ਸਨਿੱਚਰਵਾਰ 30 ਸਤੰਬਰ 2017 (15 ਅੱਸੂ ਸੰਮਤ 549 ਨਾਨਕਸ਼ਾਹੀ)
ਸੋਰਠਿ ਮਹਲਾ ੩ ॥ ਹਰਿ ਜੀਉ ਸਬਦੇ ਜਾਪਦਾ ਭਾਈ ਪੂਰੈ ਭਾਗਿ ਮਿਲਾਇ ॥ ਸਦਾ ਸੁਖੁ ਸੋਹਾਗਣੀ ਭਾਈ ਅਨਦਿਨੁ ਰਤੀਆ ਰੰਗੁ ਲਾਇ ॥੧॥ ਹਰਿ ਜੀ ਤੂ ਆਪੇ ਰੰਗੁ ਚੜਾਇ ॥ ਗਾਵਹੁ ਗਾਵਹੁ ਰੰਗਿ ਰਾਤਿਹੋ ਭਾਈ ਹਰਿ ਸੇਤੀ ਰੰਗੁ ਲਾਇ ॥ ਰਹਾਉ ॥ ਗੁਰ ਕੀ ਕਾਰ ਕਮਾਵਣੀ ਭਾਈ ਆਪੁ ਛੋਡਿ ਚਿਤੁ ਲਾਇ ॥ ਸਦਾ ਸਹਜੁ ਫਿਰਿ ਦੁਖੁ ਨ ਲਗਈ ਭਾਈ ਹਰਿ ਆਪਿ ਵਸੈ ਮਨਿ ਆਇ ॥੨॥ ਪਿਰ ਕਾ ਹੁਕਮੁ ਨ ਜਾਣਈ ਭਾਈ ਸਾ ਕੁਲਖਣੀ ਕੁਨਾਰਿ ॥ ਮਨਹਠਿ ਕਾਰ ਕਮਾਵਣੀ ਭਾਈ ਵਿਣੁ ਨਾਵੈ ਕੂੜਿਆਰਿ ॥੩॥ ਸੇ ਗਾਵਹਿ ਜਿਨ ਮਸਤਕਿ ਭਾਗੁ ਹੈ ਭਾਈ ਭਾਇ ਸਚੈ ਬੈਰਾਗੁ ॥ ਅਨਦਿਨੁ ਰਾਤੇ ਗੁਣ ਰਵਹਿ ਭਾਈ ਨਿਰਭਉ ਗੁਰ ਲਿਵ ਲਾਗੁ ॥੪॥ ਸਭਨਾ ਮਾਰਿ ਜੀਵਾਲਦਾ ਭਾਈ ਸੋ ਸੇਵਹੁ ਦਿਨੁ ਰਾਤਿ ॥ ਸੋ ਕਿਉ ਮਨਹੁ ਵਿਸਾਰੀਐ ਭਾਈ ਜਿਸ ਦੀ ਵਡੀ ਹੈ ਦਾਤਿ ॥੫॥ ਮਨਮੁਖਿ ਮੈਲੀ ਡੁੰਮਣੀ ਭਾਈ ਦਰਗਹ ਨਾਹੀ ਥਾਉ ॥ ਗੁਰਮੁਖਿ ਹੋਵੈ ਤ ਗੁਣ ਰਵੈ ਭਾਈ ਮਿਲਿ ਪ੍ਰੀਤਮ ਸਾਚਿ ਸਮਾਉ ॥੬॥ ਏਤੁ ਜਨਮਿ ਹਰਿ ਨ ਚੇਤਿਓ ਭਾਈ ਕਿਆ ਮੁਹੁ ਦੇਸੀ ਜਾਇ ॥ ਕਿੜੀ ਪਵੰਦੀ ਮੁਹਾਇਓਨੁ ਭਾਈ ਬਿਖਿਆ ਨੋ ਲੋਭਾਇ ॥੭॥ ਨਾਮੁ ਸਮਾਲਹਿ ਸੁਖਿ ਵਸਹਿ ਭਾਈ ਸਦਾ ਸੁਖੁ ਸਾਂਤਿ ਸਰੀਰ ॥ ਨਾਨਕ ਨਾਮੁ ਸਮਾਲਿ ਤੂ ਭਾਈ ਅਪਰੰਪਰ ਗੁਣੀ ਗਹੀਰ ॥੮॥੩॥ {ਅੰਗ 639}
