ਪਰਸਨ ਲਾਲ ਭੋਲਾ-ਪਿੰਡ ਟਿੱਬਾ ਵਿਖੇ ਸ਼ਹੀਦ ਭਗਤ ਸਿੰਘ ਤੇ ਭਾਅ ਜੀ ਗੁਰਸ਼ਰਨ ਸਿੰਘ ਨੂੰ ਸਮਰਪਿਤ ਚੌਥਾ ਨਾਟਕ ਮੇਲਾ ਕਰਵਾਇਆ ਗਿਆ | ਜਿਸ ਵਿਚ ਪਿੰਡ ਤੇ ਇਲਾਕੇ ਦੇ ਲੋਕ ਹੁਮ ਹੁਮਾ ਕੇ ਪੁੱਜੇ | ਨਾਟਕ ਮੇਲੇ ਦੀ ਸ਼ੁਰੂਆਤ ਆਜ਼ਾਦ ਮੰਚ ਛੰਨਾ ਸ਼ੇਰ ਸਿੰਘ ਵੱਲੋਂ ਕੋਰੀਓਗ੍ਰਾਫੀ ਪੇਸ਼ ਕਰਕੇ ਕੀਤੀ ਗਈ | ਇਸ ਉਪਰੰਤ ਸਰਕਾਰੀ ਹਾਈ ਸਕੂਲ ਮੰਗੂਪੁਰ ਦੇ ਬੱਚਿਆਂ ਨੇ ‘ਦੋ ਚੋਰ’ ਨਾਟਕ ਪੇਸ਼ ਕੀਤਾ | ਜਿਸਨੂੰ ਦਰਸ਼ਕਾਂ ਨੇ ਖ਼ੂਬ ਸਲਾਹਿਆ | ਇਸ ਮੌਕੇ ਜਾਦੂਗਰ ਸੇਵਾ ਸਿੰਘ ਤੇ ਕੇ. ਲਾਲ ਵੱਲੋਂ ਜਾਦੂ ਦੇ ਟਿ੍ਕ ਪੇਸ਼ ਕੀਤੇ ਗਏ | ਦੇਸ਼ ਭਗਤਾਂ ਦੀਆਂ ਵਾਰਾਂ ਗਾ ਕੇ ਸਵਰਨ ਸਿੰਘ ਰਸੂਲਪੁਰ (ਜਗਰਾਵਾਂ) ਦੇ ਕਵੀਸ਼ਰੀ ਜਥੇ ਵੱਲੋਂ ਦਰਸ਼ਕਾਂ ਨੂੰ ਨਿਹਾਲ ਕੀਤਾ ਗਿਆ | ਮੇਲਾ ਦਾ ਮੁੱਖ ਆਕਰਸ਼ਣ ਪਟਿਆਲਾ ਦੀ ਨੇਤੀ ਥੀਏਟਰ ਗਰੁੱਪ ਵੱਲੋਂ ਕਿਸਾਨਾਂ ਦੇ ਦਰਦ ਨੂੰ ਪੇਸ਼ ਕਰਦਾ ਨਾਟਕ ‘ਅਸੀਂ ਅੰਨ ਦਾਤਾ ਹੁੰਨੇ ਆ’ ਪੇਸ਼ ਕੀਤਾ ਗਿਆ | ਜਿਸ ਵਿਚ ਬਲਵਿੰਦਰ ਬੁਲਟ ਵੱਲੋਂ ਇਕ ਸਰਕਾਰੀ ਹਾਲਤਾਂ ਦੇ ਮਾਰੇ ਕਿਸਾਨ ਦੀ ਕਹਾਣੀ ਸਟੇਜ ਤੋਂ ਬਾਖ਼ੂਬੀ ਪੇਸ਼ ਕੀਤੀ ਗਈ | ਟੀਮ ਵੱਲੋਂ ਦੂਸਰਾ ਨਾਟਕ ਨਸ਼ਿਆਂ ਨਾਲ ਸਬੰਧਿਤ ‘ਇਹ ਕੈਸੀ ਰੁੱਤ ਆਈ’ ਪੇਸ਼ ਕੀਤਾ ਗਿਆ | ਮੇਲੇ ਦੌਰਾਨ ਕਾਮਰੇਡ ਦਰਸ਼ਨ ਸਿੰਘ ਸ਼ੌਕੀ ਨੂੰ ਸਮਰਪਿਤ ਇਨਕਲਾਬੀ ਗੀਤਾਂ ਦੀ ਪੋਪਕਰਨ ਕੰਪਨੀ ਵੱਲੋਂ ਗਾਇਕ ਲੱਖਾ ਦੀ ਆਵਾਜ਼ ਵਿਚ ਗਾਈ ਸੀਡੀ ‘ਆਸ਼ਕ ਆਜ਼ਾਦੀ ਦੇ’ ਪਿੰਡ ਦੀ ਸਰਪੰਚ ਜਸਵਿੰਦਰ ਕੌਰ ਤੇ ਮਾਸਟਰ ਰਾਜਿੰਦਰ ਸਿੰਘ ਤੇ ਪਿ੍ੰਸੀਪਲ ਲਖਬੀਰ ਸਿੰਘ ਸਟੇਟ ਐਵਾਰਡੀ ਵੱਲੋਂ ਜਾਰੀ ਕੀਤੀ ਗਈ | ਸ਼ਹੀਦ ਭਗਤ ਸਿੰਘ ਵਿਚਾਰ ਮੰਚ ਰੇਲ ਕੋਚ ਫ਼ੈਕਟਰੀ ਦੀ ਟੀਮ ਵੱਲੋਂ ‘ਚੋਰਾਂ ਦੇ ਵੱਸ ਪੈ ਕੇ’ ਕੋਰੀਓਗ੍ਰਾਫੀ ਪੇਸ਼ ਕੀਤੀ ਗਈ | ਪੋ੍ਰਗਰਾਮ ਦੇ ਮੁੱਖ ਬੁਲਾਰੇ ਤਰਕਸ਼ੀਲ ਸੁਸਾਇਟੀ ਪੰਜਾਬ ਦੇ ਪ੍ਰਧਾਨ ਮਾ. ਰਾਜਿੰਦਰ ਭਦੌੜ ਨੇ ਆਪਣੀ ਤਕਰੀਰ ਦੌਰਾਨ ਕਿਹਾ ਕਿ ਸਾਡੇ ਜੀਵਨ ਦੀਆਂ ਚੰਗੀਆਂ ਮਾੜੀਆਂ ਹਾਲਤਾਂ ਲਈ ਸਮਾਜਿਕ ਪ੍ਰਬੰਧ ਜ਼ਿੰਮੇਵਾਰ ਹੈ | ਉਨ੍ਹਾਂ ਕਿਹਾ ਕਿ ਘਰਾਂ ਵਿਚ ਵਾਪਰਦੀਆਂ ਕਸਰਾਂ ਪਿੱਛੇ ਕਿਸੇ ਇਨਸਾਨ ਦਾ ਹੀ ਹੱਥ ਹੁੰਦਾ ਹੈ | ਸਿਰਫ਼ ਪੜਤਾਲ ਕਰਨ ਦੀ ਲੋੜ ਹੁੰਦੀ ਹੈ | ਉਨ੍ਹਾਂ ਹਾਜ਼ਰ ਸਰੋਤਿਆਂ ਨੂੰ ਮੇਲੇ ਬਾਰੇ ਜਾਣਕਾਰੀ ਦਿੰਦਿਆਂ ਮੇਲੇ ਦੇ ਮੁੱਖ ਪ੍ਰਬੰਧਕ ਤੇ ਸਟੇਜ ਸਕੱਤਰ ਸੁਰਜੀਤ ਟਿੱਬਾ ਨੇ ਦੱਸਿਆ ਕਿ ਪਿੰਡ ਵਾਸੀਆਂ ਤੇ ਪੰਚਾਇਤ ਦੇ ਸਹਿਯੋਗ ਨਾਲ ਪਿਛਲੇ ਚਾਰ ਸਾਲ ਤੋਂ ਇਹ ਮੇਲਾ ਸਮਾਜਿਕ ਕੁਰੀਤੀਆਂ ਿਖ਼ਲਾਫ਼ ਲੋਕਾਂ ਨੂੰ ਜਾਗਰੂਕ ਕਰਦਾ ਆ ਰਿਹਾ ਹੈ | ਨਾਟਕ ਪੰਡਾਲ ਵਿਚ ਡਾ. ਸਤਬੀਰ ਸਿੰਘ ਵੱਲੋਂ ਅਗਾਂਹਵਧੂ ਤਰਕਸ਼ੀਲ ਸਾਹਿਤ ਦਾ ਸਟਾਲ ਲਗਾਇਆ ਗਿਆ | ਜਿਸਤੋਂ ਵੱਡੀ ਗਿਣਤੀ ਵਿਚ ਲੋਕਾਂ ਦੁਆਰਾ ਕਿਤਾਬਾਂ ਦੀ ਖ਼ਰੀਦਦਾਰੀ ਕੀਤੀ ਗਈ | ਪਿੰਡ ਵਾਸੀ ਵੱਡੀ ਗਿਣਤੀ ਵਿਚ ਦੇਰ ਰਾਤ ਤੱਕ ਨਾਟਕਾਂ ਦਾ ਆਨੰਦ ਮਾਣਦੇ ਰਹੇ | ਇਸ ਮੌਕੇ ਪਿੰਡ ਟਿੱਬਾ ਦੀ ਸਰਪੰਚ ਸ੍ਰੀਮਤੀ ਜਸਵਿੰਦਰ ਕੌਰ, ਪੰਚਾਇਤ ਮੈਂਬਰ, ਅਮਰਜੀਤ ਸਿੰਘ, ਸੁਖਦੇਵ ਸਿੰਘ ਜੇਈ, ਬਲਜੀਤ ਸਿੰਘ ਬੱਬਾ, ਮਾ.ਜਸਵਿੰਦਰ ਸਿੰਘ, ਡਾ.ਸਤਬੀਰ ਸਿੰਘ, ਨਰਿੰਦਰ ਸਿੰਘ, ਲਖਵਿੰਦਰ ਸੋਨਾ, ਮਾ.ਲਖਵਿੰਦਰ ਸਿੰਘ, ਅਮਰੀਕ ਆਰ.ਸੀ.ਐਫ., ਗੁਰਜਿੰਦਰ ਸਿੰਘ, ਸੁਖਵਿੰਦਰ ਬਾਗਪੁਰ, ਮਾ.ਜਸਬੀਰ ਸਿੰਘ, ਮਾਸਟਰ ਕਰਨੈਲ ਸਿੰਘ, ਮਾਸਟਰ ਰਾਮ ਸਿੰਘ ਆਦਿ ਹਾਜ਼ਰ ਸਨ |
ਪਿੰਡ ਟਿੱਬਾ ਦੇ ਚੌਥੇ ਨਾਟਕ ਮੇਲੇ ‘ਤੇ ਨਾਟਕਾਂ ਰਾਹੀਂ ਨਸ਼ਿਆਂ ਤੇ ਕਿਸਾਨੀ ਸੰਕਟ ਦੀ ਪੇਸ਼ਕਾਰੀ





