ਪੰਜਾਬੀ, ਸਦਾ ਹੀ ਅਣਖ ਲਈ ਸ਼ਹੀਦ ਹੋਏ ਆ, ਸੱਚੇ ਆਸ਼ਕ ਇਹ ਦੇਸ਼ ਦੇ ਮੁਰੀਦ ਹੋਏ ਆ ।
ਅੰਮ੍ਰਿਤਸਰ,13ਅਪ੍ਰੈਲ 1919,ਦਿਨ ਵਿਸਾਖੀ ਦਾ, ਜ਼ਲਿਆਂ ਵਾਲੇ ਬਾਗ਼ ਅੰਦਰ ਜਲਸਾ ਹੱਕਾਂ ਦੀ ਰਾਖੀ ਦਾ ।
ਨਾ ਦਿੱਤੀ ਚਿਤਾਵਨੀ ਨਾ ਕੀਤੀ ਕੋਈ ਗੱਲਬਾਤ, ਗੋਰੇ ਐਡਵਾਇਰ ਨੇ ਦਿੱਤਾ ਕੋਹਿਰਾਮ ਸੀ ਮਚਾ ।
ਇੱਕੋ-ਇੱਕ ਦਰਵਾਜ਼ੇ ਬਾਗ਼ ਦੇ ਮੂਹਰੇ ਬੰਨ ਤੋਪ, ਚਾਰੇ ਪਾਸੇ ਦਿੱਤਾ ਜਾਲ ਜ਼ਾਲਿਮ ਫ਼ੌਜ ਦਾ ਫੈਲਾ ।
ਕਿਸੇ ਪਾਸੇ ਨਾ ਬਚਾਅ ਦਾ ਰਾਹ ਕੋਈ ਵੀ, ਨਿਹੱਥੇ ਪੰਜਾਬੀਆਂ ਨੂੰ ਕੀਤਾ ਲਹੂ-ਲੁਹਾਨ ਉਹਨੇ ।
ਅੰਧਾ-ਧੁੰਦ ਬਾਰੂਦ ਦੀ ਉਸ ਕੀਤੀ ਬਾਰਿਸ਼, ਨਾ ਦੇਖਿਆ ਬੱਚਾ,ਬੁੱਢਾ,ਔਰਤ ਜਾਂ ਜਵਾਨ ਉਹਨੇ ।
ਉੱਧਮ ਸਿੰਘ ਸੁਨਾਮ ਸੰਗਰੂਰ ਦੇ ਰਹਿਣ ਵਾਲਾ, ਅੱਲ੍ਹੜ ਉਮਰ ਦਾ ਬਾਂਕਾ ਸੀ ਉਦੋਂ ਨੌਜਵਾਨ ।
ਲੈ ਕੇ ਮਿੱਟੀ ਉਸ ਬਾਗ਼ ਦੀ ਮੁੱਠੀ ਦੇ ਵਿੱਚ, ਬਦਲਾ ਲੈਣ ਦੀ ਡਾਇਰ ਕੋਲੋਂ ਲਈ ਉਸ ਠਾਨ ।
ਮੰਜ਼ਲ ਆਪਣੀ ਤੱਕ ਪਹੁੰਚਣ ਦੇ ਲਈ ਸੂਰੇ ਨੂੰ, ਵੀਹ ਸਾਲ ਦੇ ਸਮੇਂ ਨਾਲ ਲੱਗੀ ਸਖ਼ਤ ਘਾਲ ।
ਪਰ ਜੋ ਪ੍ਰਣ ਕੀਤਾ ਸੀ ਆਪਣੇ ਦੇਸ਼ ਦੇ ਲਈ, ਪੂਰਾ ਕਰਕੇ ਯੋਧੇ ਨੇ ਕਾਇਮ ਕਰ ਦਿੱਤੀ ਮਿਸਾਲ ।
ਕੈਸਟਨ ਹਾਲ ਲੰਡਨ ਵਿੱਚ ਜਾ ਕੇ ਡਾਇਰ ਉੱਤੇ, ਇਸ ਦੇਸ਼ ਪ੍ਰੇਮੀ ਨੇ ਸਾਹਮਣਿਓਂ ਵਾਰ ਕੀਤਾ ।
ਕੱਢ ਕੇ ਕਿਤਾਬ ਦੇ ਵਿੱਚੋਂ 32ਬੋਰ ਦਾ ਪਿਸਟਲ, ਕੱਲਾ-ਕੱਲਾ ਰੋਂਦ ਸੀ ਸੀਨੇ ਉਹਦੇ ਪਾਰ ਕੀਤਾ ।
