ਬੁੱਧਵਾਰ 14 ਜੂਨ 2017 (32 ਜੇਠ ਸੰਮਤ 549 ਨਾਨਕਸ਼ਾਹੀ)
ਬਿਲਾਵਲੁ ਮਹਲਾ ੫ ॥ ਸ੍ਰਬ ਨਿਧਾਨ ਪੂਰਨ ਗੁਰਦੇਵ ॥੧॥ ਰਹਾਉ ॥ ਹਰਿ ਹਰਿ ਨਾਮੁ ਜਪਤ ਨਰ ਜੀਵੇ ॥ ਮਰਿ ਖੁਆਰੁ ਸਾਕਤ ਨਰ ਥੀਵੇ ॥੧॥ ਰਾਮ ਨਾਮੁ ਹੋਆ ਰਖਵਾਰਾ ॥ ਝਖ ਮਾਰਉ ਸਾਕਤੁ ਵੇਚਾਰਾ ॥੨॥ ਨਿੰਦਾ ਕਰਿ ਕਰਿ ਪਚਹਿ ਘਨੇਰੇ ॥ ਮਿਰਤਕ ਫਾਸ ਗਲੈ ਸਿਰਿ ਪੈਰੇ ॥੩॥ ਕਹੁ ਨਾਨਕ ਜਪਹਿ ਜਨ ਨਾਮ ॥ ਤਾ ਕੇ ਨਿਕਟਿ ਨ ਆਵੈ ਜਾਮ ॥੪॥੧੩॥੧੮॥ {806}
ਪਦਅਰਥ: ਸ੍ਰਬ—{सर्व} ਸਾਰੇ।੧।ਰਹਾਉ।
ਜੀਵੇ—ਆਤਮਕ ਜੀਵਨ ਲੱਭ ਲੈਂਦੇ ਹਨ। ਮਰਿ—ਆਤਮਕ ਮੌਤ ਸਹੇੜ ਕੇ। ਸਾਕਤ ਨਰ—ਪ੍ਰਭੂ ਨਾਲੋਂ ਟੁੱਟੇ ਹੋਏ ਬੰਦੇ। ਖੁਆਰੁ ਥੀਵੇ—ਖੱਜਲ ਹੁੰਦੇ ਹਨ।੧।
ਮਾਰਉ—{ਹੁਕਮੀ ਭਵਿੱਖਤ, ਅੱਨ ਪੁਰਖ, ਇਕ-ਵਚਨ} ਬੇ—ਸ਼ੱਕ ਮਾਰੇ।੨।
ਕਰਿ—ਕਰ ਕੇ। ਪਚਹਿ—ਸੜਦੇ ਹਨ, ਖਿੱਝਦੇ ਹਨ। ਮਿਰਤਕ ਫਾਸ—ਮੌਤ ਦੀ ਫਾਹੀ। ਸਿਰਿ—ਸਿਰ ਉਤੇ। ਪੈਰੇ—ਪੈਰਾਂ ਵਿਚ। ਗਲੈ—ਗਲ ਵਿਚ।੩।
ਜਪਹਿ—ਜਪਦੇ ਹਨ। ਤਾ ਕੇ ਨਿਕਟਿ—ਉਹਨਾਂ ਦੇ ਨੇੜੇ।੪।
ਅਰਥ: ਹੇ ਭਾਈ! ਪੂਰੇ ਗੁਰੂ ਦੀ ਸਰਨ ਪਿਆਂ ਸਾਰੇ ਖ਼ਜ਼ਾਨਿਆਂ ਦਾ ਮਾਲਕ ਪ੍ਰਭੂ ਮਿਲ ਪੈਂਦਾ ਹੈ।੧।ਰਹਾਉ।
(ਗੁਰੂ ਦੀ ਸਰਨ ਪੈ ਕੇ) ਪਰਮਾਤਮਾ ਦਾ ਨਾਮ ਜਪਣ ਨਾਲ ਮਨੁੱਖ ਆਤਮਕ ਜੀਵਨ ਲੱਭ ਲੈਂਦੇ ਹਨ। ਪਰ ਪਰਮਾਤਮਾ ਨਾਲੋਂ ਟੁੱਟੇ ਹੋਏ ਮਨੁੱਖ ਆਤਮਕ ਮੌਤ ਸਹੇੜ ਕੇ ਦੁਖੀ ਹੁੰਦੇ ਹਨ।੧।
(ਜੇਹੜਾ ਮਨੁੱਖ ਗੁਰੂ ਦੀ ਸਰਨ ਪੈ ਕੇ ਪਰਮਾਤਮਾ ਦਾ ਨਾਮ ਜਪਦਾ ਹੈ) ਹਰਿ-ਨਾਮ (ਹਰ ਥਾਂ ਉਸ ਦਾ) ਰਾਖਾ ਬਣਦਾ ਹੈ। ਪਰਮਾਤਮਾ ਨਾਲੋਂ ਟੁੱਟਾ ਹੋਇਆ ਮਨੁੱਖ ਵਿਚਾਰਾ (ਉਸ ਦੀ ਨਿੰਦਾ ਆਦਿਕ ਕਰਨ ਵਾਸਤੇ) ਪਿਆ ਝਖਾਂ ਮਾਰੇ (ਉਸ ਦਾ ਕੁਝ ਵਿਗਾੜ ਨਹੀਂ ਸਕਦਾ)।੨।
ਅਨੇਕਾਂ ਬੰਦੇ (ਹਰਿ-ਨਾਮ ਸਿਮਰਨ ਵਾਲੇ ਮਨੁੱਖ ਦੀ) ਨਿੰਦਾ ਕਰ ਕਰ ਕੇ (ਸਗੋਂ) ਖਿੱਝਦੇ (ਹੀ) ਹਨ। (ਆਤਮਕ) ਮੌਤ ਦੀ ਫਾਹੀ ਉਹਨਾਂ ਦੇ ਗਲ ਵਿਚ ਉਹਨਾਂ ਦੇ ਪੈਰਾਂ ਵਿਚ ਪਈ ਰਹਿੰਦੀ ਹੈ, ਆਤਮਕ ਮੌਤ ਉਹਨਾਂ ਦੇ ਸਿਰ ਉਤੇ ਸਵਾਰ ਰਹਿੰਦੀ ਹੈ।੩।
ਹੇ ਨਾਨਕ! (ਬੇ-ਸ਼ੱਕ) ਆਖ-ਜੇਹੜੇ ਮਨੁੱਖ ਪਰਮਾਤਮਾ ਦਾ ਨਾਮ ਜਪਦੇ ਹਨ, ਜਮ ਭੀ ਉਹਨਾਂ ਦੇ ਨੇੜੇ ਨਹੀਂ ਢੁਕ ਸਕਦਾ।੪।੧੩।੧੮।
ਨੋਟ: ਇਥੇ ਚਾਰ ਬੰਦਾਂ ਵਾਲੇ ਸ਼ਬਦ (ਚਉਪਦੇ) ਖ਼ਤਮ ਹੋ ਗਏ ਹਨ। ਅਗਾਂਹ ਦੋ ਬੰਦਾਂ ਵਾਲੇ ਸ਼ਬਦ (ਦੁਪਦੇ) ਸ਼ੁਰੂ ਹੁੰਦੇ ਹਨ। {ਪੰਨਾ 806}
ਵਾਹਿਗੁਰੂ ਜੀ ਕਾ ਖ਼ਾਲਸਾ । ਵਾਹਿਗੁਰੂ ਜੀ ਕੀ ਫ਼ਤਹਿ ॥