surjit kaurਅੱਜ ਵਿੱਚ ਪ੍ਰਦੇਸੋਂ ਰੱਖੜੀ ਤੇ ਕੁਝ ਬੋਲ ਲਿਖਾਂ, ਨਾ ਲੋਕ ਦਿਖਾਵਾ, ਨਾ ਲੋਕ ਲਾਜ ਮਨ ਖੋਹਲ ਲਿਖਾਂ।

ਵੀਰਨੋ ! ਜੋ ਮਨ ਆਵੇ ਮੈਂ ਖੋਹਲ ਲਿਖਾਂ……….

ਯਾਦ ਕਰਾਂ ਨਾਲ਼ੇ ਅੱਖ ਭਰਾਂ ਦਿਨ ਨਾਲ਼ ਹੰਢਾਇਆਂ ਦੀ, ਪਲ-ਪਲ ਹੁੰਦੀ ਲੋੜ ਵੀਰਨੋ ਅੰਮੜੀ ਦਿਆਂ ਜਾਇਆਂ ਦੀ।

ਭੁਲਾਇਆਂ ਵੀ ਨਈਂ ਭੁੱਲਦੀ ਯਾਦ ਸਾਨੂੰ ਮਿੱਠੇ ਝਗੜਿਆਂ ਦੀ, ਲਾ ਇੱਕ-ਦੂਜੇ ਦੇ ਪਿੱਛੇ ਦੌੜਾਂ ਗੋਡੇ ਗਿੱਟੇ ਰਗੜਿਆਂ ਦੀ।

ਕੀ ਉਹਨਾਂ ਨੂੰ ਦੇਵਾਂ ਸਲਾਮੀ ਕੀ ਦਿਨਾਂ ਦਾ ਮੋਲ ਲਿਖਾਂ… ਨਾ ਲੋਕ ਦਿਖਾਵਾ, ਨਾ ਲੋਕ ਲਾਜ ਮਨ ਖੋਹਲ ਲਿਖਾਂ।

ਵੀਰਨੋ ! ਜੋ ਮਨ ਆਵੇ ਮੈਂ ਖੋਹਲ ਲਿਖਾਂ…………

ਫਿਰ ਦਿਲੋਂ ਅੱਜ ਗੁੰਦਾਂ ਰੱਖੜੀ ਮੈਂ ਮੋਹ ਦੀਆਂ ਤੰਦਾਂ ਨਾਲ, ਕਰ ਦੇਵਾਂ ਮਜ਼ਬੂਤ ਇਹਨੂੰ ਮੈਂ ਪਿਆਰ ਦੀਆਂ ਗੰਢਾਂ ਨਾਲ।

ਇਹ ਸੱਜਕੇ ਵੀਰਾਂ ਦੇ ਗੁੱਟ ਤੇ ਬਖਸ਼ੇ ਰੌਣਕ ਚਿਹਰੇ ਤੇ, ਖੁਸ਼ੀਆਂ ਹੀ ਖੁਸ਼ੀਆਂ ਵਰਸਣ ਮੇਰੇ ਬਾਪ ਦੇ ਵਿਹੜੇ ਤੇ।

ਭਰੇ ਰਹਿਣ ਭੰਡਾਰ ਸਦਾਂ ਨਾ ਸ਼ਬਦਾਂ ਨੂੰ ਨਾਪ-ਤੋਲ ਲਿਖਾਂ। ਨਾ ਲੋਕ ਦਿਖਾਵਾ, ਨਾ ਲੋਕ ਲਾਜ ਮਨ ਖੋਹਲ ਲਿਖਾਂ।

ਵੀਰਨੋ ! ਜੋ ਮਨ ਆਵੇ ਮੈਂ ਖੋਹਲ ਲਿਖਾਂ………..

ਪ੍ਰਦੇਸਾਂ ਦੇ ਵਿੱਚ ਆ ਕੇ ਅਸੀਂ ਖ਼ੌਰੇ ਇੱਥੋਂ ਜੋਗੇ ਹੀ ਰਹਿ ਜਾਣਾ, ਨਾ ਚਾਹੁੰਦਿਆਂ ਵੀ ਵੀਰਨੋ ਗਿਲਾ ਕਿਸਮਤ ਤੇ ਰਹਿ ਜਾਣਾ।

ਨਾ ਸਾਡੀ ਕੋਈ ਲੋਹੜੀ ਰੱਖੜੀ ਨਾ ਕੋਈ ਤੀਜ਼ ਤਿਓਹਾਰ ਏ, ਮਰਦ ਹੈ ਕੰਮ ਤੋਂ ਘਰੇ ਪਰਤਦਾ ਤੀਵੀਂ ਜਾਣ ਲਈ ਤਿਆਰ ਏ।

ਹੌਕੇ ਭਰ ਕੇ ਕਲਮ ਚਲਾਵਾਂ ਕਿਵੇਂ ਦੱਸੋ ਮੈਂ ਮਿਸਰੀ ਘੋਲ ਲਿਖਾਂ। ਨਾ ਲੋਕ ਦਿਖਾਵਾ, ਨਾ ਲੋਕ ਲਾਜ ਮਨ ਖੋਹਲ ਲਿਖਾਂ।

ਵੀਰਨੋ ! ਜੋ ਮਨ ਆਵੇ ਮੈਂ ਖੋਹਲ ਲਿਖਾਂ…………

ਅੱਜ ਵਿੱਚ ਪ੍ਰਦੇਸੋਂ ਰੱਖੜੀ ਤੇ ਕੁਝ ਬੋਲ ਲਿਖਾਂ, ਨਾ ਲੋਕ ਦਿਖਾਵਾ, ਨਾ ਲੋਕ ਲਾਜ ਮਨ ਖੋਹਲ ਲਿਖਾਂ।

ਵੀਰਨੋ ! ਜੋ ਮਨ ਆਵੇ ਮੈਂ ਖੋਹਲ ਲਿਖਾਂ…………

-ਸੁਰਜੀਤ ਕੌਰ ਬੈਲਜ਼ੀਅਮ