ਵੀਰਵਾਰ 20 ਜੁਲਾਈ 2017 (5 ਸਾਵਣ ਸੰਮਤ 549 ਨਾਨਕਸ਼ਾਹੀ)
ਸੋਰਠਿ ਮਹਲਾ ੫ ॥ ਭਇਓ ਕਿਰਪਾਲੁ ਦੀਨ ਦੁਖ ਭੰਜਨੁ ਆਪੇ ਸਭ ਬਿਧਿ ਥਾਟੀ ॥ ਖਿਨ ਮਹਿ ਰਾਖਿ ਲੀਓ ਜਨੁ ਅਪੁਨਾ ਗੁਰ ਪੂਰੈ ਬੇੜੀ ਕਾਟੀ ॥੧॥ ਮੇਰੇ ਮਨ ਗੁਰ ਗੋਵਿੰਦੁ ਸਦ ਧਿਆਈਐ ॥ ਸਗਲ ਕਲੇਸ ਮਿਟਹਿ ਇਸੁ ਤਨ ਤੇ ਮਨ ਚਿੰਦਿਆ ਫਲੁ ਪਾਈਐ ॥ ਰਹਾਉ ॥ ਜੀਅ ਜੰਤ ਜਾ ਕੇ ਸਭਿ ਕੀਨੇ ਪ੍ਰਭੁ ਊਚਾ ਅਗਮ ਅਪਾਰਾ ॥ ਸਾਧਸੰਗਿ ਨਾਨਕ ਨਾਮੁ ਧਿਆਇਆ ਮੁਖ ਊਜਲ ਭਏ ਦਰਬਾਰਾ ॥੨॥੨੭॥੯੧॥{ਅੰਗ 630}
ਅਰਥ: ਹੇ ਮੇਰੇ ਮਨ! ਸਦਾ ਗੁਰੂ ਦਾ ਧਿਆਨ ਧਰਨਾ ਚਾਹੀਦਾ ਹੈ, ਸਦਾ ਪਰਮਾਤਮਾ ਦਾ ਨਾਮ ਸਿਮਰਨਾ ਚਾਹੀਦਾ ਹੈ (ਇਸ ਉੱਦਮ ਨਾਲ) ਇਸ ਸਰੀਰ ਵਿਚੋਂ ਸਾਰੇ ਦੁੱਖ-ਕਲੇਸ਼ ਮਿਟ ਜਾਂਦੇ ਹਨ, ਤੇ, ਮਨ-ਮੰਗੀ ਮੁਰਾਦ ਹਾਸਲ ਕਰ ਲਈਦੀ ਹੈ।ਰਹਾਉ। ਹੇ ਭਾਈ! ਗਰੀਬਾਂ ਦੇ ਦੁੱਖ ਨਾਸ ਕਰਨ ਵਾਲਾ ਪਰਮਾਤਮਾ (ਆਪਣੇ ਸੇਵਕ ਉੱਤੇ ਸਦਾ) ਦਇਆਵਾਨ ਹੁੰਦਾ ਆਇਆ ਹੈ; ਉਸ ਨੇ ਆਪ ਹੀ (ਆਪਣੇ ਸੇਵਕ ਦੀ ਰੱਖਿਆ ਕਰਨ ਦੀ) ਸਾਰੀ ਵਿਓਂਤ ਬਣਾਈ ਹੁੰਦੀ ਹੈ। ਉਸ ਨੇ ਇਕ ਪਲਕ ਵਿਚ ਆਪਣੇ ਸੇਵਕ ਨੂੰ (ਸਦਾ) ਬਚਾ ਲਿਆ, (ਉਸੇ ਦੀ ਮੇਹਰ ਨਾਲ) ਪੂਰੇ ਗੁਰੂ ਨੇ (ਸੇਵਕ ਦੀ ਦੁੱਖਾਂ ਕਲੇਸ਼ਾਂ ਦੀ) ਬੇੜੀ ਕੱਟ ਦਿੱਤੀ।੧। ਹੇ ਨਾਨਕ! ਆਖ-) ਸਾਰੇ ਜੀਅ ਜੰਤ ਜਿਸ ਪਰਮਾਤਮਾ ਦੇ ਪੈਦਾ ਕੀਤੇ ਹੋਏ ਹਨ ਉਹ ਪ੍ਰਭੂ ਸਭ ਤੋਂ ਉੱਚਾ ਹੈ, ਅਪਹੁੰਚ ਹੈ, ਬੇਅੰਤ ਹੈ। ਜਿਨ੍ਹਾਂ ਮਨੁੱਖਾਂ ਨੇ (ਗੁਰੂ ਦੀ ਸ਼ਰਨ ਪੈ ਕੇ ਉਸ ਪਰਮਾਤਮਾ ਦਾ) ਨਾਮ ਸਿਮਰਿਆ, ਉਹ ਪਰਮਾਤਮਾ ਦੀ ਹਜ਼ੂਰੀ ਵਿਚ ਸੁਰਖ਼-ਰੂ ਹੋ ਗਏ।੨।੨੭।੯੧।
ਵਾਹਿਗੁਰੂ ਜੀ ਕਾ ਖ਼ਾਲਸਾ । ਵਾਹਿਗੁਰੂ ਜੀ ਕੀ ਫ਼ਤਹਿ ॥