ਗਰਜ਼ਿਆ ਸ਼ੇਰ ਸੀ ਫਿਰ ਭਰੀ ਅਸੈਂਬਲੀ ਵਿੱਚ, ਕੁਝ ਨਾ ਕੀਤਾ ਗਲਤ ਜੋ ਮੈਂ ਕਰਾਂ ਪਛਤਾਵਾ ।
ਸੋਚ-ਸਮਝ ਕੇ ਬਦਲਾ ਲਿਆ ਦੇਸ਼ਵਾਸੀਆਂ ਦਾ, ਲੰਮੇ ਸਮੇਂ ਤੋਂ ਬਲਦਾ ਸੀ ਮੇਰੇ ਅੰਦਰ ਲਾਵਾ ।
ਚਾਹ ਹੋਰ ਨਾ ਮਨ ਵਿੱਚ ਕੋਈ ਜੀਊਣ ਦੀ ਰੱਖੀ, ਆਪਣੇ-ਆਪ ਨੂੰ ਖ਼ੁਦ ਗ੍ਰਿਫ਼ਤਾਰ ਕਰਵਾਇਆ ।
31 ਜੁਲਾਈ 1940ਨੂੰ ਕੀਤਾ ਸ਼ਹੀਦ ਸ਼ੇਰ ਗੋਰਿਆਂ, ਰੱਸਾ ਚੁੰਮ ਕੇ ਫਾਂਸੀ ਦਾ ਹੱਥੀਂ ਗਲ਼ ਪਾਇਆ ।
ਖੁਦ ਤੋਂ ਪਹਿਲਾਂ ਸੋਚ ਦੇਸ਼ ਦਾ, ਕਰਨਾ ਬਲਿਦਾਨ ਸਾਨੂੰ ਸਿਖਾਇਆ ਸ਼ਹੀਦਾਂ ਨੇ ।
ਸੋਨੇ ਵਰਗੀਆਂ ਵਾਰ ਜਵਾਨੀਆਂ, ਸਾਨੂੰ ਰਾਹ ਅਜ਼ਾਦੀ ਦੇ ਪਾਇਆ ਸ਼ਹੀਦਾਂ ਨੇ ।
ਪਰ ਕੀ ਅੱਜ ਅਸੀਂ ਅਜ਼ਾਦ ਹਾਂ ? ਜਾਂ ਅਜ਼ਾਦੀ ਦੇ ਨਾਂ ਤੇ ਹੋ ਰਹੇ ਬਰਬਾਦ ਹਾਂ ?
ਕਾਸ਼ ਅੱਜ ਖ਼ੁਦਗਰਜ਼ ਏਨਾ ਮੇਰੇ ਦੇਸ਼ ਦਾ ਇਨਸਾਨ ਨਾ ਹੁੰਦਾ ।
ਆਪਣਿਆਂ ਦੇ ਭੇਸ ਵਿੱਚ ਲੁਕਿਆ ਫਿਰਦਾ ਫਿਰ ਸ਼ੈਤਾਨ ਨਾ ਹੁੰਦਾ ।
ਮੋਹ ਕੁਰਸੀ ਦਾ ਹੁਣ ਪੈ ਗਿਆ ਹੈ ਇੱਥੇ ਹਰ ਥਾਂ ਘੁੰਮਦੇ ਡਾਇਰ ।
ਇੱਥੇ ਸੱਤਾ ਦੇ ਲਈ ਹੋ ਰਿਹਾ ਹੈ ਥਾਂ-ਥਾਂ ਤੇ ਜ਼ਾਲਮ ਦਾ ਕਹਿਰ ।
ਉੱਧਮ ਸਿੰਘ ਸੁਨਾਮੀ ਕੋਈ ਨਹੀਂ ਬੱਸ ਉੱਧਮ ਸਿੰਘ ਦਾ ਨਾਮ ਹੈ ।
ਇਸੇ ਲਈ ਤਾਂ ਅੱਜ ਪੰਜਾਬ ਵਿੱਚ ਕਈ ਥਾਈਂ ਬਲ਼ ਰਿਹਾ ਸਮਸ਼ਾਨ ਹੈ…. !
ਬਲ਼ ਰਿਹਾ ਸਮਸ਼ਾਨ ਹੈ……!
-ਸੁਰਜੀਤ ਕੌਰ ਬੈਲਜ਼ੀਅਮ
bahut khoob ji