Today’s Hukamnama from Gurdwara Damdama Sahib Thatta

68

ਸੋਮਵਾਰ 5 ਜੂਨ 2017 (23 ਜੇਠ ਸੰਮਤ 549 ਨਾਨਕਸ਼ਾਹੀ)

ਰਾਗੁ ਬਿਲਾਵਲੁ ਮਹਲਾ ੫ ਘਰੁ ੫ ਚਉਪਦੇ    ੴ ਸਤਿਗੁਰ ਪ੍ਰਸਾਦਿ ॥ ਮ੍ਰਿਤ ਮੰਡਲ ਜਗੁ ਸਾਜਿਆ ਜਿਉ ਬਾਲੂ ਘਰ ਬਾਰ ॥ ਬਿਨਸਤ ਬਾਰ ਨ ਲਾਗਈ ਜਿਉ ਕਾਗਦ ਬੂੰਦਾਰ ॥੧॥ ਸੁਨਿ ਮੇਰੀ ਮਨਸਾ ਮਨੈ ਮਾਹਿ ਸਤਿ ਦੇਖੁ ਬੀਚਾਰਿ ॥ ਸਿਧ ਸਾਧਿਕ ਗਿਰਹੀ ਜੋਗੀ ਤਜਿ ਗਏ ਘਰ ਬਾਰ ॥੧॥ ਰਹਾਉ ॥ਜੈਸਾ ਸੁਪਨਾ ਰੈਨਿ ਕਾ ਤੈਸਾ ਸੰਸਾਰ ॥ ਦ੍ਰਿਸਟਿਮਾਨ ਸਭੁ ਬਿਨਸੀਐ ਕਿਆ ਲਗਹਿ ਗਵਾਰ ॥੨॥ ਕਹਾ ਸੁ ਭਾਈ ਮੀਤ ਹੈ ਦੇਖੁ ਨੈਨ ਪਸਾਰਿ ॥ ਇਕਿ ਚਾਲੇ ਇਕਿ ਚਾਲਸਹਿ ਸਭਿ ਅਪਨੀ ਵਾਰ ॥੩॥ ਜਿਨ ਪੂਰਾ ਸਤਿਗੁਰੁ ਸੇਵਿਆ ਸੇ ਅਸਥਿਰੁ ਹਰਿ ਦੁਆਰਿ ॥ ਜਨੁ ਨਾਨਕੁ ਹਰਿ ਕਾ ਦਾਸੁ ਹੈ ਰਾਖੁ ਪੈਜ ਮੁਰਾਰਿ ॥੪॥੧॥੩੧॥ {ਅੰਗ 808}

