ਕਪੂਰਥਲਾ (ਭੂਸ਼ਣ)-ਕਹਿੰਦੇ ਨੇ ਜੇ ਬੰਦਾ ਸੱਚਾਈ ਅਤੇ ਈਮਾਨਦਾਰੀ ਦੇ ਰਸਤੇ ‘ਤੇ ਚੱਲੇ ਤਾਂ ਰੱਬ ਉਸ ਨੂੰ ਕੋਈ ਕਸਰ ਨਹੀਂ ਛੱਡਦਾ। ਇਕ ਅਜਿਹਾ ਹੀ ਮਾਮਲਾ ਕਪੂਰਥਲਾ ‘ਚ ਸਾਹਮਣੇ ਆਇਆ ਹੈ, ਜਦੋਂ ਫੈਕਟਰੀ ‘ਚ ਕੰਮ ਕਰਕੇ ਮਿਹਨਤ ਨਾਲ ਪੈਸਾ-ਪੈਸਾ ਜੋੜਨ ਵਾਲੇ ਵਰਕਰ ਦੀ ਅਚਾਨਕ 1.75 ਕਰੋੜ ਦੀ ਲਾਟਰੀ ਨਿਕਲ ਆਈ, ਜਿਸ ਤੋਂ ਬਾਅਦ ਹਰ ਕੋਈ ਉਸ ਨੂੰ ਵਧਾਈਆਂ ਦੇ ਰਿਹਾ ਹੈ।
ਜਾਣਕਾਰੀ ਮੁਤਾਬਕ ਰੇਲਟੇਕ ਗਰੁੱਪ ‘ਚ ਵਰਕਰ ਦੀ ਨੌਕਰੀ ਕਰਨ ਵਾਲੇ ਲਾਲ ਸਿੰਘ ਨੂੰ ਸ਼ੁੱਕਰਵਾਰ ਨੂੰ ਪੰਜਾਬ ਸਰਕਾਰ ਦੇ ਰੱਖੜੀ ਬੰਪਰ ਲਾਟਰੀ ਦਾ ਪਹਿਲਾ ਜੇਤੂ ਐਲਾਨਿਆ ਗਿਆ, ਜਿਸ ਦੀ 1.75 ਕਰੋੜ ਦੀ ਲਾਟਰੀ ਲੱਗੀ। ਇਸ ਤੋਂ ਬਾਅਦ ਲਾਲ ਸਿੰਘ ਨੇ ਵਾਹਿਗੁਰੂ ਦਾ ਸ਼ੁਕਰੀਆ ਕੀਤਾ ਅਤੇ ਕਿਹਾ ਕਿ ਉਨ੍ਹਾਂ ਦੀ ਮਿਹਰ ਸਦਕਾ ਹੀ ਇਹ ਸਭ ਕੁਝ ਹੋ ਸਕਿਆ ਹੈ।
ਇਸ ਦੇ ਨਾਲ ਹੀ ਲਾਲ ਸਿੰਘ ਨੇ ਇਹ ਵੀ ਦੱਸਿਆ ਕਿ ਉਸ ਨੂੰ ਇੱਥੇ ਤਕ ਪਹੁੰਚਾਉਣ ਵਿਚ ਰੇਲਟੇਕ ਗਰੁੱਪ ਦੇ ਐੱਮ. ਡੀ. ਸੁਰੇਸ਼ ਜੈਨ ਦਾ ਪਿਆਰ ਅਤੇ ਉਨ੍ਹਾਂ ਦਾ ਆਸ਼ੀਰਵਾਦ ਵੀ ਕੰਮ ਆਇਆ ਹੈ । ਲਾਲ ਸਿੰਘ ਦਾ ਸ਼ੁੱਕਰਵਾਰ ਨੂੰ ਰੇਲਟੇਕ ਕੰੰਪਲੈਕਸ ਵਿਚ ਪੁੱਜਣ ‘ਤੇ ਰੇਲਟੇਕ ਗਰੁੱਪ ਦੇ ਮਾਲਕ ਸੁਰੇਸ਼ ਜੈਨ ਨੇ ਸਮੂਹ ਸਟਾਫ ਤੇ ਵਰਕਰਾਂ ਨੇ ਸ਼ਾਨਦਾਰ ਸੁਆਗਤ ਕੀਤਾ ।
ਇਸ ਮੌਕੇ ਲਾਲ ਸਿੰਘ ਨੇ ਕਿਹਾ ਕਿ ਭਾਵੇਂ ਮੇਰੀ ਇਕ ਕਰੋੜ ਰੁਪਏ ਦੀ ਲਾਟਰੀ ਨਿਕਲੀ ਹੈ, ਮੈਂ ਫਿਰ ਵੀ ਪੂਰੀ ਉਮਰ ਰੇਲਟੇਕ ਫੈਕਟਰੀ ਵਿਚ ਕੰਮ ਕਰਦਾ ਰਹਾਂਗਾ । ਉਨ੍ਹਾਂ ਕਿਹਾ ਕਿ ਰੇਲਟੇਕ ਗਰੁੱਪ ਵਿਚ ਕਦੇ ਵੀ ਮਜ਼ਦੂਰ ਨੂੰ ਛੋਟਾ ਨਹੀਂ ਸਮਝਿਆ ਗਿਆ । ਰੇਲਟੇਕ ਵਿਚ ਮਜ਼ਦੂਰ ਤੋਂ ਲੈ ਕੇ ਮਾਲਕ ਤਕ ਸਾਰਿਆਂ ਦਾ ਪਿਆਰ ਇਕ ਪਰਿਵਾਰ ਵਰਗਾ ਹੈ । ਇਸ ਲਈ ਮੈਂ ਗਰੁੱਪ ਨੂੰ ਛੱਡਣ ਬਾਰੇ ਸੋਚ ਵੀ ਨਹੀਂ ਸਕਦਾ ।