ਬੁੱਧਵਾਰ 1 ਨਵੰਬਰ 2017 (16 ਕੱਤਕ ਸੰਮਤ 549 ਨਾਨਕਸ਼ਾਹੀ)
ਜੈਤਸਰੀ ਮਹਲਾ ੫ ਘਰੁ ੩ ੴ ਸਤਿਗੁਰ ਪ੍ਰਸਾਦਿ ॥ ਕੋਈ ਜਾਨੈ ਕਵਨੁ ਈਹਾ ਜਗਿ ਮੀਤੁ ॥ ਜਿਸੁ ਹੋਇ ਕ੍ਰਿਪਾਲੁ ਸੋਈ ਬਿਧਿ ਬੂਝੈ ਤਾ ਕੀ ਨਿਰਮਲ ਰੀਤਿ ॥੧॥ ਰਹਾਉ ॥ ਮਾਤ ਪਿਤਾ ਬਨਿਤਾ ਸੁਤ ਬੰਧਪ ਇਸਟ ਮੀਤ ਅਰੁ ਭਾਈ ॥ ਪੂਰਬ ਜਨਮ ਕੇ ਮਿਲੇ ਸੰਜੋਗੀ ਅੰਤਹਿ ਕੋ ਨ ਸਹਾਈ ॥੧॥ ਮੁਕਤਿ ਮਾਲ ਕਨਿਕ ਲਾਲ ਹੀਰਾ ਮਨ ਰੰਜਨ ਕੀ ਮਾਇਆ ॥ ਹਾ ਹਾ ਕਰਤ ਬਿਹਾਨੀ ਅਵਧਹਿ ਤਾ ਮਹਿ ਸੰਤੋਖੁ ਨ ਪਾਇਆ ॥੨॥ ਹਸਤਿ ਰਥ ਅਸ੍ਵ ਪਵਨ ਤੇਜ ਧਣੀ ਭੂਮਨ ਚਤੁਰਾਂਗਾ ॥ ਸੰਗਿ ਨ ਚਾਲਿਓ ਇਨ ਮਹਿ ਕਛੂਐ ਊਠਿ ਸਿਧਾਇਓ ਨਾਂਗਾ ॥੩॥ ਹਰਿ ਕੇ ਸੰਤ ਪ੍ਰਿਅ ਪ੍ਰੀਤਮ ਪ੍ਰਭ ਕੇ ਤਾ ਕੈ ਹਰਿ ਹਰਿ ਗਾਈਐ ॥ ਨਾਨਕ ਈਹਾ ਸੁਖੁ ਆਗੈ ਮੁਖ ਊਜਲ ਸੰਗਿ ਸੰਤਨ ਕੈ ਪਾਈਐ ॥੪॥੧॥ {ਅੰਗ 700}
ਅਰਥ: ਹੇ ਭਾਈ! ਕੋਈ ਵਿਰਲਾ ਮਨੁੱਖ ਜਾਣਦਾ ਹੈ (ਕਿ) ਇਥੇ ਜਗਤ ਵਿਚ (ਅਸਲੀ) ਮਿੱਤਰ ਕੌਣ ਹੈ। ਜਿਸ ਮਨੁੱਖ ਉੱਤੇ (ਪਰਮਾਤਮਾ) ਦਇਆਵਾਨ ਹੁੰਦਾ ਹੈ, ਉਹੀ ਮਨੁੱਖ ਇਸ ਗੱਲ ਨੂੰ ਸਮਝਦਾ ਹੈ, (ਫਿਰ) ਉਸ ਮਨੁੱਖ ਦੀ ਜੀਵਨਿ-ਜੁਗਤਿ ਪਵਿੱਤ੍ਰ ਹੋ ਜਾਂਦੀ ਹੈ।੧।ਰਹਾਉ। ਹੇ ਭਾਈ! ਮਾਂ ਪਿਉ, ਇਸਤ੍ਰੀ, ਪੁੱਤਰ, ਰਿਸ਼ਤੇਦਾਰ, ਪਿਆਰੇ ਮਿੱਤਰ ਅਤੇ ਭਰਾ-ਇਹ ਸਾਰੇ ਪਹਿਲੇ ਜਨਮਾਂ ਦੇ ਸੰਜੋਗਾਂ ਕਰਕੇ (ਇਥੇ) ਮਿਲ ਪਏ ਹਨ। ਅਖ਼ੀਰ ਵੇਲੇ ਇਹਨਾਂ ਵਿਚੋਂ ਕੋਈ ਭੀ ਸਾਥੀ ਨਹੀਂ ਬਣਦਾ।੧। ਹੇ ਭਾਈ! ਮੋਤੀਆਂ ਦੀ ਮਾਲਾ, ਸੋਨਾ, ਲਾਲ, ਹੀਰੇ, ਮਨ ਨੂੰ ਖ਼ੁਸ਼ ਕਰਨ ਵਾਲੀ ਮਾਇਆ-ਇਹਨਾਂ ਵਿਚ (ਲੱਗਿਆਂ) ਸਾਰੀ ਉਮਰ ‘ਹਾਇ, ਹਾਇ‘ ਕਰਦਿਆਂ ਗੁਜ਼ਰ ਜਾਂਦੀ ਹੈ, ਮਨ ਨਹੀਂ ਰੱਜਦਾ।੨। ਹੇ ਭਾਈ! ਹਾਥੀ, ਰਥ, ਹਵਾ ਦੇ ਵੇਗ ਵਰਗੇ ਘੋੜੇ (ਹੋਣ) , ਧਨਾਢ ਹੋਵੇ, ਜ਼ਿਮੀ ਦਾ ਮਾਲਕ ਹੋਵੇ, ਚਾਰ ਕਿਸਮ ਦੀ ਫ਼ੌਜ ਦਾ ਮਾਲਕ ਹੋਵੇ-ਇਹਨਾਂ ਵਿਚੋਂ (ਭੀ) ਕੋਈ ਚੀਜ਼ ਭੀ ਨਾਲ ਨਹੀਂ ਜਾਂਦੀ, (ਇਹਨਾਂ ਦਾ ਮਾਲਕ ਮਨੁੱਖ ਇਥੋਂ) ਨੰਗਾ ਹੀ ਉੱਠ ਕੇ ਤੁਰ ਪੈਂਦਾ ਹੈ।੩। ਹੇ ਨਾਨਕ! ਪਰਮਾਤਮਾ ਦੇ ਸੰਤ ਜਨ ਪਰਮਾਤਮਾ ਦੇ ਪਿਆਰੇ ਹੁੰਦੇ ਹਨ, ਉਹਨਾਂ ਦੀ ਸੰਗਤਿ ਵਿਚ ਪਰਮਾਤਮਾ ਦੀ ਸਿਫ਼ਤਿ-ਸਾਲਾਹ ਕਰਨੀ ਚਾਹੀਦੀ ਹੈ। ਇਸ ਲੋਕ ਵਿਚ ਸੁਖ ਮਿਲਦਾ ਹੈ, ਪਰਲੋਕ ਵਿਚ ਸੁਰਖ਼-ਰੂ ਹੋ ਜਾਈਦਾ ਹੈ। (ਪਰ ਇਹ ਦਾਤਿ) ਸੰਤ ਜਨਾਂ ਦੀ ਸੰਗਤਿ ਵਿਚ ਹੀ ਮਿਲਦੀ ਹੈ।੪।੧।
ਵਾਹਿਗੁਰੂ ਜੀ ਕਾ ਖ਼ਾਲਸਾ । ਵਾਹਿਗੁਰੂ ਜੀ ਕੀ ਫ਼ਤਹਿ ॥