Today’s Hukamnama from Gurdwara Damdama Sahib Thatta

40

ਸਨਿੱਚਰਵਾਰ 17 ਜੂਨ 2017 (3 ਹਾੜ ਸੰਮਤ 549 ਨਾਨਕਸ਼ਾਹੀ)

ਸੋਰਠਿ ਮਹਲਾ ੫ ॥ ਮਾਤ ਗਰਭ ਦੁਖ ਸਾਗਰੋ ਪਿਆਰੇ ਤਹ ਅਪਣਾ ਨਾਮੁ ਜਪਾਇਆ ॥ ਬਾਹਰਿ ਕਾਢਿ ਬਿਖੁ ਪਸਰੀਆ ਪਿਆਰੇ ਮਾਇਆ ਮੋਹੁ ਵਧਾਇਆ ॥ ਜਿਸ ਨੋ ਕੀਤੋ ਕਰਮੁ ਆਪਿ ਪਿਆਰੇ ਤਿਸੁ ਪੂਰਾ ਗੁਰੂ ਮਿਲਾਇਆ ॥ ਸੋ ਆਰਾਧੇ ਸਾਸਿ ਸਾਸਿ ਪਿਆਰੇ ਰਾਮ ਨਾਮ ਲਿਵ ਲਾਇਆ ॥੧॥ ਮਨਿ ਤਨਿ ਤੇਰੀ ਟੇਕ ਹੈ ਪਿਆਰੇ ਮਨਿ ਤਨਿ ਤੇਰੀ ਟੇਕ ॥ ਤੁਧੁ ਬਿਨੁ ਅਵਰੁ ਨ ਕਰਨਹਾਰੁ ਪਿਆਰੇ ਅੰਤਰਜਾਮੀ ਏਕ ॥ ਰਹਾਉ ॥ ਕੋਟਿ ਜਨਮ ਭ੍ਰਮਿ ਆਇਆ ਪਿਆਰੇ ਅਨਿਕ ਜੋਨਿ ਦੁਖੁ ਪਾਇ ॥ ਸਾਚਾ ਸਾਹਿਬੁ ਵਿਸਰਿਆ ਪਿਆਰੇ ਬਹੁਤੀ ਮਿਲੈ ਸਜਾਇ ॥ ਜਿਨ ਭੇਟੈ ਪੂਰਾ ਸਤਿਗੁਰੂ ਪਿਆਰੇ ਸੇ ਲਾਗੇ ਸਾਚੈ ਨਾਇ ॥ ਤਿਨਾ ਪਿਛੈ ਛੁਟੀਐ ਪਿਆਰੇ ਜੋ ਸਾਚੀ ਸਰਣਾਇ ॥੨॥ {640}
ਪਦਅਰਥ: ਮਾਤ ਗਰਭ—ਮਾਂ ਦਾ ਪੇਟ। ਸਾਗਰੋ—ਸਮੁੰਦਰ। ਤਹ—ਉਥੇ, ਉਸ ਪੇਟ ਵਿਚ। ਕਾਢਿ—ਕੱਢ ਕੇ। ਬਿਖੁ—ਜ਼ਹਰ, ਆਤਮਕ ਜੀਵਨ ਨੂੰ ਮਾਰ ਮੁਕਾਣ ਵਾਲੀ ਮਾਇਆ ਦੇ ਮੋਹ ਦੀ ਜ਼ਹਰ। ਪਸਰੀਆ—ਖਿਲਾਰ ਦਿੱਤੀ। ਜਿਸ ਨੋ—(ਲਫ਼ਜ਼ ‘ਜਿਸੁ’ ਦਾ ੁ ਸੰਬੰਧਕ ‘ਨੋ’ ਦੇ ਕਾਰਨ ਉੱਡ ਗਿਆ ਹੈ}। ਕਰਮੁ—ਬਖ਼ਸ਼ਸ਼। ਤਿਸੁ—ਉਸ ਮਨੁੱਖ ਨੂੰ। ਆਰਾਧੇ—ਸਿਮਰਦਾ ਹੈ। ਸਾਸਿ ਸਾਸਿ—ਹਰੇਕ ਸਾਹ ਦੇ ਨਾਲ। ਲਿਵ—ਲਗਨ, ਪ੍ਰੀਤੀ।੧।
