ਵੀਰਵਾਰ 12 ਅਕਤੂਬਰ 2017 (27 ਅੱਸੂ ਸੰਮਤ 549 ਨਾਨਕਸ਼ਾਹੀ)
ਵਡਹੰਸੁ ਮਹਲਾ ੩ ॥ ਰਤਨ ਪਦਾਰਥ ਵਣਜੀਅਹਿ ਸਤਿਗੁਰਿ ਦੀਆ ਬੁਝਾਈ ਰਾਮ ॥ ਲਾਹਾ ਲਾਭੁ ਹਰਿ ਭਗਤਿ ਹੈ ਗੁਣ ਮਹਿ ਗੁਣੀ ਸਮਾਈ ਰਾਮ ॥ ਗੁਣ ਮਹਿ ਗੁਣੀ ਸਮਾਏ ਜਿਸੁ ਆਪਿ ਬੁਝਾਏ ਲਾਹਾ ਭਗਤਿ ਸੈਸਾਰੇ ॥ ਬਿਨੁ ਭਗਤੀ ਸੁਖੁ ਨ ਹੋਈ ਦੂਜੈ ਪਤਿ ਖੋਈ ਗੁਰਮਤਿ ਨਾਮੁ ਅਧਾਰੇ ॥ ਵਖਰੁ ਨਾਮੁ ਸਦਾ ਲਾਭੁ ਹੈ ਜਿਸ ਨੋ ਏਤੁ ਵਾਪਾਰਿ ਲਾਏ ॥ ਰਤਨ ਪਦਾਰਥ ਵਣਜੀਅਹਿ ਜਾਂ ਸਤਿਗੁਰੁ ਦੇਇ ਬੁਝਾਏ ॥੧॥ {ਅੰਗ 569-570}
ਅਰਥ: ਹੇ ਭਾਈ! ਜਿਸ ਮਨੁੱਖ ਨੂੰ ਗੁਰੂ ਨੇ (ਆਤਮਕ ਜੀਵਨ ਦੀ) ਸੂਝ ਬਖ਼ਸ਼ ਦਿੱਤੀ (ਉਸ ਦੇ ਹਿਰਦੇ-ਸ਼ਹਰ ਵਿਚ ਸਦਾ ਪਰਮਾਤਮਾ ਦੀ ਸਿਫ਼ਤਿ-ਸਾਲਾਹ ਦੇ) ਕੀਮਤੀ ਰਤਨਾਂ ਦਾ ਵਪਾਰ ਹੁੰਦਾ ਰਹਿੰਦਾ ਹੈ, ਉਸ ਨੂੰ ਪਰਮਾਤਮਾ ਦੀ ਭਗਤੀ ਦੀ ਖੱਟੀ ਪ੍ਰਾਪਤ ਹੁੰਦੀ ਰਹਿੰਦੀ ਹੈ, ਪਰਮਾਤਮਾ ਦੀ ਸਿਫ਼ਤਿ-ਸਾਲਾਹ ਵਿਚ ਜੁੜ ਕੇ ਉਸ ਦੀ ਲੀਨਤਾ ਗੁਣਾਂ ਦੇ ਮਾਲਕ-ਪ੍ਰਭੂ ਵਿਚ ਹੋ ਜਾਂਦੀ ਹੈ। ਹੇ ਭਾਈ! ਜਿਸ ਮਨੁੱਖ ਨੂੰ ਪਰਮਾਤਮਾ ਆਪ (ਆਤਮਕ ਜੀਵਨ ਦੀ) ਸੂਝ ਦੇਂਦਾ ਹੈ ਉਹ ਮਨੁੱਖ ਪ੍ਰਭੂ ਦੀ ਸਿਫ਼ਤਿ-ਸਾਲਾਹ ਵਿਚ ਟਿਕ ਕੇ ਗੁਣਾਂ ਦੇ ਮਾਲਕ-ਪ੍ਰਭੂ ਵਿਚ ਲੀਨ ਹੋ ਜਾਂਦਾ ਹੈ, ਉਹ ਜਗਤ ਵਿਚ (ਜਨਮ ਲੈ ਕੇ) ਪ੍ਰਭੂ ਦੀ ਭਗਤੀ ਦਾ ਲਾਭ ਖੱਟਦਾ ਹੈ। ਗੁਰੂ ਦੀ ਮਤਿ ਉਤੇ ਤੁਰ ਕੇ ਉਹ ਹਰਿ-ਨਾਮ ਨੂੰ (ਆਪਣੀ ਜ਼ਿੰਦਗੀ ਦਾ) ਆਸਰਾ ਬਣਾਈ ਰੱਖਦਾ ਹੈ (ਉਸ ਨੂੰ ਨਿਸ਼ਚਾ ਰਹਿੰਦਾ ਹੈ ਕਿ) ਭਗਤੀ ਤੋਂ ਬਿਨਾ ਆਤਮਕ ਆਨੰਦ ਨਹੀਂ ਮਿਲ ਸਕਦਾ, ਮਾਇਆ ਦੇ ਮੋਹ ਵਿਚ ਫਸਣ ਵਾਲੇ ਨੇ (ਲੋਕ ਪਰਲੋਕ ਵਿਚ ਆਪਣੀ) ਇੱਜ਼ਤ ਗਵਾ ਲਈ। ਹੇ ਭਾਈ! ਜਿਸ ਮਨੁੱਖ ਨੂੰ ਪਰਮਾਤਮਾ ਇਸ (ਨਾਮ-) ਵਪਾਰ ਵਿਚ ਲਾ ਦੇਂਦਾ ਹੈ ਉਹ ਸਦਾ ਨਾਮ-ਵੱਖਰ ਵਿਹਾਝਦਾ ਹੈ, ਨਾਮ ਦਾ ਹੀ ਲਾਭ ਖੱਟਦਾ ਹੈ। ਭਾਈ! ਜਦੋਂ ਗੁਰੂ (ਆਤਮਕ ਜੀਵਨ ਦੀ) ਸਮਝ ਬਖ਼ਸ਼ਦਾ ਹੈ ਤਾਂ (ਮਨੁੱਖ ਦੇ ਹਿਰਦੇ-ਸ਼ਹਰ ਵਿਚ) ਪ੍ਰਭੂ ਦੀ ਸਿਫ਼ਤਿ-ਸਾਲਾਹ ਦੇ ਕੀਮਤੀ ਰਤਨਾਂ ਦਾ ਵਪਾਰ ਹੋਣ ਲੱਗ ਪੈਂਦਾ ਹੈ।੧।
ਵਾਹਿਗੁਰੂ ਜੀ ਕਾ ਖ਼ਾਲਸਾ । ਵਾਹਿਗੁਰੂ ਜੀ ਕੀ ਫ਼ਤਹਿ ॥