Today’s Hukamnama from Gurdwara Baba Darbara Singh Ji Tibba

75

ਸ਼ੁੱਕਰਵਾਰ 27 ਅਕਤੂਬਰ 2017 (11 ਕੱਤਕ ਸੰਮਤ 549 ਨਾਨਕਸ਼ਾਹੀ)

ਸੋਰਠਿ ਮਹਲਾ ੫ ॥ ਗੁਰਿ ਪੂਰੈ ਕੀਤੀ ਪੂਰੀ ॥ ਪ੍ਰਭੁ ਰਵਿ ਰਹਿਆ ਭਰਪੂਰੀ ॥ ਖੇਮ ਕੁਸਲ ਭਇਆ ਇਸਨਾਨਾ ॥ ਪਾਰਬ੍ਰਹਮ ਵਿਟਹੁ ਕੁਰਬਾਨਾ ॥੧॥ ਗੁਰ ਕੇ ਚਰਨ ਕਵਲ ਰਿਦ ਧਾਰੇ ॥ ਬਿਘਨੁ ਨ ਲਾਗੈ ਤਿਲ ਕਾ ਕੋਈ ਕਾਰਜ ਸਗਲ ਸਵਾਰੇ ॥੧॥ ਰਹਾਉ ॥ ਮਿਲਿ ਸਾਧੂ ਦੁਰਮਤਿ ਖੋਏ ॥ ਪਤਿਤ ਪੁਨੀਤ ਸਭ ਹੋਏ ॥ ਰਾਮਦਾਸਿ ਸਰੋਵਰ ਨਾਤੇ ॥ ਸਭ ਲਾਥੇ ਪਾਪ ਕਮਾਤੇ ॥੨॥ ਗੁਨ ਗੋਬਿੰਦ ਨਿਤ ਗਾਈਐ ॥ ਸਾਧਸੰਗਿ ਮਿਲਿ ਧਿਆਈਐ ॥ ਮਨ ਬਾਂਛਤ ਫਲ ਪਾਏ ॥ ਗੁਰੁ ਪੂਰਾ ਰਿਦੈ ਧਿਆਏ ॥੩॥ ਗੁਰ ਗੋਪਾਲ ਆਨੰਦਾ ॥ ਜਪਿ ਜਪਿ ਜੀਵੈ ਪਰਮਾਨੰਦਾ ॥ ਜਨ ਨਾਨਕ ਨਾਮੁ ਧਿਆਇਆ ॥ ਪ੍ਰਭ ਅਪਨਾ ਬਿਰਦੁ ਰਖਾਇਆ ॥੪॥੧੦॥੬੦॥ {ਅੰਗ 624}

