Dalwinder Thatte wala

ਬੜੇ ਯਾਦ ਆਉਂਦੇ ਬੋਲ,
ਜਾਂਦੀ ਵਾਰ ਜੋ ਕਹੇ,
ਕਦੇ ਮਿਲਾਂਗੇ ਤੈਨੂੰ ਆ ਕੇ,
ਜੇ ਜਿਉਂਦੇ ਅਸੀਂ ਰਹੇ।
ਅਸੀਂ ਪੰਛੀਆਂ ਦੇ ਵਾਂਗੂੰ,
ਮਾਰੀ ਦੂਰ ਦੀ ਉਡਾਰੀ।
ਪਿਆ ਉਥੇ ਜਾ ਚੁਗਣਾ,
ਰੱਬ ਜਿੱਥੇ ਚੋਗ ਖਿਲਾਰੀ।
ਹੁੰਦੀ ਦਿਲ ਨੂੰ ਨਾ ਤਸੱਲੀ,
ਤਾਹੀਓਂ ਨਾ ਟਿਕ ਕਿਤੇ ਬਹੇ,
ਕਦੇ ਮਿਲਾਂਗੇ ਤੈਨੂੰ ਆ ਕੇ,
ਜੇ ਜਿਉਂਦੇ ਅਸੀਂ ਰਹੇ।
ਲੈਂਦੇ ਰਿਸਕ ਨਾ ਕਦੇ,
ਮਾਰ ਗਈ ਸੀ ਗਰੀਬੀ।
ਪੈਸੇ ਦੇ ਕੇ ਅਸੀਂ ਯਾਰੋ,
ਮੌਤ ਆਪਣੀ ਏ ਖਰੀਦੀ।
ਭੁੱਖੇ ਰਹਿ ਕੇ ਰਾਹਾਂ ਵਿੱਚ,
ਬੜੇ ਦੁੱਖ ਅਸੀਂ ਸਹੇ,
ਕਦੇ ਮਿਲਾਂਗੇ ਤੈਨੂੰ ਆ ਕੇ,
ਜੇ ਜਿਉਂਦੇ ਅਸੀਂ ਰਹੇ।
ਮੁਲਕ ਆਪਣੇ ‘ਚ ਛੱਡ,
ਚੰਗੀ ਭਲੀ ਸਰਦਾਰੀ,
ਇੱਥੇ ਕਰਾਂ ਹੁਣ ਮਜਦੂਰੀ,
ਗਈ ਮੱਤ ਮੇਰੀ ਮਾਰੀ,
ਕਿੰਨੇ ਰੁਲ ਗਏ ਪਰਦੇਸਾਂ,
ਦਲਵਿੰਦਰ ਠੱਟੇ ਵਾਲੇ ਜਹੇ,
ਕਦੇ ਮਿਲਾਂਗੇ ਤੈਨੂੰ ਆ ਕੇ,
ਜੇ ਜਿਉਂਦੇ ਅਸੀਂ ਰਹੇ।
ਕਦੇ ਮਿਲਾਂਗੇ ਤੈਨੂੰ ਆ ਕੇ,
ਜੇ ਜਿਉਂਦੇ ਅਸੀਂ ਰਹੇ।
-ਦਲਵਿੰਦਰ ਠੱਟੇ ਵਾਲਾ