ਮਨਿ—ਮਨ ਵਿਚ। ਤਨਿ—ਤਨ ਵਿਚ, ਹਿਰਦੇ ਵਿਚ। ਟੇਕ—ਆਸਰਾ। ਅਵਰੁ—ਕੋਈ ਹੋਰ। ਅੰਤਰਜਾਮੀ—ਦਿਲ ਦੀ ਜਾਣਨ ਵਾਲਾ।ਰਹਾਉ।
ਕੋਟਿ—ਕ੍ਰੋੜਾਂ। ਭ੍ਰਮਿ—ਭਟਕ ਕੇ। ਪਾਇ—ਪਾ ਕੇ, ਸਹਾਰ ਕੇ। ਸਾਚਾ—ਸਦਾ ਕਾਇਮ ਰਹਿਣ ਵਾਲਾ। ਜਿਨ—ਜਿਨ੍ਹਾਂ ਨੂੰ। ਭੇਟੈ—ਮਿਲਦਾ ਹੈ। ਨਾਇ—ਨਾਮ ਵਿਚ। ਸਾਚੈ ਨਾਇ—ਸਦਾ-ਥਿਰ ਰਹਿਣ ਵਾਲੇ ਪ੍ਰਭੂ ਦੇ ਨਾਮ ਵਿਚ। ਤਿਨਾ ਪਿਛੈ—ਉਹਨਾਂ ਦੀ ਸਰਨ ਪੈ ਕੇ। ਛੁਟੀਐ—(ਮਾਇਆ ਦੇ ਮੋਹ ਤੋਂ) ਬਚ ਜਾਈਦਾ ਹੈ।੨।
ਅਰਥ: ਹੇ ਪਿਆਰੇ ਪ੍ਰਭੂ! (ਮੇਰੇ) ਮਨ ਵਿਚ (ਮੇਰੇ) ਹਿਰਦੇ ਵਿਚ ਸਦਾ ਤੇਰਾ ਹੀ ਆਸਰਾ ਹੈ (ਤੂੰ ਹੀ ਮਾਇਆ ਦੇ ਮੋਹ ਤੋਂ ਬਚਾਣ ਵਾਲਾ ਹੈਂ)। ਹੇ ਪਿਆਰੇ ਪ੍ਰਭੂ! ਤੂੰ ਹੀ ਸਭ ਦੇ ਦਿਲ ਦੀ ਜਾਣਨ ਵਾਲਾ ਹੈਂ। ਤੈਥੋਂ ਬਿਨਾ ਹੋਰ ਕੋਈ ਨਹੀਂ ਜੋ ਸਭ ਕੁਝ ਕਰਨ ਦੀ ਸਮਰਥਾ ਵਾਲਾ ਹੋਵੇ।ਰਹਾਉ।
ਹੇ ਪਿਆਰੇ (ਭਾਈ)! ਮਾਂ ਦਾ ਪੇਟ ਦੁੱਖਾਂ ਦਾ ਸਮੁੰਦਰ ਹੈ, ਉਥੇ (ਪ੍ਰਭੂ ਨੇ ਜੀਵ ਪਾਸੋਂ) ਆਪਣੇ ਨਾਮ ਦਾ ਸਿਮਰਨ ਕਰਾਇਆ (ਤੇ, ਇਸ ਨੂੰ ਦੁੱਖਾਂ ਤੋਂ ਬਚਾਈ ਰੱਖਿਆ)। ਮਾਂ ਦੇ ਪੇਟ ਵਿਚੋਂ ਕੱਢ ਕੇ (ਜਨਮ ਦੇ ਕੇ, ਪ੍ਰਭੂ ਨੇ ਜੀਵ ਵਾਸਤੇ, ਆਤਮਕ ਜੀਵਨ ਨੂੰ ਮਾਰ ਮੁਕਾਣ ਵਾਲੀ ਮਾਇਆ ਦੇ ਮੋਹ ਦੀ) ਜ਼ਹਰ ਖਿਲਾਰ ਰੱਖੀ (ਤੇ, ਇਸ ਤਰ੍ਹਾਂ ਜੀਵ ਦੇ ਹਿਰਦੇ ਵਿਚ) ਮਾਇਆ ਦਾ ਮੋਹ ਵਧਾ ਦਿੱਤਾ। ਹੇ ਭਾਈ! ਜਿਸ ਮਨੁੱਖ ਉੱਤੇ ਆਪ ਪ੍ਰਭੂ ਮੇਹਰ ਕਰਦਾ ਹੈ, ਉਸ ਨੂੰ ਪੂਰਾ ਗੁਰੂ ਮਿਲਾਂਦਾ ਹੈ। ਉਹ ਮਨੁੱਖ ਹਰੇਕ ਸਾਹ ਦੇ ਨਾਲ ਪਰਮਾਤਮਾ ਦਾ ਸਿਮਰਨ ਕਰਦਾ ਹੈ, ਤੇ, ਪਰਮਾਤਮਾ ਦੇ ਨਾਮ ਦੀ ਲਗਨ (ਆਪਣੇ ਅੰਦਰ) ਬਣਾਈ ਰੱਖਦਾ ਹੈ।੧।
ਹੇ ਭਾਈ! ਅਨੇਕਾਂ ਜੂਨਾਂ ਦੇ ਦੁੱਖ ਸਹਾਰ ਕੇ, ਕ੍ਰੋੜਾਂ ਜਨਮਾਂ ਵਿਚ ਭਟਕ ਕੇ (ਜੀਵ ਮਨੁੱਖਾ ਜਨਮ ਵਿਚ) ਆਉਂਦਾ ਹੈ, (ਪਰ ਇੱਥੇ ਇਸ ਨੂੰ) ਸਦਾ ਕਾਇਮ ਰਹਿਣ ਵਾਲਾ ਮਾਲਕ ਭੁੱਲ ਜਾਂਦਾ ਹੈ, ਤੇ, ਇਸ ਨੂੰ ਬੜੀ ਸਜ਼ਾ ਮਿਲਦੀ ਹੈ। ਹੇ ਭਾਈ! ਜਿਨ੍ਹਾਂ ਮਨੁੱਖਾਂ ਨੂੰ ਪੂਰਾ ਗੁਰੂ ਮਿਲ ਪੈਂਦਾ ਹੈ, ਉਹ ਸਦਾ-ਥਿਰ ਪ੍ਰਭੂ ਦੇ ਨਾਮ ਵਿਚ ਸੁਰਤਿ ਜੋੜਦੇ ਹਨ। ਹੇ ਭਾਈ! ਜੇਹੜੇ ਮਨੁੱਖ ਸਦਾ-ਥਿਰ ਪ੍ਰਭੂ ਦੀ ਸਰਨ ਪਏ ਰਹਿੰਦੇ ਹਨ, ਉਹਨਾਂ ਦੇ ਪੂਰਨਿਆਂ ਤੇ ਤੁਰ ਕੇ (ਮਾਇਆ ਦੇ ਮੋਹ ਦੀ ਜ਼ਹਿਰ ਤੋਂ) ਬਚ ਜਾਈਦਾ ਹੈ।੨।

ਵਾਹਿਗੁਰੂ ਜੀ ਕਾ ਖ਼ਾਲਸਾ । ਵਾਹਿਗੁਰੂ ਜੀ ਕੀ ਫ਼ਤਹਿ ॥