ਧੰਨ ਬਾਜ਼ਾਂ ਵਾਲਿਆ ਤੂੰ ਤੇ ਧੰਨ ਤੇਰਾ ਜਿਗਰਾ, ਹਿੱਕ ਧਰਤ ਦੀ ਪਾਟੀ ਤੇ ਧਾਹੀਂ ਅੰਬਰ ਰੋਇਆ-ਸੁਰਜੀਤ ਕੌਰ

78

surjit-kaur

ਬਾਲ ਉਮਰਾਂ ਦੇ ਵਿੱਚ ਉਹ ਲੈ ਕੇ ਆਏ, ਸਿਖਰ ਸਿਦਕ ਦੇ ਤੇ ਬੜੇ ਖਿਆਲ ਭਾਰੇ।

ਬਾਬਾ ਅਜੀਤ, ਜੁਝਾਰ, ਜ਼ੋਰਾਵਰ ਤੇ ਸਿੰਘ ਫਤਿਹ, ਸਰਬੰਸ ਦਾਨੀ ਗੋਬਿੰਦ ਪਿਤਾ ਦੇ ਲਾਲ ਚਾਰੇ।

ਈਨ ਮੰਨ ਕੇ ਧਰਮ ਨਾ ਹਾਰਿਆ ਜਿਹਨਾਂ, ਠੇਡੇ ਦੌਲਤ, ਸ਼ੌਹਰਤ ਤੇ ਹੀਰੇ ਮੋਤੀਆਂ ਨੂੰ ਮਾਰੇ।

ਪਰਲੋ ਤੀਕਰਾਂ ਜੱਗ ਤੇ ਉਹ ਸਦਾ ਰਹਿਣੇ, ਕਹਿਰ ਸੂਬੇ ਨੇ ਜੋ ਲਾਲਾਂ ਦੇ ਨਾਲ ਗੁਜ਼ਾਰੇ।

ਅਣਖੀ ਲਾਲ ਧਰਮੀ ਦਸ਼ਮੇਸ਼ ਪਿਤਾ ਜੀ ਦੇ, ਕਰਨੀ ਪਿਤਾ ਤੋਂ ਕੌਮ ਦੀ ਇਬਾਦਤ ਸਿੱਖੀ।

ਸਿਦਕ ਆਪਣੇ ਤੋਂ ਕਿੱਦਾਂ ਭਲਾ ਡੋਲ ਜਾਂਦੇ, ਦੇਣੀ ਬਾਬੇ ਤੋਂ ਜਿਹਨਾਂ ਸ਼ਹਾਦਤ ਸਿੱਖੀ।

ਪਲ-ਪਲ ਗੁਜ਼ਰਦੀ ਦਾਦੀ ਦੀ ਗੋਦ ਬਹਿ ਕੇ, ਜ਼ੁਲਮ ਹਾਕਮ ਦੇ ਦਾ ਪੂਰਾ ਬਿਰਤਾਂਤ ਸੁਣਿਆਂ।

ਪਿਤਾ ਬਾਬੇ ਦੇ ਵੱਲ ਨੂੰ ਜਿਹਨਾਂ ਮਾਰ ਝਾਤੀ, ਅੱਗ ਜ਼ੁਲਮ ਦੀ ਨੂੰ ਕਰਨਾ ਕਿੱਦਾਂ ਸ਼ਾਂਤ ਸੁਣਿਆ।

ਸੀਅ ਨਾ ਉਚਰੀ ਮੁੱਖਾਂ ਚੋਂ ਇੱਕ ਵੀ ਵਾਰੀ, ਤਸੀਹੇ ਵੈਰੀ ਦੇ ਹੱਸ ਸਹਾਰ ਗਏ ਲਾਲ,

ਸਵਾ-2ਲੱਖ ਦੇ ਡਟੇ ਮੂਹਰੇ ਵੱਡੇ ਫੜ ਤਲਵਾਰ, ਜਿੰਦਾਂ ਗੜ੍ਹੀ ਚਮਕੌਰ ਦੀ ਵਿੱਚ ਵਾਰ ਗਏ ਲਾਲ।

ਕਹਿਰ ਦੀ ਸਰਦੀ, ਲੰਮੀਆਂ ਰਾਤਾਂ, ਠੰਢੇ ਬੁਰਜ਼ ਵਿੱਚ ਸੂਬੇ, ਨਿੱਘ ਦਾਦੀ ਦੀ ਗੋਦ ਦਾ ਮਾਨਣ ਲਈ ਛੋਟੇ ਨਜ਼ਰਬੰਦ ਕੀਤੇ।

ਮੂਲ ਨਾਲੋਂ ਕਹਿੰਦੇ ਵਿਆਜ ਪਿਆਰਾ, ਪਰ ‘ਧੰਨ ਮਾਂ ਗਜ਼ਰੀ’ ਹੌਸਲੇ ਪੋਤਿਆਂ ਦੇ ਧਰਮ ਲਈ ਜਿਹਨੇਂ ਹੱਥੀਂ ਬੁਲੰਦ ਕੀਤੇ।

ਜੁੱਤੀ ਦੀ ਨੋਕ ਤੇ ਕੀਤਾ ਪ੍ਰਵੇਸ਼ ਲਾਲਾਂ ਕਚਿਹਰੀ ਵਿੱਚ, ਪਰ ਦਰ ਜ਼ੁਲਮ ਦਾ ਝੁਕ ਕੇ ਨਹੀਂਓ ਪਾਰ ਕੀਤਾ।

ਹੱਕਾ-ਬੱਕਾ ਹੋਇਆ ਰਹਿ ਗਿਆ ਦੇਖਦਾ ਸੂਬਾ, ਚਾਲ ਉਹਦੀ ਨੇ ਖੁਦ ਹੀ ਜ਼ਾਲਮ ਨੂੰ ਹਾਰ ਦਿੱਤਾ।

ਮਾਸੂਮ ਜਿੰਦਾਂ ਨੂੰ ਜੀਵਤ ਚਿਣਾਇਆ ਵਿੱਚ ਕੰਧੀ, ਸੂਰਜ ਦੇਖ ਕੌਤਕ ਜਾ ਬੱਦਲਾਂ ਦੇ ਓਹਲੇ ਹੋਇਆ।

ਧੰਨ ਬਾਜ਼ਾਂ ਵਾਲਿਆ ਤੂੰ ਤੇ ਧੰਨ ਤੇਰਾ ਜਿਗਰਾ, ਹਿੱਕ ਧਰਤ ਦੀ ਪਾਟੀ ਤੇ ਧਾਹੀਂ ਅੰਬਰ ਰੋਇਆ।

-ਸੁਰਜੀਤ ਕੌਰ ਬੈਲਜ਼ੀਅਮ