ਭੇਡ ਚਾਲ ਫੜ੍ਹ ਲਈ ਏ ਨਵੇਂ ਕਲਾਕਾਰਾਂ,
ਜਣਾ ਖਣਾ ਗਾ ਕੇ, ਫਿਰੇ ਲੁੱਟਦਾ ਬਹਾਰਾਂ।
ਸੱਜ-ਧੱਜ ਤੂੰਬੀ, ਲੈਂਦੇ ਹੱਥਾਂ ਵਿੱਚ ਫੜ੍ਹ ਨੀ,
ਰੀਸ ਇਹਨਾਂ ਕਿੱਥੋਂ ਦੱਸ ਯਮਲੇ ਦੀ ਕਰਨੀ।
ਪੰਜ ਸੱਤ ਮੁੰਦੀਆਂ ਏ ਹੱਥਾਂ ਵਿੱਚ ਪਾ ਕੇ,
ਵਾਹਣ ਵਿੱਚ ਇੱਲ ਕੁੱਟੀ ਵਾਂਗੂੰ ਸਿਰ ਵਾਹ ਕੇ।
ਹਿੱਸੇ ਆਉਂਦੀ ਪੈਲੀ ਇਹਨਾਂ ਗਹਿਣੇ ਦਿੱਤੀ ਧਰ ਨੀ,
ਰੀਸ ਇਹਨਾਂ ਕਿੱਥੋਂ ਦੱਸ ਯਮਲੇ ਦੀ ਕਰਨੀ।
ਵਿਦੇਸ਼ ਵਿੱਚ ਜਾਣ ਦਾ ਏ ਸੌਖਾ ਜਿਹਾ ਤਰੀਕਾ,
ਕਿੱਥੇ ਰੱਬਾ ਭੇਜ ਇੱਕ ਵਾਰ ਅਮਰੀਕਾ।
ਅੱਠ ਦਸ ਸਾਲ ਫਿਰ ਮੁੜਦੇ ਨਾ ਘਰ ਨੀ,
ਰੀਸ ਇਹਨਾਂ ਕਿੱਥੋਂ ਦੱਸ ਯਮਲੇ ਦੀ ਕਰਨੀ।
ਪਹਿਲਾਂ ਲੈਣੀ ਕਾਰ, ਕਲਾ ਬਾਅਦ ਵਿੱਚ ਸਿੱਖਣੀ,
ਦਲਵਿੰਦਰ ਨੂੰ ਪੈ ਗਈ ਗੱਲ ਇਹ ਲਿਖਣੀ।
ਸੁੱਕ ਜਾਂਦੇ ਉਹ ਜੀਹਦੇ ਹੁੰਦੀ ਨਾ ਕੋਈ ਜੜ੍ਹ ਨੀ,
ਰੀਸ ਇਹਨਾਂ ਕਿੱਥੋਂ ਦੱਸ ਯਮਲੇ ਦੀ ਕਰਨੀ।
ਰੀਸ ਇਹਨਾਂ ਕਿੱਥੋਂ ਦੱਸ ਯਮਲੇ ਦੀ ਕਰਨੀ।
-ਦਲਵਿੰਦਰ ਠੱਟੇ ਵਾਲਾ
Comments are closed.
True words