ਅਰਥ: ਹੇ ਭਾਈ! ਜਿਸ ਮਨੁੱਖ ਨੇ ਗੁਰੂ ਦੇ ਕੌਲ ਫੁੱਲ ਵਰਗੇ ਕੋਮਲ ਚਰਨ ਆਪਣੇ ਹਿਰਦੇ ਵਿਚ ਵਸਾ ਲਏ, (ਉਸ ਦੀ ਜ਼ਿੰਦਗੀ ਦੇ ਰਸਤੇ ਵਿਚ) ਰਤਾ ਭਰ ਭੀ ਕੋਈ ਰੁਕਾਵਟ ਨਹੀਂ ਆਉਂਦੀ। ਗੁਰੂ ਉਸ ਦੇ ਸਾਰੇ ਕੰਮ ਸਵਾਰ ਦੇਂਦਾ ਹੈ।੧।ਰਹਾਉ। ਹੇ ਭਾਈ! ਪੂਰੇ ਗੁਰੂ ਨੇ (ਮੈਨੂੰ ਆਤਮਕ ਜੀਵਨ ਵਿਚ) ਸਫਲਤਾ ਦਿੱਤੀ ਹੈ, (ਮੈਨੂੰ) ਪਰਮਾਤਮਾ ਹਰ ਥਾਂ ਵਿਆਪਕ ਦਿੱਸ ਰਿਹਾ ਹੈ। ਮੇਰੇ ਅੰਦਰ ਆਤਮਕ ਸੁਖ ਆਨੰਦ ਬਣ ਗਿਆ ਹੈ-ਇਹ ਹੈ ਇਸ਼ਨਾਨ (ਜੋ ਮੈਂ ਗੁਰੂ-ਸਰ ਵਿਚ ਕੀਤਾ ਹੈ) ਮੈਂ ਪਰਮਾਤਮਾ ਤੋਂ ਸਦਕੇ ਜਾਂਦਾ ਹਾਂ (ਜਿਸ ਨੇ ਮੈਨੂੰ ਗੁਰੂ ਮਿਲਾ ਦਿੱਤਾ ਹੈ) ੧। ਹੇ ਭਾਈ! ਗੁਰੂ ਨੂੰ ਮਿਲ ਕੇ ਮਨੁੱਖ ਖੋਟੀ ਮਤਿ ਦੂਰ ਕਰ ਲੈਂਦਾ ਹੈ। ਵਿਕਾਰੀ ਮਨੁੱਖ ਭੀ ਗੁਰੂ ਨੂੰ ਮਿਲ ਕੇ ਪਵਿਤ੍ਰ ਜੀਵਨ ਵਾਲੇ ਹੋ ਜਾਂਦੇ ਹਨ। ਜੇਹੜੇ ਭੀ ਮਨੁੱਖ ਰਾਮ ਦੇ ਦਾਸਾਂ ਦੇ ਸਰੋਵਰ ਵਿਚ (ਗੁਰੂ ਦੀ ਸੰਗਤਿ ਵਿਚ ਆਤਮਕ) ਇਸ਼ਨਾਨ ਕਰਦੇ ਹਨ (ਮਨ ਨੂੰ ਆਤਮਕ ਜੀਵਨ ਦੇਣ ਵਾਲੇ ਨਾਮ-ਜਲ ਨਾਲ ਇਸ਼ਨਾਨ ਕਰਾਂਦੇ ਹਨ) ਉਹਨਾਂ ਦੇ ਸਾਰੇ (ਪਿਛਲੇ) ਕਮਾਏ ਹੋਏ ਪਾਪ ਲਹਿ ਜਾਂਦੇ ਹਨ।੨। ਹੇ ਭਾਈ! ਗੁਰੂ ਦੀ ਸੰਗਤਿ ਵਿਚ ਮਿਲ ਕੇ ਪਰਮਾਤਮਾ ਦਾ ਨਾਮ ਸਿਮਰਨਾ ਚਾਹੀਦਾ ਹੈ, ਸਦਾ ਪ੍ਰਭੂ ਦੀ ਸਿਫ਼ਤਿ-ਸਾਲਾਹ ਦੇ ਗੀਤ ਗਾਣੇ ਚਾਹੀਦੇ ਹਨ। ਜੇਹੜਾ ਮਨੁੱਖ ਪੂਰੇ ਗੁਰੂ ਨੂੰ ਆਪਣੇ ਹਿਰਦੇ ਵਿਚ ਵਸਾਂਦਾ ਹੈ, ਉਹ (ਪ੍ਰਭੂ-ਦਰ ਤੋਂ) ਮਨ-ਮੰਗੇ ਫਲ ਪ੍ਰਾਪਤ ਕਰ ਲੈਂਦਾ ਹੈ।੩। ਹੇ ਦਾਸ ਨਾਨਕ! ਆਖ-) ਪਰਮਾਤਮਾ ਆਪਣਾ ਮੁੱਢ-ਕਦੀਮਾਂ ਦਾ (ਪਿਆਰ ਵਾਲਾ) ਸੁਭਾਉ ਕਾਇਮ ਰੱਖਦਾ ਹੈ। ਉਹ ਪਰਮਾਤਮਾ ਸਭ ਤੋਂ ਵੱਡਾ ਹੈ, ਸ੍ਰਿਸ਼ਟੀ ਦਾ ਪਾਲਣ ਵਾਲਾ ਹੈ, ਆਨੰਦ-ਸਰੂਪ ਹੈ। ਜੇਹੜਾ ਮਨੁੱਖ ਉਸ ਦਾ ਨਾਮ ਸਿਮਰਦਾ ਹੈ, ਉਸ ਸਭ ਤੋਂ ਉੱਚੇ ਆਨੰਦ ਦੇ ਮਾਲਕ ਨੂੰ ਜਪ ਜਪ ਕੇ ਉਹ ਮਨੁੱਖ ਆਤਮਕ ਜੀਵਨ ਹਾਸਲ ਕਰ ਲੈਂਦਾ ਹੈ।੪।੧੦।੬੦।

ਵਾਹਿਗੁਰੂ ਜੀ ਕਾ ਖ਼ਾਲਸਾ । ਵਾਹਿਗੁਰੂ ਜੀ ਕੀ ਫ਼ਤਹਿ ॥