ਸ਼ੁੱਕਰਵਾਰ 28 ਜੁਲਾਈ 2017 (13 ਸਾਵਣ ਸੰਮਤ 549 ਨਾਨਕਸ਼ਾਹੀ)
ਜੈਤਸਰੀ ਮਹਲਾ ੫ ਘਰੁ ੪ ਦੁਪਦੇ ੴ ਸਤਿਗੁਰ ਪ੍ਰਸਾਦਿ ॥ ਅਬ ਮੈ ਸੁਖੁ ਪਾਇਓ ਗੁਰ ਆਗ੍ਯ੍ਯਿ ॥ ਤਜੀ ਸਿਆਨਪ ਚਿੰਤ ਵਿਸਾਰੀ ਅਹੰ ਛੋਡਿਓ ਹੈ ਤਿਆਗ੍ਯ੍ਯਿ ॥੧॥ ਰਹਾਉ ॥ ਜਉ ਦੇਖਉ ਤਉ ਸਗਲ ਮੋਹਿ ਮੋਹੀਅਉ ਤਉ ਸਰਨਿ ਪਰਿਓ ਗੁਰ ਭਾਗਿ ॥ ਕਰਿ ਕਿਰਪਾ ਟਹਲ ਹਰਿ ਲਾਇਓ ਤਉ ਜਮਿ ਛੋਡੀ ਮੋਰੀ ਲਾਗਿ ॥੧॥ ਤਰਿਓ ਸਾਗਰੁ ਪਾਵਕ ਕੋ ਜਉ ਸੰਤ ਭੇਟੇ ਵਡ ਭਾਗਿ ॥ ਜਨ ਨਾਨਕ ਸਰਬ ਸੁਖ ਪਾਏ ਮੋਰੋ ਹਰਿ ਚਰਨੀ ਚਿਤੁ ਲਾਗਿ ॥੨॥੧॥੫॥ {ਅੰਗ 701}
ਅਰਥ: ਹੇ ਭਾਈ! ਹੁਣ ਮੈਂ ਗੁਰੂ ਦੀ ਆਗਿਆ ਵਿਚ (ਤੁਰ ਕੇ) ਆਨੰਦ ਪ੍ਰਾਪਤ ਕਰ ਲਿਆ ਹੈ। ਮੈਂ ਆਪਣੀ ਚਤੁਰਾਈ ਛੱਡ ਦਿੱਤੀ ਹੈ, ਮੈਂ ਚਿੰਤਾ ਭੁਲਾ ਦਿੱਤੀ ਹੈ, ਮੈਂ ਹਉਮੈ (ਆਪਣੇ ਅੰਦਰੋਂ) ਪਰੇ ਸੁੱਟ ਦਿੱਤੀ ਹੈ।੧।ਰਹਾਉ। ਹੇ ਭਾਈ! ਜਦੋਂ ਮੈਂ ਵੇਖਦਾ ਹਾਂ (ਵੇਖਿਆ ਕਿ) ਸਾਰੀ ਲੁਕਾਈ ਮੋਹ ਵਿਚ ਫਸੀ ਹੋਈ ਹੈ, ਤਦੋਂ ਮੈਂ ਭੱਜ ਕੇ ਗੁਰੂ ਦੀ ਸਰਨ ਜਾ ਪਿਆ। (ਗੁਰੂ ਨੇ) ਕਿਰਪਾ ਕਰ ਕੇ ਮੈਨੂੰ ਪਰਮਾਤਮਾ ਦੀ ਸੇਵਾ-ਭਗਤੀ ਵਿਚ ਜੋੜ ਦਿੱਤਾ। ਤਦੋਂ ਜਮਰਾਜ ਨੇ ਮੇਰਾ ਖਹੜਾ ਛੱਡ ਦਿੱਤਾ।੧। ਜਦੋਂ ਵੱਡੀ ਕਿਸਮਤ ਨਾਲ ਮੈਨੂੰ ਗੁਰੂ ਮਿਲ ਪਏ, ਮੈਂ (ਵਿਕਾਰਾਂ ਦੀ) ਅੱਗ ਦਾ ਸਮੁੰਦਰ ਤਰ ਲਿਆ ਹੈ। ਹੇ ਦਾਸ ਨਾਨਕ! (ਆਖ-) ਹੁਣ ਮੈਂ ਸਾਰੇ ਸੁਖ ਪ੍ਰਾਪਤ ਕਰ ਲਏ ਹਨ, ਮੇਰਾ ਮਨ ਪ੍ਰਭੂ ਦੇ ਚਰਨਾਂ ਵਿਚ ਜੁੜਿਆ ਰਹਿੰਦਾ ਹੈ।੨।੧।੫।
ਵਾਹਿਗੁਰੂ ਜੀ ਕਾ ਖ਼ਾਲਸਾ । ਵਾਹਿਗੁਰੂ ਜੀ ਕੀਫ਼ਤਹਿ ॥