ਵੀਰਵਾਰ 21 ਮਈ 2015 (7 ਜੇਠ ਸੰਮਤ 547 ਨਾਨਕਸ਼ਾਹੀ)

88
Today's Mukhwak from G.Damdama Sahib Thatta

Huqam

ਸੋਰਠਿ ਮਹਲਾ ੩ ਦੁਤੁਕੀ ॥ ਨਿਗੁਣਿਆ ਨੋ ਆਪੇ ਬਖਸਿ ਲਏ ਭਾਈ ਸਤਿਗੁਰ ਕੀ ਸੇਵਾ ਲਾਇ ॥ ਸਤਿਗੁਰ ਕੀ ਸੇਵਾ ਊਤਮ ਹੈ ਭਾਈ ਰਾਮ ਨਾਮਿ ਚਿਤੁ ਲਾਇ ॥੧॥ ਹਰਿ ਜੀਉ ਆਪੇ ਬਖਸਿ ਮਿਲਾਇ ॥ ਗੁਣਹੀਣ ਹਮ ਅਪਰਾਧੀ ਭਾਈ ਪੂਰੈ ਸਤਿਗੁਰਿ ਲਏ ਰਲਾਇ ॥ ਰਹਾਉ ॥ ਕਉਣ ਕਉਣ ਅਪਰਾਧੀ ਬਖਸਿਅਨੁ ਪਿਆਰੇ ਸਾਚੈ ਸਬਦਿ ਵੀਚਾਰਿ ॥ ਭਉਜਲੁ ਪਾਰਿ ਉਤਾਰਿਅਨੁ ਭਾਈ ਸਤਿਗੁਰ ਬੇੜੈ ਚਾੜਿ ॥੨॥ ਮਨੂਰੈ ਤੇ ਕੰਚਨ ਭਏ ਭਾਈ ਗੁਰੁ ਪਾਰਸੁ ਮੇਲਿ ਮਿਲਾਇ ॥ ਆਪੁ ਛੋਡਿ ਨਾਉ ਮਨਿ ਵਸਿਆ ਭਾਈ ਜੋਤੀ ਜੋਤਿ ਮਿਲਾਇ ॥੩॥ ਹਉ ਵਾਰੀ ਹਉ ਵਾਰਣੈ ਭਾਈ ਸਤਿਗੁਰ ਕਉ ਸਦ ਬਲਿਹਾਰੈ ਜਾਉ ॥ ਨਾਮੁ ਨਿਧਾਨੁ ਜਿਨਿ ਦਿਤਾ ਭਾਈ ਗੁਰਮਤਿ ਸਹਜਿ ਸਮਾਉ ॥੪॥ {ਅੰਗ 638}

ਅਰਥ: ਹੇ ਭਾਈ! ਅਸੀ ਜੀਵ ਗੁਣਾਂ ਤੋਂ ਸੱਖਣੇ ਹਾਂ, ਵਿਕਾਰੀ ਹਾਂ। ਪੂਰੇ ਗੁਰੂ ਨੇ (ਜਿਨ੍ਹਾਂ ਨੂੰ ਆਪਣੀ ਸੰਗਤਿ ਵਿਚ) ਰਲਾ ਲਿਆ ਹੈ, ਉਹਨਾਂ ਨੂੰ ਪਰਮਾਤਮਾ ਆਪ ਹੀ ਮੇਹਰ ਕਰ ਕੇ (ਆਪਣੇ ਚਰਨਾਂ ਵਿਚ) ਜੋੜ ਲੈਂਦਾ ਹੈ।ਰਹਾਉ। ਹੇ ਭਾਈ! ਗੁਣਾਂ ਤੋਂ ਸੱਖਣੇ ਜੀਵਾਂ ਨੂੰ ਸਤਿਗੁਰੂ ਦੀ ਸੇਵਾ ਵਿਚ ਲਾ ਕੇ ਪਰਮਾਤਮਾ ਆਪ ਹੀ ਬਖ਼ਸ਼ ਲੈਂਦਾ ਹੈ। ਹੇ ਭਾਈ! ਗੁਰੂ ਦੀ ਸ਼ਰਨਸੇਵਾ ਬੜੀ ਸ੍ਰੇਸ਼ਟ ਹੈ, ਗੁਰੂ (ਸ਼ਰਨ ਪਏ ਮਨੁੱਖ ਦਾ) ਮਨ ਪਰਮਾਤਮਾ ਦੇ ਨਾਮ ਵਿਚ ਜੋੜ ਦੇਂਦਾ ਹੈ।੧। ਹੇ ਪਿਆਰੇ! ਪਰਮਾਤਮਾ ਨੇ ਅਨੇਕਾਂ ਹੀ ਅਪਰਾਧੀਆਂ ਨੂੰ ਗੁਰੂ ਦੇ ਸੱਚੇ ਸ਼ਬਦ ਦੀ ਰਾਹੀਂ (ਆਤਮਕ ਜੀਵਨ ਦੀ) ਵਿਚਾਰ ਵਿਚ (ਜੋੜ ਕੇ) ਬਖ਼ਸ਼ਿਆ ਹੈ। ਹੇ ਭਾਈ! ਗੁਰੂ ਦੇ (ਸ਼ਬਦ-) ਜਹਾਜ਼ ਵਿਚ ਚਾੜ੍ਹ ਕੇ ਉਸ ਪਰਮਾਤਮਾ ਨੇ (ਅਨੇਕਾਂ ਜੀਵਾਂ ਨੂੰ) ਸੰਸਾਰਸਮੁੰਦਰ ਤੋਂ ਪਾਰ ਲੰਘਾਇਆ ਹੈ।੨। ਹੇ ਭਾਈ! ਜਿਨ੍ਹਾਂ ਮਨੁੱਖਾਂ ਨੂੰ ਪਾਰਸਗੁਰੂ (ਆਪਣੀ ਸੰਗਤਿ ਵਿਚ) ਮਿਲਾ ਕੇ (ਪ੍ਰਭੂਚਰਨਾਂ ਵਿਚ) ਜੋੜ ਦੇਂਦਾ ਹੈ, ਉਹ ਮਨੁੱਖ ਸੜੇ ਹੋਏ ਲੋਹੇ ਤੋਂ ਸੋਨਾ ਬਣ ਜਾਂਦੇ ਹਨ। ਹੇ ਭਾਈ! ਆਪਾਭਾਵ ਤਿਆਗ ਕੇ ਉਹਨਾਂ ਦੇ ਮਨ ਵਿਚ ਪਰਮਾਤਮਾ ਦਾ ਨਾਮ ਆ ਵੱਸਦਾ ਹੈ। ਗੁਰੂ ਉਹਨਾਂ ਦੀ ਸੁਰਤਿ ਨੂੰ ਪ੍ਰਭੂ ਦੀ ਜੋਤਿ ਵਿਚ ਮਿਲਾ ਦੇਂਦਾ ਹੈ।੩। ਹੇ ਭਾਈ! ਮੈਂ ਕੁਰਬਾਨ ਜਾਂਦਾ ਹਾਂ, ਮੈਂ ਕੁਰਬਾਨ ਜਾਂਦਾ ਹਾਂ, ਮੈਂ ਗੁਰੂ ਤੋਂ ਸਦਾ ਹੀ ਕੁਰਬਾਨ ਜਾਂਦਾ ਹਾਂ। ਹੇ ਭਾਈ! ਜਿਸ ਗੁਰੂ ਨੇ (ਮੈਨੂੰ) ਪਰਮਾਤਮਾ ਦਾ ਨਾਮਖ਼ਜ਼ਾਨਾ ਦਿੱਤਾ ਹੈ, ਉਸ ਗੁਰੂ ਦੀ ਮਤਿ ਲੈ ਕੇ ਮੈਂ ਆਤਮਕ ਅਡੋਲਤਾ ਵਿਚ ਟਿਕਿਆ ਰਹਿੰਦਾ ਹਾਂ।੪।

ਵਾਹਿਗੁਰੂ ਜੀ ਕਾ ਖਾਲਸਾ। ਵਾਹਿਗੁਰੂ ਜੀ ਕੀ ਫਤਹਿ॥
for more details, please visit www.thatta.in
ਪੰਜਾਬ ਦੇ ਕਿਸੇ ਪਿੰਡ ਦੀ ਪੰਜਾਬੀ ਭਾਸ਼ਾ ਵਿੱਚ ਬਣੀ ਹੋਈ ਪਹਿਲੀ ਵੈਬਸਾਈਟ।

Whatsapp alerts +91-98728-98928