Today’s Hukamnama from Gurdwara Damdama Sahib Thatta

66

ਸਨਿੱਚਰਵਾਰ 9 ਸਤੰਬਰ 2017 (25 ਭਾਦੋਂ ਸੰਮਤ 549 ਨਾਨਕਸ਼ਾਹੀ)

ਸਲੋਕੁ ਮਃ ੩ ॥ ਜਿਉ ਤਨੁ ਕੋਲੂ ਪੀੜੀਐ ਰਤੁ ਨ ਭੋਰੀ ਡੇਹਿ ॥ ਜੀਉ ਵੰਞੈ ਚਉ ਖੰਨੀਐ ਸਚੇ ਸੰਦੜੈ ਨੇਹਿ ॥ ਨਾਨਕ ਮੇਲੁ ਨ ਚੁਕਈ ਰਾਤੀ ਅਤੈ ਡੇਹ ॥੧॥ ਮਃ ੩ ॥ ਸਜਣੁ ਮੈਡਾ ਰੰਗੁਲਾ ਰੰਗੁ ਲਾਏ ਮਨੁ ਲੇਇ ॥ ਜਿਉ ਮਾਜੀਠੈ ਕਪੜੇ ਰੰਗੇ ਭੀ ਪਾਹੇਹਿ ॥ ਨਾਨਕ ਰੰਗੁ ਨ ਉਤਰੈ ਬਿਆ ਨ ਲਗੈ ਕੇਹ ॥੨॥ ਪਉੜੀ ॥ ਹਰਿ ਆਪਿ ਵਰਤੈ ਆਪਿ ਹਰਿ ਆਪਿ ਬੁਲਾਇਦਾ ॥ ਹਰਿ ਆਪੇ ਸ੍ਰਿਸਟਿ ਸਵਾਰਿ ਸਿਰਿ ਧੰਧੈ ਲਾਇਦਾ ॥ ਇਕਨਾ ਭਗਤੀ ਲਾਇ ਇਕਿ ਆਪਿ ਖੁਆਇਦਾ ॥ ਇਕਨਾ ਮਾਰਗਿ ਪਾਇ ਇਕਿ ਉਝੜਿ ਪਾਇਦਾ ॥ ਜਨੁ ਨਾਨਕੁ ਨਾਮੁ ਧਿਆਏ ਗੁਰਮੁਖਿ ਗੁਣ ਗਾਇਦਾ ॥੫॥ {ਅੰਗ 644}

ਅਰਥ:- ਹੇ ਨਾਨਕ! ਜੇ ਮੇਰਾ ਸਰੀਰ ਰਤਾ ਭਰ ਭੀ ਲਹੂ ਨਾ ਦੇਵੇ ਭਾਵੇਂ ਤਿਲਾਂ ਵਾਂਗ ਇਹ ਕੋਹਲੂ ਵਿਚ ਪੀੜਿਆ ਜਾਏ, (ਭਾਵ, ਜੇ ਅਨੇਕਾਂ ਕਰੜੇ ਕਸ਼ਟ ਆਉਣ ਤੇ ਭੀ ਮੇਰੇ ਅੰਦਰ ਸਰੀਰ ਦੇ ਬਚੇ ਰਹਿਣ ਦੀ ਲਾਲਸਾ ਰਤਾ ਭੀ ਨਾ ਹੋਵੇ) ਜੇ ਮੇਰੀ ਜਿੰਦ ਸੱਚੇ ਪ੍ਰਭੂ ਦੇ ਪਿਆਰ ਤੋਂ ਵਾਰਨੇ ਸਦਕੇ ਪਈ ਹੋਵੇ, ਤਾਂ ਹੀ ਪ੍ਰਭੂ ਨਾਲ ਮਿਲਾਪ ਨਾ ਦਿਨੇ ਨਾ ਰਾਤ (ਕਦੇ ਭੀ) ਨਹੀਂ ਟੁੱਟਦਾ।1। ਮੇਰਾ ਸੱਜਣ ਰੰਗੀਲਾ ਹੈ, ਮਨ ਲੈ ਕੇ (ਪ੍ਰੇਮ ਦਾ) ਰੰਗ ਲਾ ਦੇਂਦਾ ਹੈ। ਜਿਵੇਂ ਕੱਪੜੇ ਭੀ ਪਾਹ ਦੇ ਕੇ ਮਜੀਠ ਵਿਚ ਰੰਗੇ ਜਾਂਦੇ ਹਨ (ਤਿਵੇਂ ਆਪਾ ਦੇ ਕੇ ਹੀ ਪ੍ਰੇਮ-ਰੰਗ ਮਿਲਦਾ ਹੈ); ਹੇ ਨਾਨਕ! (ਇਸ ਤਰ੍ਹਾਂ ਦਾ) ਰੰਗ ਫੇਰ ਨਹੀਂ ਲਹਿੰਦਾ ਅਤੇ ਨਾ ਹੀ ਕੋਈ ਹੋਰ ਚੜ੍ਹ ਸਕਦਾ ਹੈ (ਭਾਵ, ਕੋਈ ਹੋਰ ਚੀਜ਼ ਪਿਆਰੀ ਨਹੀਂ ਲੱਗ ਸਕਦੀ)।2। ਹਰੀ ਆਪ ਹੀ ਸਭ ਵਿਚ ਵਿਆਪ ਰਿਹਾ ਹੈ ਅਤੇ ਆਪ ਹੀ ਸਭ ਨੂੰ ਬੁਲਾਉਂਦਾ ਹੈ (ਭਾਵ, ਆਪ ਹੀ ਹਰੇਕ ਵਿਚ ਬੋਲਦਾ ਹੈ); ਸੰਸਾਰ ਨੂੰ ਆਪ ਹੀ ਰਚ ਕੇ ਹਰੇਕ ਜੀਵ ਨੂੰ ਮਾਇਆ ਦੇ ਕਜ਼ੀਏ ਵਿਚ ਲਾ ਦੇਂਦਾ ਹੈ। ਇਕਨਾਂ ਨੂੰ ਆਪਣੀ ਭਗਤੀ ਵਿਚ ਲਾਉਂਦਾ ਹੈ ਤੇ ਕਈ ਜੀਵਾਂ ਨੂੰ ਆਪ ਹੀ ਭੁਲਾਉਂਦਾ ਹੈ; ਇਕਨਾਂ ਨੂੰ ਸਿੱਧੇ ਰਾਹ ਤੇ ਤੋਰਦਾ ਹੈ ਤੇ ਇਕਨਾਂ ਨੂੰ ਕੁਰਾਹੇ ਪਾ ਦੇਂਦਾ ਹੈ। ਦਾਸ ਨਾਨਕ ਭੀ (ਉਸ ਦੀ ਭਗਤੀ ਦੀ ਖ਼ਾਤਰ) ਨਾਮ ਸਿਮਰਦਾ ਹੈ ਤੇ ਸਤਿਗੁਰੂ ਦੇ ਸਨਮੁਖ ਹੋ ਕੇ (ਉਸ ਦੀ) ਸਿਫ਼ਤਿ-ਸਾਲਾਹ ਕਰਦਾ ਹੈ।5।

ਵਾਹਿਗੁਰੂ ਜੀ ਕਾ ਖ਼ਾਲਸਾ । ਵਾਹਿਗੁਰੂ ਜੀ ਕੀ ਫ਼ਤਹਿ ॥