Today’s Hukamnama from Gurdwara Damdama Sahib Thatta

58

ਬੁੱਧਵਾਰ 15 ਨਵੰਬਰ 2017 (30 ਕੱਤਕ ਸੰਮਤ 549 ਨਾਨਕਸ਼ਾਹੀ)

ਰਾਗੁ ਸੋਰਠਿ ਬਾਣੀ ਭਗਤ ਕਬੀਰ ਜੀ ਕੀ ਘਰੁ ੧    ੴ ਸਤਿਗੁਰ ਪ੍ਰਸਾਦਿ ॥ ਬੁਤ ਪੂਜਿ ਪੂਜਿ ਹਿੰਦੂ ਮੂਏ ਤੁਰਕ ਮੂਏ ਸਿਰੁ ਨਾਈ ॥ ਓਇ ਲੇ ਜਾਰੇ ਓਇ ਲੇ ਗਾਡੇ ਤੇਰੀ ਗਤਿ ਦੁਹੂ ਨ ਪਾਈ ॥੧॥ ਮਨ ਰੇ ਸੰਸਾਰੁ ਅੰਧ ਗਹੇਰਾ ॥ ਚਹੁ ਦਿਸ ਪਸਰਿਓ ਹੈ ਜਮ ਜੇਵਰਾ ॥੧॥ ਰਹਾਉ ॥ ਕਬਿਤ ਪੜੇ ਪੜਿ ਕਬਿਤਾ ਮੂਏ ਕਪੜ ਕੇਦਾਰੈ ਜਾਈ ॥ ਜਟਾ ਧਾਰਿ ਧਾਰਿ ਜੋਗੀ ਮੂਏ ਤੇਰੀ ਗਤਿ ਇਨਹਿ ਨ ਪਾਈ ॥੨॥ ਦਰਬੁ ਸੰਚਿ ਸੰਚਿ ਰਾਜੇ ਮੂਏ ਗਡਿ ਲੇ ਕੰਚਨ ਭਾਰੀ ॥ ਬੇਦ ਪੜੇ ਪੜਿ ਪੰਡਿਤ ਮੂਏ ਰੂਪੁ ਦੇਖਿ ਦੇਖਿ ਨਾਰੀ ॥੩॥ ਰਾਮ ਨਾਮ ਬਿਨੁ ਸਭੈ ਬਿਗੂਤੇ ਦੇਖਹੁ ਨਿਰਖਿ ਸਰੀਰਾ ॥ ਹਰਿ ਕੇ ਨਾਮ ਬਿਨੁ ਕਿਨਿ ਗਤਿ ਪਾਈ ਕਹਿ ਉਪਦੇਸੁ ਕਬੀਰਾ ॥੪॥੧॥ {ਅੰਗ 654}

