ਕਿਸੇ ਨਾ ਸੁਣੀ ਮੇਰੀ ਪੁਕਾਰ,ਕਈ ਭਰਮਾਂ ਦੀ ਮੈਂ ਹੋਈ ਸ਼ਿਕਾਰ।
ਮੈਂ ਅਣਜੰਮੀ ਪੇਟ ਵਿੱਚ ਮਰੀ, ਕਿਸੇ ਨੇ ਮੇਰੀ ਪਰਵਾਹ ਨਾ ਕਰੀ।
ਖੇਡ ਸਕੀ ਨਾ ਗੁੱਡੀਆਂ ਪਟੋਲੇ, ਸਾਫ਼ ਹੋ ਗਈ ਮੈਂ ਬਿਨ ਅੱਖ ਖੋਹਲੇ।
ਸਖ਼ੀਆਂ ਸੰਗ ਨਾ ਕੀਤੀ ਮਸਤੀ, ਜੰਮਣ ਤੋਂ ਪਹਿਲ਼ਾਂ ਮਿਟ ਗਈ ਹਸਤੀ।
ਕਿਉਂ?
ਕਿਉਂ ਕਿ ਮੈਂ ਇੱਕ ਔਰਤ ਹਾਂ!
ਜੇ ਬਚ ਕੇ ਮੈਂ ਹੋ ਗਈ ਜਵਾਨ, ਮਿਲਿਆ ਨਾ ਮੈਨੂੰ ਬਣਦਾ ਮਾਣ।
ਭਗਵੇਂ ਚੋਲ਼ੇ ਤੇ ਵਿੱਚ ਸ਼ੈਤਾਨ, ਫਿਰ ਕਈ ਟੱਕਰੇ ਮੈਨੂੰ ਬੇਈਮਾਨ।
ਪੁਰਜ਼ਾ ਤੇ ਪਟੋਲਾ ਜਿਹੇ ਮਿਲੇ ਪੈਗਾਮ, ਮਾਂ-ਬਾਪ ਦੀ ਸੁੱਕ ਗਈ ਜਾਨ।
ਉਹਨਾਂ ਆਪਣਾ ਫ਼ਰਜ਼ ਨਿਭਾਇਆ, ਮੈਨੂੰ ਡੋਲ਼ੀ ਦੇ ਵਿੱਚ ਪਾਇਆ।
ਕਿਉਂ?
ਕਿਉਂ ਕਿ ਮੈਂ ਇੱਕ ਔਰਤ ਹਾਂ!
ਅਗਲੇ ਘਰ ਮੈਂ ਪੈਰ ਜੋ ਪਾਇਆ, ਜ਼ਿੰਮੇਦਾਰੀ ਨੂੰ ਦਿਲੋਂ ਨਿਭਾਇਆ।
ਪਰ ਸਭ ਦੇ ਮਨ ਵਿੱਚ ਕਈ ਭੁਲਖੇ, ਕਿਸੇ ਨੇ ਮੇਰੇ ਗੁਣ ਨਾ ਦੇਖੇ।
ਨਾ ਮੈਂ ਗਹਿਣੇ, ਨਾ ਮੈਂ ਨਕਦੀ ਤੇ ਨਾ ਹੀ ਮੈਂ ਲੈ ਕੇ ਆਈ ਕਾਰ।
ਕੋਸ਼ਿਸ਼ ਕੀਤੀ ਹਰ ਪ੍ਰਕਾਰ, ਪਰ ਫਸ ਕੇ ਰਹਿ ਗਈ ਅੱਧ-ਵਿਚਕਾਰ।
ਕਿਉਂ?
ਕਿਉਂ ਕਿ ਮੈਂ ਇੱਕ ਔਰਤ ਹਾਂ!
ਕਈ ਪਾਬੰਦੀਆਂ ਮੇਰੇ ਤੇ ਲੱਗੀਆਂ, ਕਈ ਮੇਰੇ ਨਾਲ ਵੱਜੀਆਂ ਠੱਗੀਆਂ।
ਮੂੰਹ ਬੰਦ ਕੰਨ ਖੁੱਲ੍ਹੇ ਰੱਖਣਾ, ਹਰ ਕਿਸੇ ਵੱਲ ਨੀਵੇਂ ਹੋ ਕੇ ਤੱਕਣਾ।
ਜੇ ਮੈਂ ਆਪਣੀ ਅਵਾਜ਼ ਲਗਾਈ, ਘਰ ਵਿੱਚ ਸਾਰੇ ਮਚੀ ਦੁਹਾਈ।
ਕਈ ਸਤੀਆਂ ਦੀ ਗੱਲ ਸੁਣਾਈ, ਜਿੱਥੇ ਚਾਹਿਆ ਮੈਥੋਂ ਮੋਹਰ ਲਵਾਈ।
ਕਿਉਂ?
ਕਿਉਂ ਕਿ ਮੈਂ ਇੱਕ ਔਰਤ ਹਾਂ!
ਘੱਟ ਸ਼ਬਦਾਂ ਵਿੱਚ ਮੇਰੀ ਕਹਾਣੀ, ਅੱਜ ਮੈਂ ਦੱਸਾਂ ਮੇਰੀ ਜ਼ੁਬਾਨੀ।
ਮਰੀਆਂ ਸਧਰਾਂ ਮਰੇ ਅਰਮਾਨ, ਰੀਤ ਦੇ ਨਾਮ ਤੇ ਹੋਈ ਕੁਰਬਾਨ।
ਜੇ ਮੈਂ ਪੜ੍ਹਨੀ ਚਾਹੀ ਕਿਤਾਬ, ਬਲੀ ਮੈਂ ਚੜ੍ਹ ਗਈ ਫਿਰ ਰਿਵਾਜ਼।
ਘਰ-ਘਰ ਦੀ ਤੁਸਾਂ ਸੁਣੀ ਹੈ ਕਥਾ, ਨਿਗਲ ਗਈ ਮੈਨੂੰ ਦਾਜ਼ ਪ੍ਰਥਾ।
ਕਿਸੇ ਨਾ ਮੇਰੀ ਸੁਣੀ ਦੁਹਾਈ, ਲੌਟ ਕੇ ਜਦੋਂ ਪ੍ਰੰਪਰਾ ਸੀ ਆਈ।
ਕਿਉਂ?
ਕਿਉਂ ਕਿ ਮੈਂ ਇੱਕ ਔਰਤ ਹਾਂ!
-ਸੁਰਜੀਤ ਕੌਰ ਬੈਲਜ਼ੀਅਮ
Comments are closed.
Very nice written didi ji