ਟੋਡੀ ਮਹਲਾ ੫ ॥ ਹਰਿ ਹਰਿ ਨਾਮੁ ਸਦਾ ਸਦ ਜਾਪਿ ॥ ਧਾਰਿ ਅਨੁਗ੍ਰਹੁ ਪਾਰਬ੍ਰਹਮ ਸੁਆਮੀ ਵਸਦੀ ਕੀਨੀ ਆਪਿ ॥੧॥ ਰਹਾਉ ॥ ਜਿਸ ਕੇ ਸੇ ਫਿਰਿ ਤਿਨ ਹੀ ਸਮ੍ਹ੍ਹਾਲੇ ਬਿਨਸੇ ਸੋਗ ਸੰਤਾਪ ॥ ਹਾਥ ਦੇਇ ਰਾਖੇ ਜਨ ਅਪਨੇ ਹਰਿ ਹੋਏ ਮਾਈ ਬਾਪ ॥੧॥ ਜੀਅ ਜੰਤ ਹੋਏ ਮਿਹਰਵਾਨਾ ਦਯਾ ਧਾਰੀ ਹਰਿ ਨਾਥ ॥ ਨਾਨਕ ਸਰਨਿ ਪਰੇ ਦੁਖ ਭੰਜਨ ਜਾ ਕਾ ਬਡ ਪਰਤਾਪ ॥੨॥੯॥੧੪॥ {ਅੰਗ 714}
ਪਦਅਰਥ: ਸਦ—ਸਦਾ। ਜਾਪਿ—ਜਪਿਆ ਕਰ। ਅਨੁਗ੍ਰਹੁ—ਕਿਰਪਾ। ਧਾਰਿ—ਧਾਰ ਕੇ, ਕਰ ਕੇ। ਵਸਦੀ ਕੀਨੀ—ਵਸਾ ਦਿੱਤੀ।੧।ਰਹਾਉ।
ਜਿਸ ਕੇ—ਲਫ਼ਜ਼ ‘ਜਿਸੁ‘ ਦਾ ੁ ਸੰਬੰਧਕ ‘ਕੇ‘ ਦੇ ਕਾਰਨ ਉੱਡ ਗਿਆ ਹੈ}। ਸੇ—ਸਨ। ਤਿਨ ਹੀ—ਤਿਨਿ ਹੀ, ਉਸ ਨੇ ਹੀ {ਲਫ਼ਜ਼ ‘ਤਿਨਿ‘ ਦੀ ‘ਿ‘ ਕ੍ਰਿਆ ਵਿਸ਼ੇਸ਼ਣ ‘ਹੀ‘ ਦੇ ਕਾਰਨ ਉੱਡ ਗਈ ਹੈ}। ਸਮ੍ਹ੍ਹਾਲੇ—ਸੰਭਾਲ ਕੀਤੀ, ਸੰਭਾਲ ਕਰਦਾ ਹੈ। ਸੋਗ—ਚਿੰਤਾ—ਫ਼ਿਕਰ। ਸੰਤਾਪ—ਦੁੱਖ—ਕਲੇਸ਼। ਦੇਇ—ਦੇ ਕੇ।੧।
ਜੀਅ ਜੰਤ—ਸਾਰੇ ਹੀ ਜੀਵ। ਜਾ ਕਾ—ਜਿਸ (ਪਰਮਾਤਮਾ) ਦਾ।੨।
ਅਰਥ: ਹੇ ਭਾਈ! ਸਦਾ ਹੀ ਪਰਮਾਤਮਾ ਦਾ ਨਾਮ ਜਪਿਆ ਕਰ। (ਜਿਸ ਭੀ ਮਨੁੱਖ ਨੇ ਪਰਮਾਤਮਾ ਦਾ ਨਾਮ ਜਪਿਆ ਹੈ) ਮਾਲਕ–ਪ੍ਰਭੂ ਨੇ ਆਪਣੀ ਮਿਹਰ ਕਰ ਕੇ (ਉਸ ਦੀ ਸੁੰਞੀ ਪਈ ਹਿਰਦਾ–ਨਗਰੀ ਨੂੰ ਸੋਹਣੇ ਆਤਮਕ ਗੁਣਾਂ ਨਾਲ) ਆਪ ਵਸਾ ਦਿੱਤਾ।੧।ਰਹਾਉ।
ਹੇ ਭਾਈ! ਜਿਸ ਪ੍ਰਭੂ ਦੇ ਅਸੀ ਪੈਦਾ ਕੀਤੇ ਹੋਏ ਹਾਂ, ਉਹ ਪ੍ਰਭੂ (ਉਹਨਾਂ ਮਨੁੱਖਾਂ ਦੀ) ਆਪ ਸੰਭਾਲ ਕਰਦਾ ਹੈ (ਜੇਹੜੇ ਉਸ ਦਾ ਨਾਮ ਜਪਦੇ ਹਨ, ਉਹਨਾਂ ਦੇ ਸਾਰੇ) ਚਿੰਤਾ–ਫ਼ਿਕਰ ਦੁੱਖ–ਕਲੇਸ਼ ਨਾਸ ਹੋ ਜਾਂਦੇ ਹਨ। ਪਰਮਾਤਮਾ ਆਪਣੇ ਹੱਥ ਦੇ ਕੇ ਆਪਣੇ ਸੇਵਕਾਂ ਨੂੰ (ਚਿੰਤਾ–ਫ਼ਿਕਰਾਂ ਤੋਂ ਦੁੱਖਾਂ–ਕਲੇਸ਼ਾਂ ਤੋਂ) ਆਪ ਬਚਾਂਦਾ ਹੈ, ਉਹਨਾਂ ਦਾ ਮਾਂ ਪਿਉ ਬਣਿਆ ਰਹਿੰਦਾ ਹੈ।੧।
ਹੇ ਭਾਈ! ਪਰਮਾਤਮਾ ਸਾਰੇ ਹੀ ਜੀਵਾਂ ਉਤੇ ਮਿਹਰ ਕਰਨ ਵਾਲਾ ਹੈ, ਉਹ ਖ਼ਸਮ ਪ੍ਰਭੂ ਸਭਨਾਂ ਉਤੇ ਦਇਆ ਕਰਦਾ ਹੈ। ਹੇ ਨਾਨਕ! (ਆਖ-) ਮੈਂ ਉਸ ਪ੍ਰਭੂ ਦੀ ਸਰਨ ਪਿਆ ਹਾਂ, ਜੋ ਸਾਰੇ ਦੁੱਖਾਂ ਦਾ ਨਾਸ ਕਰਨ ਵਾਲਾ ਹੈ,ਤੇ, ਜਿਸ ਦਾ ਤੇਜ–ਪ੍ਰਤਾਪ ਬਹੁਤ ਹੈ।੨।੯।੧੪।