ਅਰਥ: ਹੇ ਮੇਰੇ ਮਨ! ਅਗਿਆਨਤਾ ਦੇ ਕਾਰਨ) ਸਿਮਰਨ ਤੋਂ ਖੁੰਝ ਕੇ ਜਗਤ ਇਕ ਹਨੇਰਾ ਖਾਤਾ ਬਣਿਆ ਪਿਆ ਹੈ, ਅਤੇ ਚੌਹੀਂ ਪਾਸੀਂ ਜਮਾਂ ਦੀ ਫਾਹੀ ਖਿਲਰੀ ਪਈ ਹੈ (ਭਾਵ, ਲੋਕ ਉਹ ਉਹ ਕੰਮ ਹੀ ਕਰ ਰਹੇ ਹਨ ਜਿਨ੍ਹਾਂ ਨਾਲ ਹੋਰ ਵਧੀਕ ਅਗਿਆਨਤਾ ਵਿਚ ਫਸਦੇ ਜਾਣ) ੧।ਰਹਾਉ। ਹਿੰਦੂ ਲੋਕ ਬੁਤਾਂ ਦੀ ਪੂਜਾ ਕਰ ਕਰ ਕੇ ਖ਼ੁਆਰ ਹੋ ਰਹੇ ਹਨ, ਮੁਸਲਮਾਨ (ਰੱਬ ਨੂੰ ਮੱਕੇ ਵਿਚ ਹੀ ਸਮਝ ਕੇ ਉਧਰ) ਸਿਜਦੇ ਕਰ ਰਹੇ ਹਨ, ਹਿੰਦੂਆਂ ਨੇ ਆਪਣੇ ਮੁਰਦੇ ਸਾੜ ਦਿੱਤੇ ਤੇ ਮੁਸਲਮਾਨਾਂ ਦੇ ਦੱਬ ਦਿੱਤੇ (ਇਸੇ ਵਿਚ ਹੀ ਝਗੜਦੇ ਰਹੇ ਕਿ ਸੱਚਾ ਕੌਣ ਹੈ) । (ਹੇ ਪ੍ਰਭੂ) ਤੂੰ ਕਿਹੋ ਜਿਹਾ ਹੈਂ? ਇਹ ਸਮਝ ਦੋਹਾਂ ਧਿਰਾਂ ਨੂੰ ਨਾਹ ਪਈ।੧। (ਵਿਦਵਾਨ) ਕਵੀ ਲੋਕ ਆਪੋ ਆਪਣੀ ਕਾਵਿ-ਰਚਨਾ ਪੜ੍ਹਨ (ਭਾਵ, ਵਿੱਦਿਆ ਦੇ ਮਾਣ) ਵਿਚ ਹੀ ਮਸਤ ਹਨ, ਕਾਪੜੀ (ਆਦਿਕ) ਸਾਧੂ ਕੇਦਾਰਾ (ਆਦਿਕ) ਤੀਰਥਾਂ ਤੇ ਜਾ ਜਾ ਕੇ ਜੀਵਨ ਵਿਅਰਥ ਗਵਾਉਂਦੇ ਹਨ; ਜੋਗੀ ਲੋਕ ਜਟਾ ਰੱਖ ਰੱਖ ਕੇ ਹੀ ਇਹ ਸਮਝਦੇ ਰਹੇ ਕਿ ਇਹੀ ਰਾਹ ਠੀਕ ਹੈ। (ਹੇ ਪ੍ਰਭੂ!) ਤੇਰੀ ਬਾਬਤ ਸੂਝ ਇਹਨਾਂ ਲੋਕਾਂ ਨੂੰ ਭੀ ਨਾਹ ਪਈ।੨। ਰਾਜੇ ਧਨ ਜੋੜ ਜੋੜ ਕੇ ਉਮਰ ਗੰਵਾ ਗਏ, ਉਹਨਾਂ ਸੋਨੇ (ਆਦਿਕ) ਦੇ ਢੇਰ (ਭਾਵ, ਖ਼ਜ਼ਾਨੇ) ਧਰਤੀ ਵਿਚ ਦੱਬ ਰੱਖੇ, ਪੰਡਿਤ ਲੋਕ ਵੇਦ-ਪਾਠੀ ਹੋਣ ਦੇ ਹੰਕਾਰ ਵਿਚ ਖਪਦੇ ਹਨ, ਤੇ, ਇਸਤ੍ਰੀਆਂ (ਸ਼ੀਸ਼ੇ ਵਿਚ) ਆਪਣੇ ਰੂਪ ਤੱਕਣ ਵਿਚ ਹੀ ਜ਼ਿੰਦਗੀ ਅਜਾਈਂ ਬਿਤਾ ਰਹੀਆਂ ਹਨ।੩। ਆਪੋ-ਆਪਣੇ ਅੰਦਰ ਝਾਤ ਮਾਰ ਕੇ ਵੇਖ ਲਵੋ, ਪਰਮਾਤਮਾ ਦੇ ਨਾਮ ਦਾ ਸਿਮਰਨ ਕਰਨ ਤੋਂ ਬਿਨਾ ਸਭ ਜੀਵ ਖ਼ੁਆਰ ਹੋ ਰਹੇ ਹਨ। ਕਬੀਰ ਸਿੱਖਿਆ ਦੀ ਗੱਲ ਆਖਦਾ ਹੈ ਕਿ ਪਰਮਾਤਮਾ ਦੇ ਨਾਮ ਤੋਂ ਬਿਨਾ ਕਿਸੇ ਨੂੰ (ਜੀਵਨ ਦੀ) ਸਹੀ ਸੂਝ ਨਹੀਂ ਪੈਂਦੀ।੪।੧। ਸ਼ਬਦ ਦਾ ਭਾਵ: ਸਿਮਰਨ ਤੋਂ ਬਿਨਾ ਜੀਵਨ ਵਿਅਰਥ ਹੈ। ਸਿਮਰਨ-ਹੀਨ ਬੰਦਿਆਂ ਲਈ ਇਹ ਜਗਤ ਇਕ ਅੰਨ੍ਹਾ ਖਾਤਾ ਹੈ, ਉਹਨਾਂ ਦੇ ਕਰਮ ਉਹਨਾਂ ਵਾਸਤੇ ਹੋਰ ਹੋਰ ਫਾਹੀ ਦਾ ਕੰਮ ਕਰਦੇ ਹਨ।

ਵਾਹਿਗੁਰੂ ਜੀ ਕਾ ਖ਼ਾਲਸਾ । ਵਾਹਿਗੁਰੂ ਜੀ ਕੀ ਫ਼ਤਹਿ ॥