Surjit Kaur

ਖੁੱਲ੍ਹੇ ਅਸਮਾਨ ਵੱਲ ਝਾਕਿਆ,

ਨਾ ਕਿਸੇ ਰੌਸ਼ਨੀ ਦੀ ਉਮੀਦ,

ਨਾ ਕਿਸੇ ਦੇ ਸਾਥ ਦੀ ਤਾਂਘ,

ਦੂਰ ਇੱਕ ਜੁਗਨੂੰ….

ਬੇਖੌਫ਼, ਬੇਝਿਜਕ ਤੇ ਬੇਪਰਵਾਹ,

ਹਨ੍ਹੇਰਿਆਂ ਨੂੰ ਚੀਰਦਾ ਹੋਇਆ,

ਬਸ ਅੱਗੇ ਵਧਦਾ ਜਾ ਰਿਹਾ ਹੈ,

ਆਪਣੀ ਮੰਜ਼ਿਲ ਸਰ ਕਰਨ ਲਈ ।

ਫਿਰ ਮੈਂ ਆਪਣੇ ਅੰਦਰ ਬੈਠੇ,

ਤੰਗਦਿਲ ਇਨਸਾਨ ਵੱਲ ਝਾਤੀ ਮਾਰੀ,

ਆਦਤ ਤੋਂ ਮਜ਼ਬੂਰ ਤੇ ਉੱਦਮ ਤੋਂ ਦੂਰ,

ਜੋ ਆਪਣੀਆਂ ਨਾਕਾਮੀਆਂ ਦਾ ਸਿਹਰਾ,

ਜ਼ਿੰਮੇਵਾਰੀਆਂ ਤੇ ਸਮਾਜਿਕ ਬੰਧਨਾ ਦੇ ਸਿਰ ਮੜ੍ਹਦਾ ਜਾ ਰਿਹਾ ਹੈ।

ਫ਼ਰਕ ਹੈ ਤਾਂ….

ਸਿਰਫ਼ ਸੋਚ ਤੇ ਉੱਦਮ ਦਾ ।

-ਸੁਰਜੀਤ ਕੌਰ ਬੈਲਜ਼ੀਅਮ