Today’s Hukamnama from Gurdwara Damdama Sahib Thatta

64

ਐਤਵਾਰ 24 ਸਤੰਬਰ 2017 (9 ਅੱਸੂ ਸੰਮਤ 549 ਨਾਨਕਸ਼ਾਹੀ)

ਬੈਰਾੜੀ ਮਹਲਾ ੪ ॥ ਜਪਿ ਮਨ ਰਾਮ ਨਾਮੁ ਨਿਸਤਾਰਾ ॥ ਕੋਟ ਕੋਟੰਤਰ ਕੇ ਪਾਪ ਸਭਿ ਖੋਵੈ ਹਰਿ ਭਵਜਲੁ ਪਾਰਿ ਉਤਾਰਾ ॥੧॥ ਰਹਾਉ ॥ ਕਾਇਆ ਨਗਰਿ ਬਸਤ ਹਰਿ ਸੁਆਮੀ ਹਰਿ ਨਿਰਭਉ ਨਿਰਵੈਰੁ ਨਿਰੰਕਾਰਾ ॥ ਹਰਿ ਨਿਕਟਿ ਬਸਤ ਕਛੁ ਨਦਰਿ ਨ ਆਵੈ ਹਰਿ ਲਾਧਾ ਗੁਰ ਵੀਚਾਰਾ ॥੧॥ ਹਰਿ ਆਪੇ ਸਾਹੁ ਸਰਾਫੁ ਰਤਨੁ ਹੀਰਾ ਹਰਿ ਆਪਿ ਕੀਆ ਪਾਸਾਰਾ ॥ ਨਾਨਕ ਜਿਸੁ ਕ੍ਰਿਪਾ ਕਰੇ ਸੁ ਹਰਿ ਨਾਮੁ ਵਿਹਾਝੇ ਸੋ ਸਾਹੁ ਸਚਾ ਵਣਜਾਰਾ ॥੨॥੪॥ {ਅੰਗ 720}

ਅਰਥ: ਹੇ (ਮੇਰੇ) ਮਨ! ਪਰਮਾਤਮਾ ਦਾ ਨਾਮ ਜਪਿਆ ਕਰ, (ਇਹ ਨਾਮ ਸੰਸਾਰ-ਸਮੁੰਦਰ ਤੋਂ) ਪਾਰ-ਉਤਾਰਾ ਕਰ ਦੇਂਦਾ ਹੈ। (ਪਰਮਾਤਮਾ ਦਾ ਨਾਮ) ਅਨੇਕਾਂ ਜੂਨਾਂ ਦੇ (ਕੀਤੇ ਸਾਰੇ ਪਾਪ ਨਾਸ ਕਰ ਦੇਂਦਾ ਹੈ, ਪਰਮਾਤਮਾ (ਸਿਮਰਨ ਕਰਨ ਵਾਲੇ ਜੀਵ ਨੂੰ) ਸੰਸਾਰ-ਸਮੁੰਦਰ ਤੋਂ ਪਾਰ ਲੰਘਾ ਦੇਂਦਾ ਹੈ।੧।ਰਹਾਉ। (ਹੇ ਭਾਈ!) ਮਾਲਕ-ਪ੍ਰਭੂ (ਸਾਡੇ) ਸਰੀਰ-ਸ਼ਹਰ ਵਿਚ ਵੱਸਦਾ ਹੈ, (ਫਿਰ ਭੀ) ਉਸ ਨੂੰ ਕੋਈ ਡਰ ਨਹੀਂ ਪੋਂਹਦਾ, ਉਸ ਨੂੰ ਕਿਸੇ ਨਾਲ ਵੈਰ ਨਹੀਂ, ਉਸ ਦਾ ਕੋਈ ਖ਼ਾਸ ਆਕਾਰ ਨਹੀਂ। ਪਰਮਾਤਮਾ (ਸਦਾ ਸਾਡੇ) ਨੇੜੇ ਵੱਸਦਾ ਹੈ, (ਪਰ ਸਾਨੂੰ) ਦਿੱਸਦਾ ਨਹੀਂ (ਹਾਂ,) ਗੁਰੂ ਦੀ ਬਖ਼ਸ਼ੀ ਸੂਝ ਨਾਲ ਉਹ ਹਰੀ ਲੱਭ ਪੈਂਦਾ ਹੈ।੧। (ਗੁਰੂ ਦੀ ਬਖ਼ਸ਼ੀ ਮਤਿ ਨਾਲ ਇਹ ਸਮਝ ਆ ਜਾਂਦੀ ਹੈ ਕਿ) ਪਰਮਾਤਮਾ ਆਪ ਹੀ ਹੀਰਾ ਹੈ ਆਪ ਹੀ ਰਤਨ ਹੈ, ਆਪ ਹੀ (ਇਸ ਨੂੰ ਵਿਹਾਝਣ ਵਾਲਾ) ਸ਼ਾਹ ਹੈ ਸਰਾਫ਼ ਹੈ, ਉਸ ਨੇ ਆਪ ਹੀ ਇਹ ਜਗਤ ਦਾ ਖਿਲਾਰਾ ਰਚਿਆ ਹੋਇਆ ਹੈ। ਹੇ ਨਾਨਕ! ਜਿਸ ਮਨੁੱਖ ਉਤੇ ਪਰਮਾਤਮਾ ਕਿਰਪਾ ਕਰਦਾ ਹੈ, ਉਹ ਮਨੁੱਖ ਉਸ ਦਾ ਨਾਮ ਵਿਹਾਝਦਾ ਹੈ, ਉਹ ਮਨੁੱਖ (ਨਾਮ-ਰਤਨ ਦਾ) ਸਾਹੂਕਾਰ ਬਣ ਜਾਂਦਾ ਹੈ, ਉਹ ਸਦਾ ਲਈ (ਇਸ ਨਾਮ-ਰਤਨ ਦਾ) ਵਣਜ ਕਰਦਾ ਰਹਿੰਦਾ ਹੈ।੨।੪।

ਵਾਹਿਗੁਰੂ ਜੀ ਕਾ ਖ਼ਾਲਸਾ । ਵਾਹਿਗੁਰੂ ਜੀ ਕੀ ਫ਼ਤਹਿ ॥