ਅਰਥ: ਹੇ ਪ੍ਰਭੂ ਜੀ! ਤੂੰ ਆਪ ਹੀ (ਸਰਨ ਆਏ ਜੀਵਾਂ ਦੇ ਹਿਰਦੇ ਉਤੇ ਆਪਣੇ ਪਿਆਰ ਦਾ) ਰੰਗ ਚਾੜ੍ਹਦਾ ਹੈਂ। ਪ੍ਰਭੂ-ਪਿਆਰ ਦੇ ਰੰਗ ਵਿਚ ਰੰਗੇ ਹੋਏ ਹੇ ਭਰਾਵੋ! ਪਰਮਾਤਮਾ ਨਾਲ ਪਿਆਰ ਪਾ ਕੇ ਉਸ ਦੀ ਸਿਫ਼ਤਿ-ਸਾਲਾਹ ਦੇ ਗੀਤ ਗਾਂਦੇ ਰਿਹਾ ਕਰੋ।ਰਹਾਉ। ਹੇ ਭਾਈ! ਗੁਰੂ ਦੇ ਸ਼ਬਦ ਦੀ ਰਾਹੀਂ ਹੀ ਪਰਮਾਤਮਾ ਨਾਲ ਜਾਣ-ਪਛਾਣ ਬਣਦੀ ਹੈ, ਪੂਰੀ ਕਿਸਮਤਿ ਨਾਲ (ਗੁਰੂ ਜੀਵ ਨੂੰ ਪਰਮਾਤਮਾ ਨਾਲ) ਮਿਲਾ ਦੇਂਦਾ ਹੈ। ਹੇ ਭਾਈ! ਖਸਮ-ਪ੍ਰਭੂ ਨਾਲ ਪਿਆਰ ਕਰਨ ਵਾਲੀਆਂ ਜੀਵ-ਇਸਤ੍ਰੀਆਂ ਸਦਾ ਆਤਮਕ ਸੁਖ ਮਾਣਦੀਆਂ ਹਨ, ਪ੍ਰਭੂ ਨਾਲ ਪਿਆਰ ਪਾ ਕੇ ਉਹ ਹਰ ਵੇਲੇ ਉਸ ਦੇ ਪ੍ਰੇਮ-ਰੰਗ ਵਿਚ ਰੰਗੀਆਂ ਰਹਿੰਦੀਆਂ ਹਨ।੧। ਹੇ ਭਾਈ! ਜੇਹੜੀ ਜੀਵ-ਇਸਤ੍ਰੀ ਆਪਾ-ਭਾਵ ਛੱਡ ਕੇ, ਤੇ, ਮਨ ਲਾ ਕੇ ਗੁਰੂ ਦੀ ਦੱਸੀ ਕਾਰ ਕਰਦੀ ਹੈ, (ਉਸ ਦੇ ਅੰਦਰ) ਸਦਾ ਆਤਮਕ ਅਡੋਲਤਾ ਬਣੀ ਰਹਿੰਦੀ ਹੈ, ਉਸ ਨੂੰ ਕਦੇ ਦੁੱਖ ਪੋਹ ਨਹੀਂ ਸਕਦਾ, ਉਸ ਦੇ ਮਨ ਵਿਚ ਪਰਮਾਤਮਾ ਆਪ ਆ ਵੱਸਦਾ ਹੈ।