Today’s Hukamnama from Gurdwara Damdama Sahib Thatta

54

ਸੋਮਵਾਰ 21 ਅਗਸਤ 2017 (6 ਭਾਦੋਂ ਸੰਮਤ 549 ਨਾਨਕਸ਼ਾਹੀ)

ਤਿਲੰਗ ਮਹਲਾ ੫ ਘਰੁ ੩ ॥ ਮਿਹਰਵਾਨੁ ਸਾਹਿਬੁ ਮਿਹਰਵਾਨੁ ॥ ਸਾਹਿਬੁ ਮੇਰਾ ਮਿਹਰਵਾਨੁ ॥ ਜੀਅ ਸਗਲ ਕਉ ਦੇਇ ਦਾਨੁ ॥ ਰਹਾਉ ॥ ਤੂ ਕਾਹੇ ਡੋਲਹਿ ਪ੍ਰਾਣੀਆ ਤੁਧੁ ਰਾਖੈਗਾ ਸਿਰਜਣਹਾਰੁ ॥ ਜਿਨਿ ਪੈਦਾਇਸਿ ਤੂ ਕੀਆ ਸੋਈ ਦੇਇ ਆਧਾਰੁ ॥੧॥ ਜਿਨਿ ਉਪਾਈ ਮੇਦਨੀ ਸੋਈ ਕਰਦਾ ਸਾਰ ॥ ਘਟਿ ਘਟਿ ਮਾਲਕੁ ਦਿਲਾ ਕਾ ਸਚਾ ਪਰਵਦਗਾਰੁ ॥੨॥ ਕੁਦਰਤਿ ਕੀਮ ਨ ਜਾਣੀਐ ਵਡਾ ਵੇਪਰਵਾਹੁ ॥ ਕਰਿ ਬੰਦੇ ਤੂ ਬੰਦਗੀ ਜਿਚਰੁ ਘਟ ਮਹਿ ਸਾਹੁ ॥੩॥ ਤੂ ਸਮਰਥੁ ਅਕਥੁ ਅਗੋਚਰੁ ਜੀਉ ਪਿੰਡੁ ਤੇਰੀ ਰਾਸਿ ॥ ਰਹਮ ਤੇਰੀ ਸੁਖੁ ਪਾਇਆ ਸਦਾ ਨਾਨਕ ਕੀ ਅਰਦਾਸਿ ॥੪॥੩॥ {ਅੰਗ 724}

ਅਰਥ: ਹੇ ਭਾਈ! ਮੇਰਾ ਮਾਲਕ-ਪ੍ਰਭੂ ਸਦਾ ਦਇਆ ਕਰਨ ਵਾਲਾ ਹੈ, ਸਦਾ ਦਇਆ ਕਰਨ ਵਾਲਾ ਹੈ, ਸਦਾ ਦਇਆ ਕਰਨ ਵਾਲਾ ਹੈ। ਉਹ ਸਾਰੇ ਜੀਵਾਂ ਨੂੰ (ਸਭ ਪਦਾਰਥਾਂ ਦਾ)ਦਾਨ ਦੇਂਦਾ ਹੈ।ਰਹਾਉ। ਹੇ ਭਾਈ! ਤੂੰ ਕਿਉਂ ਘਬਰਾਂਦਾ ਹੈਂ? ਪੈਦਾ ਕਰਨ ਵਾਲਾ ਪ੍ਰਭੂ ਤੇਰੀ (ਜ਼ਰੂਰ)ਰੱਖਿਆ ਕਰੇਗਾ। ਜਿਸ (ਪ੍ਰਭੂ)ਨੇ ਤੈਨੂੰ ਪੈਦਾ ਕੀਤਾ ਹੈ, ਉਹੀ (ਸਾਰੀ ਸ੍ਰਿਸ਼ਟੀ ਨੂੰ)ਆਸਰਾ (ਭੀ)ਦੇਂਦਾ ਹੈ।੧। ਹੇ ਭਾਈ! ਜਿਸ ਪਰਮਾਤਮਾ ਨੇ ਸ੍ਰਿਸ਼ਟੀ ਪੈਦਾ ਕੀਤੀ ਹੈ, ਉਹੀ (ਇਸ ਦੀ)ਸੰਭਾਲ ਕਰਦਾ ਹੈ। ਹਰੇਕ ਸਰੀਰ ਵਿਚ ਵੱਸਣ ਵਾਲਾ ਪ੍ਰਭੂ (ਸਾਰੇ ਜੀਵਾਂ ਦੇ)ਦਿਲਾਂ ਦਾ ਮਾਲਕ ਹੈ, ਉਹ ਸਦਾ ਕਾਇਮ ਰਹਿਣ ਵਾਲਾ ਹੈ, ਅਤੇ, ਸਭ ਦੀ ਪਾਲਣਾ ਕਰਨ ਵਾਲਾ ਹੈ।੨। ਹੇ ਭਾਈ! ਉਸ ਮਾਲਕ ਦੀ ਕੁਦਰਤਿ ਦਾ ਮੁੱਲ ਨਹੀਂ ਸਮਝਿਆ ਜਾ ਸਕਦਾ, ਉਹ ਸਭ ਤੋਂ ਵੱਡਾ ਹੈ ਉਸ ਨੂੰ ਕਿਸੇ ਦੀ ਮੁਥਾਜੀ ਨਹੀਂ। ਹੇ ਬੰਦੇ! ਜਿਤਨਾ ਚਿਰ ਤੇਰੇ ਸਰੀਰ ਵਿਚ ਸੁਆਸ ਚੱਲਦਾ ਹੈ ਉਤਨਾ ਚਿਰ ਉਸ ਮਾਲਕ ਦੀ ਬੰਦਗੀ ਕਰਦਾ ਰਹੁ।੩। ਹੇ ਪ੍ਰਭੂ! ਤੂੰ ਸਭ ਤਾਕਤਾਂ ਦਾ ਮਾਲਕ ਹੈਂ, ਤੇਰੇ ਸਰੂਪ ਦਾ ਬਿਆਨ ਨਹੀਂ ਕੀਤਾ ਜਾ ਸਕਦਾ, ਗਿਆਨ-ਇੰਦ੍ਰਿਆਂ ਦੀ ਰਾਹੀਂ ਤੇਰੇ ਤਕ ਪਹੁੰਚ ਨਹੀਂ ਹੋ ਸਕਦੀ। (ਅਸਾਂ ਜੀਵਾਂ ਦਾ ਇਹ)ਸਰੀਰ ਤੇ ਜਿੰਦ ਤੇਰੀ ਹੀ ਦਿੱਤੀ ਹੋਈ ਪੂੰਜੀ ਹੈ। ਜਿਸ ਮਨੁੱਖ ਉਤੇ ਤੇਰੀ ਮਿਹਰ ਹੋਵੇ ਉਸ ਨੂੰ (ਤੇਰੇ ਦਰ ਤੋਂ ਬੰਦਗੀ ਦਾ)ਸੁਖ ਮਿਲਦਾ ਹੈ। ਨਾਨਕ ਦੀ ਭੀ ਸਦਾ ਤੇਰੇ ਦਰ ਤੇ ਇਹੀ ਅਰਦਾਸ ਹੈ (ਕਿ ਤੇਰੀ ਬੰਦਗੀ ਦਾ ਸੁਖ ਮਿਲੇ)੪।੩।

ਵਾਹਿਗੁਰੂ ਜੀ ਕਾ ਖ਼ਾਲਸਾ । ਵਾਹਿਗੁਰੂ ਜੀ ਕੀ ਫ਼ਤਹਿ ॥