(ਨਰੇਸ਼ ਹੈਪੀ)-ਹਲਕਾ ਸੁਲਤਾਨਪੁਰ ਲੋਧੀ ਦੇ ਪਿੰਡ ਸੈਦਪੁਰ ਵਿਖੇ ਮੰਗੂਪੁਰ-ਬੂਲਪੁਰ ਮਾਰਗ ‘ਤੇ ਸ਼ਹੀਦ ਬਾਬਾ ਬੀਰ ਸਿੰਘ ਨੌਰੰਗਾਬਾਦੀ ਦੀ ਯਾਦ ਵਿਚ ਉਸਾਰੇ ਜਾਣ ਵਾਲੇ ਸਵਾਗਤੀ ਗੇਟ ‘ਤੇ ਹੋ ਰਹੀ ਰਾਜਨੀਤੀ ਦੀ ਚਰਚਾ ਹਲਕੇ ਵਿਚ ਪੂਰੇ ਜ਼ੋਰਾਂ ‘ਤੇ ਚੱਲ ਰਹੀ ਹੈ | ਇਸ ਸਬੰਧ ਵਿਚ ਸ਼ਹਿਰ ਸੁਲਤਾਨਪੁਰ ਲੋਧੀ ਵਿਖੇ ਪਿੰਡ ਸੈਦਪੁਰ ਦੀ ਪੰਚਾਇਤ ਤੇ ਨਗਰ ਵਾਸੀਆਂ ਨੇ ਇਕ ਪ੍ਰੈੱਸ ਕਾਨਫਰੰਸ ਰਾਹੀਂ ਕਿਹਾ ਕਿ ਇਕ ਪਾਸੇ ਪੰਜਾਬ ਸਰਕਾਰ ਪੰਜਾਬ ਅੰਦਰ ਵੱਖ-ਵੱਖ ਥਾਵਾਂ ‘ਤੇ ਸ਼ਹੀਦਾਂ ਦੀਆਂ ਯਾਦਗਾਰਾਂ ਉਸਾਰ ਰਹੀ ਹੈ ਜਦਕਿ ਦੂਜੇ ਪਾਸੇ ਪ੍ਰਵਾਸੀ ਭਾਰਤੀਆਂ ਵੱਲੋਂ ਸ਼ਹੀਦਾਂ ਦੇ ਨਾਮ ‘ਤੇ ਉਸਾਰੇ ਜਾਣ ਵਾਲੇ ਸਵਾਗਤੀ ਗੇਟ ਨੂੰ ਬਣਾਉਣ ‘ਤੇ ਲੋਕ ਨਿਰਮਾਣ ਵਿਭਾਗ ਵੱਲੋਂ ਪਹਿਲਾਂ ਪ੍ਰਵਾਨਗੀ ਦੇ ਕੇ ਸਿਆਸੀ ਦਬਾਅ ਹੇਠਾਂ ਗੇਟ ਦੀ ਚੱਲ ਰਹੀ ਉਸਾਰੀ ਰੋਕ ਕੇ ਖੁੱਦ ਨੂੰ ਸ਼ਹੀਦਾਂ ਵਿਰੋਧੀ ਹੋਣ ਦਾ ਸਬੂਤ ਦਿੱਤਾ ਜਾ ਰਿਹਾ ਹੈ | ਸਰਪੰਚ ਪਿਆਰਾ ਸਿੰਘ ਤੋਂ ਇਲਾਵਾ ਪੰਚ ਰਣਬੀਰ ਸਿੰਘ, ਪੰਚ ਮਾਸਟਰ ਬਲਬੀਰ ਸਿੰਘ, ਨੰਬਰਦਾਰ ਬਲਬੀਰ ਸਿੰਘ, ਨੰਬਰਦਾਰ ਨਛੱਤਰ ਸਿੰਘ, ਪੰਚ ਸੁਨੀਤਾ, ਪੰਚ ਚਰਨਜੀਤ ਕੌਰ ਆਦਿ ਨੇ ਦੱਸਿਆ ਕਿ ਪ੍ਰਵਾਸੀ ਭਾਰਤੀ ਸੁਖਜਿੰਦਰ ਸਿੰਘ ਪੁੱਤਰ ਰਣਜੀਤ ਸਿੰਘ ਵੱਲੋਂ ਮੰਗੂਪੁਰ ਤੋਂ ਬੂਲਪੁਰ ਮਾਰਗ ‘ਤੇ ਸੈਦਪੁਰ ਵਿਖੇ ਸ਼ਹੀਦ ਬਾਬਾ ਬੀਰ ਸਿੰਘ ਨੌਰੰਗਾਬਾਦੀ ਦੀ ਯਾਦ ਵਿਚ ਕਰੀਬ 10 ਲੱਖ ਰੁਪਏ ਖ਼ਰਚ ਕੇ ਸਵਾਗਤੀ ਗੇਟ ਲਈ ਪੰਚਾਇਤ ਨੇ ਮਤਾ ਪਾ ਕੇ ਲੋਕ ਨਿਰਮਾਣ ਵਿਭਾਗ ਨੂੰ ਭੇਜਿਆ ਸੀ, ਜਿਸ ‘ਤੇ ਵਿਭਾਗ ਨੇ 4 ਮਾਰਚ ਨੂੰ ਸਵਾਗਤੀ ਗੇਟ ਬਣਾਉਣ ਲਈ ਮਨਜ਼ੂਰੀ ਦੇ ਦਿੱਤੀ ਸੀ, ਪ੍ਰੰਤੂ ਸਿਆਸੀ ਦਬਾਅ ਹੇਠ ਕਾਰਜਕਾਰੀ ਇੰਜੀਨੀਅਰ ਲੋਕ ਨਿਰਮਾਣ ਵਿਭਾਗ ਨੇ 26 ਅਪ੍ਰੈਲ ਨੂੰ ਇਹ ਬਹਾਨਾ ਬਣਾ ਕੇ, ਕਿ ਗੇਟ ਦੀ ਉਸਾਰੀ ਵਿਭਾਗ ਦੀਆਂ ਸ਼ਰਤਾਂ ਅਨੁਸਾਰ ਨਹੀਂ ਕੀਤੀ ਜਾ ਰਹੀ, ਗੇਟ ਦੀ ਉਸਾਰੀ ‘ਤੇ ਰੋਕ ਲਗਾ ਦਿੱਤੀ | ਉਨ੍ਹਾਂ ਮੰਗ ਕੀਤੀ ਕਿ ਸਵਾਗਤੀ ਗੇਟ ‘ਤੇ ਰਾਜਨੀਤੀ ਬੰਦ ਕਰਕੇ ਸ਼ਹੀਦ ਬਾਬਾ ਬੀਰ ਸਿੰਘ ਦੀ ਯਾਦ ਵਿਚ ਉਕਤ ਗੇਟ ਬਣਾਉਣ ਦੀ ਮਨਜ਼ੂਰੀ ਦਿੱਤੀ ਜਾਵੇ | ਇਸ ਮੌਕੇ ਤਰਲੋਚਨ ਸਿੰਘ ਪ੍ਰਧਾਨ ਗੁਰਦੁਆਰਾ ਪ੍ਰਬੰਧਕ ਕਮੇਟੀ, ਗ੍ਰੰਥੀ ਬਾਬਾ ਅਜੀਤ ਸਿੰਘ, ਲਖਵਿੰਦਰ ਸਿੰਘ ਆੜ੍ਹਤੀਆ, ਮੁਖ਼ਤਿਆਰ ਸਿੰਘ ਸਾਬਕਾ ਪ੍ਰਧਾਨ ਕੋਆਪਰੇਟਿਵ ਸੁਸਾਇਟੀ, ਜਸਵਿੰਦਰ ਸਿੰਘ, ਸਰਬਜੀਤ ਸਿੰਘ ਜੋਸਨ, ਮਾਸਟਰ ਰਣਜੀਤ ਸਿੰਘ, ਰਘਬੀਰ ਸਿੰਘ, ਨੰਬਰਦਾਰ ਸਲਵੰਤ ਸਿੰਘ, ਬਲਵਿੰਦਰ ਸਿੰਘ ਥਿੰਦ, ਜਥੇਦਾਰ ਨਿਰਮਲ ਸਿੰਘ, ਖੁਸ਼ਵਿੰਦਰ ਸਿੰਘ ਜੋਸਨ, ਨਿਰਮਲ ਸਿੰਘ ਥਿੰਦ, ਅਨੂਪ ਸਿੰਘ, ਗੁਰਦੀਪ ਸਿੰਘ ਥਿੰਦ, ਸੇਵਾ ਮੁਕਤ ਕੈਪਟਨ ਸਰਬਜੀਤ ਸਿੰਘ, ਭੁਪਿੰਦਰ ਸਿੰਘ ਥਿੰਦ ਆਦਿ ਵੀ ਹਾਜ਼ਰ ਸਨ | ਇਸ ਸਬੰਧ ਵਿਚ ਲੋਕ ਨਿਮਰਾਣ ਵਿਭਾਗ ਦੇ ਕਾਰਜਕਾਰੀ ਇੰਜੀਨੀਅਰ ਵਰਿੰਦਰ ਕੁਮਾਰ ਨਾਲ ਸੰਪਰਕ ਕਰਨ ‘ਤੇ ਉਨ੍ਹਾਂ ਦੱਸਿਆ ਕਿ ਪੰਚਾਇਤ ਨੂੰ ਗੇਟ ਦੀ ਉਸਾਰੀ ਲਈ ਵਿਭਾਗ ਵੱਲੋਂ ਦਿੱਤੀਆਂ ਸ਼ਰਤਾਂ ਵਿਚੋਂ ਕੁੱਝ ਇਕ ‘ਤੇ ਅਮਲ ਨਾ ਹੋਣ ਕਾਰਨ ਗੇਟ ਦੀ ਉਸਾਰੀ ਬੰਦ ਕਰਵਾਈ ਗਈ ਹੈ | ਇਸ ਸਬੰਧ ਵਿਚ ਹਲਕਾ ਸੁਲਤਾਨਪੁਰ ਲੋਧੀ ਤੋਂ ਕਾਂਗਰਸੀ ਵਿਧਾਇਕ ਨਵਤੇਜ ਸਿੰਘ ਚੀਮਾ ਨੇ ਸ਼ਹੀਦ ਬਾਬਾ ਬੀਰ ਸਿੰਘ ਦੇ ਨਾਮ ‘ਤੇ ਬਣ ਰਹੇ ਸਵਾਗਤੀ ਗੇਟ ‘ਤੇ ਰਾਜਨੀਤੀ ਕਰਨ ਨੂੰ ਮੰਦਭਾਗਾ ਦੱਸਿਆ ਤੇ ਕਿਹਾ ਕਿ ਅਜਿਹਾ ਕਰਕੇ ਅਕਾਲੀ ਭਾਜਪਾ ਸਰਕਾਰ ਸ਼ਹੀਦਾਂ ਤੇ ਸੰਤਾਂ ਮਹਾਂਪੁਰਖਾਂ ਦਾ ਵੀ ਅਪਮਾਨ ਕਰ ਰਹੀ ਹੈ | ਉਨ੍ਹਾਂ ਕਿਹਾ ਕਿ ਸਾਨੂੰ ਸ਼ਹੀਦਾਂ ਦਾ ਸਤਿਕਾਰ ਕਰਨਾ ਚਾਹੀਦਾ ਹੈ |