਧਿਆਨ ਵਿਚ ਲਿਆਂਦਾ ਹੈ ਅਤੇ ਮੰਗ ਕਰਦੇ ਹਾਂ ਕਿ ਇਨ੍ਹਾਂ ਕਥਿਤ ਧੋਖੇਬਾਜ਼ ਏਜੰਟਾਂ ਵਿਰੁੱਧ ਕਾਰਵਾਈ ਕੀਤੀ ਜਾਵੇ। ਇਥੇ ਦੱਸਣਯੋਗ ਹੈ ਕਿ ਵੀਰਪਾਲ ਸਿੰਘ ਦਾ ਇਕ ਵੱਡਾ ਭਰਾ ਕੁਵੈਤ ਵਿਚ ਹੈ ਅਤੇ ਇਕ ਵੱਡੀ ਭੈਣ ਹੈ।