ਅਰਥ: ਹੇ ਮੇਰੇ ਮਨ ਦੇ ਫੁਰਨੇ! ਹੇ ਮੇਰੇ ਭਟਕਦੇ ਮਨ!) ਧਿਆਨ ਨਾਲ ਸੁਣ। ਵਿਚਾਰ ਕੇ ਵੇਖ ਲੈ, (ਇਹ) ਸੱਚ (ਹੈ ਕਿ) ਸਿੱਧ ਸਾਧਿਕ ਜੋਗੀ ਗ੍ਰਿਹਸਤੀ-ਸਾਰੇ ਹੀ (ਮੌਤ ਆਉਣ ਤੇ) ਆਪਣਾ ਸਭ ਕੁਝ (ਇਥੇ ਹੀ) ਛੱਡ ਕੇ (ਇਥੋਂ) ਤੁਰੇ ਜਾ ਰਹੇ ਹਨ।੧।ਰਹਾਉ। (ਹੇ ਮੇਰੇ ਮਨ!) ਇਹ ਜਗਤ (ਪਰਮਾਤਮਾ ਨੇ ਐਸਾ) ਬਣਾਇਆ ਹੈ (ਕਿ ਇਸ ਉਤੇ) ਮੌਤ ਦਾ ਰਾਜ ਹੈ, ਇਹ ਇਉਂ ਹੈ ਜਿਵੇਂ ਰੇਤ ਦੇ ਬਣੇ ਹੋਏ ਘਰ ਆਦਿਕ ਹੋਣ। ਜਿਵੇਂ ਮੀਂਹ ਦੀਆਂ ਕਣੀਆਂ ਨਾਲ ਕਾਗ਼ਜ਼ (ਤੁਰਤ) ਗਲ ਜਾਂਦੇ ਹਨ, ਤਿਵੇਂ ਇਹਨਾਂ (ਘਰਾਂ) ਦੇ ਨਾਸ ਹੁੰਦਿਆਂ ਚਿਰ ਨਹੀਂ ਲੱਗਦਾ।੧। (ਹੇ ਮੇਰੇ ਭਟਕਦੇ ਮਨ!) ਇਹ ਜਗਤ ਇਉਂ ਹੀ ਹੈ ਜਿਵੇਂ ਰਾਤ ਨੂੰ (ਸੁੱਤੇ ਪਿਆਂ ਆਇਆ ਹੋਇਆ) ਸੁਪਨਾ ਹੁੰਦਾ ਹੈ। ਹੇ ਮੂਰਖ! ਜੋ ਕੁਝ ਦਿੱਸ ਰਿਹਾ ਹੈ, ਇਹ ਸਾਰਾ ਨਾਸਵੰਤ ਹੈ। ਤੂੰ ਇਸ ਵਿਚ ਕਿਉਂ ਮੋਹ ਬਣਾ ਰਿਹਾ ਹੈਂ?੨। ਹੇ ਮੂਰਖ! ਅੱਖਾਂ ਖੋਹਲ ਕੇ ਵੇਖ। (ਤੇਰੇ) ਉਹ ਭਰਾ ਉਹ ਮਿੱਤਰ ਕਿੱਥੇ ਗਏ ਹਨ? ਆਪਣੀ ਵਾਰੀ ਸਿਰ ਕਈ (ਇਥੋਂ) ਜਾ ਚੁਕੇ ਹਨ, ਕਈ ਚਲੇ ਜਾਣਗੇ। ਸਾਰੇ ਹੀ ਜੀਵ ਆਪੋ ਆਪਣੀ ਵਾਰੀ (ਤੁਰੇ ਜਾ ਰਹੇ ਹਨ) ੩। ਹੇ ਭਾਈ! ਜਿਨ੍ਹਾਂ ਮਨੁੱਖਾਂ ਨੇ ਪੂਰੇ ਗੁਰੂ ਦਾ ਆਸਰਾ ਲਿਆ ਹੈ ਉਹ (ਦਿੱਸਦੇ ਜਗਤ ਵਿਚ ਮੋਹ ਪਾਣ ਦੇ ਥਾਂ) ਪਰਮਾਤਮਾ ਦੇ ਦਰ ਤੇ (ਪਰਮਾਤਮਾ ਦੇ ਚਰਨਾਂ ਵਿਚ) ਟਿਕੇ ਰਹਿੰਦੇ ਹਨ। ਦਾਸ ਨਾਨਕ (ਤਾਂ) ਪਰਮਾਤਮਾ ਦਾ ਹੀ ਸੇਵਕ ਹੈ (ਪ੍ਰਭੂ ਦੇ ਦਰ ਤੇ ਹੀ ਅਰਦਾਸ ਕਰਦਾ ਹੈ ਕਿ) ਹੇ ਪ੍ਰਭੂ! ਮੈਂ ਤੇਰੀ ਸਰਨ ਆਇਆ ਹਾਂ, ਮੇਰੀ) ਲਾਜ ਰੱਖ।੪।੧।੩੧। ਨੋਟ: ਇਥੋਂ ਫਿਰ ਚਉਪਦੇ ਸ਼ੁਰੂ ਹੋ ਗਏ ਹਨ। ‘ਘਰੁ ੫’ ਦੇ।

ਵਾਹਿਗੁਰੂ ਜੀ ਕਾ ਖ਼ਾਲਸਾ । ਵਾਹਿਗੁਰੂ ਜੀ ਕੀ ਫ਼ਤਹਿ ॥

Web: thatta.in | Fb/PindThatta | Twitter@Pind_Thatta | YouTube/PindThatta | WhatsApp: 98728-98928