੧। ਹੇ ਭਾਈ! ਜੇਹੜੀ ਜੀਵ-ਇਸਤ੍ਰੀ ਪ੍ਰਭੂ-ਪਤੀ ਦੀ ਰਜ਼ਾ ਨੂੰ ਨਹੀਂ ਸਮਝਦੀ, ਉਹ ਕੋਝੇ ਲੱਛਣਾਂ ਵਾਲੀ ਹੈ, ਚੰਦਰੀ ਹੈ। (ਜੇ ਉਹ ਵਿਖਾਵੇ-ਮਾਤਰ) ਮਨ ਦੇ ਹਠ ਨਾਲ (ਗੁਰੂ ਦੀ ਦੱਸੀ) ਕਾਰ ਕਰਦੀ ਹੈ ਤਾਂ ਭੀ, ਹੇ ਭਾਈ! ਉਹ ਨਾਮ ਤੋਂ ਸੱਖਣੀ ਹੀ ਰਹਿੰਦੀ ਹੈ, ਉਹ ਝੂਠ ਦੀ ਹੀ ਵਣਜਾਰਨ ਬਣੀ ਰਹਿੰਦੀ ਹੈ।੩। ਹੇ ਭਾਈ! ਜਿਨ੍ਹਾਂ ਮਨੁੱਖਾਂ ਦੇ ਮੱਥੇ ਉਤੇ ਭਾਗ ਜਾਗ ਪੈਂਦਾ ਹੈ ਉਹ ਪਰਮਾਤਮਾ ਦੀ ਸਿਫ਼ਤਿ-ਸਾਲਾਹ ਦੇ ਗੀਤ ਗਾਂਦੇ ਹਨ, ਸਦਾ-ਥਿਰ ਪ੍ਰਭੂ ਦੇ ਪ੍ਰੇਮ ਦੀ ਬਰਕਤਿ ਨਾਲ (ਉਹਨਾਂ ਦੇ ਅੰਦਰ ਦੁਨੀਆ ਦੇ ਮੋਹ ਵਲੋਂ) ਉਪਰਾਮਤਾ ਪੈਦਾ ਹੋ ਜਾਂਦੀ ਹੈ। ਹੇ ਭਾਈ! ਉਹ (ਪ੍ਰਭੂ-ਪ੍ਰੇਮ ਦੇ ਰੰਗ ਵਿਚ) ਰੰਗੇ ਹੋਏ ਹਰ ਵੇਲੇ ਪਰਮਾਤਮਾ ਦੇ ਗੁਣ ਗਾਂਦੇ ਹਨ, ਉਹ ਨਿਡਰ ਰਹਿੰਦੇ ਹਨ, ਉਹਨਾਂ ਦੇ ਅੰਦਰ ਗੁਰੂ ਦੀ ਬਖ਼ਸ਼ੀ ਹੋਈ ਪ੍ਰਭੂ-ਚਰਨਾਂ ਦੀ ਲਗਨ ਬਣੀ ਰਹਿੰਦੀ ਹੈ।੪। ਹੇ ਭਾਈ! ਦਿਨ ਰਾਤ ਉਸ ਪਰਮਾਤਮਾ ਦੀ ਸੇਵਾ-ਭਗਤੀ ਕਰਿਆ ਕਰੋ, ਜੋ ਸਭ ਜੀਵਾਂ ਨੂੰ ਮਾਰਦਾ ਹੈ ਤੇ ਜਿਵਾਂਦਾ ਹੈ। ਹੇ ਭਾਈ! ਜਿਸ ਪਰਮਾਤਮਾ ਦੀ (ਜੀਵਾਂ ਉਤੇ ਕੀਤੀ ਹੋਈ) ਬਖ਼ਸ਼ਸ਼ ਬਹੁਤ ਵੱਡੀ ਹੈ, ਉਸ ਨੂੰ ਮਨ ਤੋਂ ਭੁਲਾਣਾ ਨਹੀਂ ਚਾਹੀਦਾ।