Today’s Hukamnama from Gurdwara Damdama Sahib Thatta

44

ਮੰਗਲਵਾਰ 25 ਜੁਲਾਈ 2017 (10 ਸਾਵਣ ਸੰਮਤ 549 ਨਾਨਕਸ਼ਾਹੀ)

ਸੋਰਠਿ ਮਹਲਾ ੫ ॥ ਨਾਲਿ ਨਰਾਇਣੁ ਮੇਰੈ ॥ ਜਮਦੂਤੁ ਨ ਆਵੈ ਨੇਰੈ ॥ ਕੰਠਿ ਲਾਇ ਪ੍ਰਭ ਰਾਖੈ ॥ ਸਤਿਗੁਰ ਕੀ ਸਚੁ ਸਾਖੈ ॥੧॥ ਗੁਰਿ ਪੂਰੈ ਪੂਰੀ ਕੀਤੀ ॥ ਦੁਸਮਨ ਮਾਰਿ ਵਿਡਾਰੇ ਸਗਲੇ ਦਾਸ ਕਉ ਸੁਮਤਿ ਦੀਤੀ ॥੧॥ ਰਹਾਉ ॥ ਪ੍ਰਭਿ ਸਗਲੇ ਥਾਨ ਵਸਾਏ ॥ ਸੁਖਿ ਸਾਂਦਿ ਫਿਰਿ ਆਏ ॥ ਨਾਨਕ ਪ੍ਰਭ ਸਰਣਾਏ ॥ ਜਿਨਿ ਸਗਲੇ ਰੋਗ ਮਿਟਾਏ ॥੨॥੨੪॥੮੮॥ {ਅੰਗ 630}

ਅਰਥ: ਹੇ ਭਾਈ! ਜਿਸ ਮਨੁੱਖ ਨੂੰ ਪੂਰੇ ਗੁਰੂ ਨੇ (ਜੀਵਨ ਵਿਚ) ਸਫਲਤਾ ਬਖ਼ਸ਼ੀ, ਪ੍ਰਭੂ ਨੇ (ਕਾਮਾਦਿਕ ਉਸ ਦੇ) ਸਾਰੇ ਹੀ ਵੈਰੀ ਮਾਰ ਮੁਕਾਏ; ਤੇ, ਉਸ ਸੇਵਕ ਨੂੰ (ਨਾਮ ਸਿਮਰਨ ਦੀ) ਸ੍ਰੇਸ਼ਟ ਅਕਲ ਦੇ ਦਿੱਤੀ।੧।ਰਹਾਉ। ਹੇ ਭਾਈ! ਪਰਮਾਤਮਾ ਮੇਰੇ ਨਾਲ (ਮੇਰੇ ਹਿਰਦੇ ਵਿਚ ਵੱਸ ਰਿਹਾ) ਹੈ। (ਉਸ ਦੀ ਬਰਕਤਿ ਨਾਲ) ਜਮਦੂਤ ਮੇਰੇ ਨੇੜੇ ਨਹੀਂ ਢੁੱਕਦਾ (ਮੈਨੂੰ ਮੌਤ ਦਾ, ਆਤਮਕ ਮੌਤ ਦਾ ਖ਼ਤਰਾ ਨਹੀਂ ਰਿਹਾ) ਹੇ ਭਾਈ! ਜਿਸ ਮਨੁੱਖ ਨੂੰ ਗੁਰੂ ਦੀ ਸਦਾ-ਥਿਰ ਹਰਿ-ਨਾਮ ਸਿਮਰਨ ਦੀ ਸਿੱਖਿਆ ਮਿਲ ਜਾਂਦੀ ਹੈ, ਪ੍ਰਭੂ ਉਸ ਮਨੁੱਖ ਨੂੰ ਆਪਣੇ ਗਲ ਨਾਲ ਲਾ ਰੱਖਦਾ ਹੈ।੧। (ਹੇ ਭਾਈ! ਜਿਨ੍ਹਾਂ ਮਨੁੱਖਾਂ ਨੂੰ ਗੁਰੂ ਨੇ ਜੀਵਨ-ਸਫਲਤਾ ਬਖ਼ਸ਼ੀ) ਪ੍ਰਭੂ ਨੇ ਉਹਨਾਂ ਦੇ ਸਾਰੇ ਗਿਆਨ-ਇੰਦ੍ਰੇ ਆਤਮਕ ਗੁਣਾਂ ਨਾਲ ਭਰਪੂਰ ਕਰ ਦਿੱਤੇ, ਉਹ ਮਨੁੱਖ (ਕਾਮਾਦਿਕ ਵਲੋਂ) ਪਰਤ ਕੇ ਆਤਮਕ ਆਨੰਦ ਵਿਚ ਆ ਟਿਕੇ। ਹੇ ਨਾਨਕ! ਉਸ ਪ੍ਰਭੂ ਦੀ ਸ਼ਰਨ ਪਿਆ ਰਹੁ, ਜਿਸ ਨੇ (ਸ਼ਰਨ ਪਿਆਂ ਦੇ) ਸਾਰੇ ਰੋਗ ਦੂਰ ਕਰ ਦਿੱਤੇ।੨।੨੪।੮੮।

ਵਾਹਿਗੁਰੂ ਜੀ ਕਾ ਖ਼ਾਲਸਾ । ਵਾਹਿਗੁਰੂ ਜੀ ਕੀ ਫ਼ਤਹਿ ॥