੫। ਹੇ ਭਾਈ! ਆਪਣੇ ਮਨ ਦੇ ਪਿੱਛੇ ਤੁਰਨ ਵਾਲੀ ਜੀਵ-ਇਸਤ੍ਰੀ ਵਿਕਾਰਾਂ ਦੀ ਮੈਲ ਨਾਲ ਭਰੀ ਰਹਿੰਦੀ ਹੈ, ਉਸ ਦਾ ਮਨ ਸਦਾ ਡੋਲਦਾ ਰਹਿੰਦਾ ਹੈ (ਇਸ ਵਾਸਤੇ) ਉਸ ਨੂੰ ਪਰਮਾਤਮਾ ਦੀ ਹਜ਼ੂਰੀ ਵਿਚ ਥਾਂ ਨਹੀਂ ਮਿਲਦੀ। ਪਰ ਹੇ ਭਾਈ! ਜਦੋਂ ਉਹ ਗੁਰੂ ਦੀ ਸ਼ਰਨ ਆ ਪੈਂਦੀ ਹੈ, ਤਦੋਂ ਪਰਮਾਤਮਾ ਦੇ ਗੁਣ ਚੇਤੇ ਕਰਨ ਲੱਗ ਪੈਂਦੀ ਹੈ। ਪ੍ਰੀਤਮ-ਪ੍ਰਭੂ ਨੂੰ ਮਿਲ ਕੇ ਉਹ ਉਸ ਸਦਾ-ਥਿਰ ਵਿਚ ਲੀਨ ਹੋ ਜਾਂਦੀ ਹੈ।੬। ਹੇ ਭਾਈ! ਜਿਸ ਨੇ ਇਸ ਮਨੁੱਖਾ ਜਨਮ ਵਿਚ ਪਰਮਾਤਮਾ ਨੂੰ ਯਾਦ ਨਾਹ ਕੀਤਾ ਉਹ (ਪਰਲੋਕ ਵਿਚ) ਜਾ ਕੇ ਕੀਹ ਮੂੰਹ ਵਿਖਾਏਗਾ? (ਸ਼ਰਮ-ਸਾਰ ਹੋਵੇਗਾ) । ਹੇ ਭਾਈ! ਮਾਇਆ ਦੀ ਖ਼ਾਤਰ ਲੋਭ ਵਿਚ ਫਸ ਕੇ, (ਸੁਚੇਤ ਰਹਿਣ ਦੀਆਂ) ਵਾਜਾਂ ਪੈਂਦਿਆਂ ਭੀ ਉਸ ਨੇ ਆਪਣਾ ਆਤਮਕ ਜੀਵਨ ਲੁਟਾ ਲਿਆ।੭। ਹੇ ਭਾਈ! ਜੇਹੜੇ ਮਨੁੱਖ ਪਰਮਾਤਮਾ ਦਾ ਨਾਮ ਆਪਣੇ ਹਿਰਦੇ ਵਿਚ ਵਸਾਂਦੇ ਹਨ, ਉਹ ਆਨੰਦ ਵਿਚ ਵੱਸਦੇ ਹਨ ਉਹਨਾਂ ਦੇ ਸਰੀਰ ਨੂੰ ਸੁਖ ਸ਼ਾਂਤੀ ਪ੍ਰਾਪਤ ਰਹਿੰਦੀ ਹੈ। ਹੇ ਨਾਨਕ! ਆਖ-) ਹੇ ਭਾਈ! ਤੂੰ ਉਸ ਪਰਮਾਤਮਾ ਦਾ ਨਾਮ ਹਿਰਦੇ ਵਿਚ ਵਸਾਈ ਰੱਖ, ਜੇਹੜਾ ਬਹੁਤ ਬੇਅੰਤ ਹੈ ਜੋ ਗੁਣਾਂ ਦਾ ਮਾਲਕ ਹੈ, ਜੋ ਵੱਡੇ ਜਿਗਰੇ ਵਾਲਾ ਹੈ।੮।੩।
ਵਾਹਿਗੁਰੂ ਜੀ ਕਾ ਖ਼ਾਲਸਾ । ਵਾਹਿਗੁਰੂ ਜੀ ਕੀ ਫ਼ਤਹਿ ॥