ਬੁੱਧਵਾਰ 10 ਦਸੰਬਰ 2014 (ਮੁਤਾਬਿਕ 25 ਮੱਘਰ ਸੰਮਤ 546 ਨਾਨਕਸ਼ਾਹੀ) –

44

11

ਬਿਲਾਵਲੁ ਮਹਲਾ ੫ ॥ ਗੁਰਿ ਪੂਰੈ ਮੇਰੀ ਰਾਖਿ ਲਈ ॥ ਅੰਮ੍ਰਿਤ ਨਾਮੁ ਰਿਦੇ ਮਹਿ ਦੀਨੋ ਜਨਮ ਜਨਮ ਕੀ ਮੈਲੁ ਗਈ ॥੧॥ ਰਹਾਉ ॥ਨਿਵਰੇ ਦੂਤ ਦੁਸਟ ਬੈਰਾਈ ਗੁਰ ਪੂਰੇ ਕਾ ਜਪਿਆ ਜਾਪੁ ॥ ਕਹਾ ਕਰੈ ਕੋਈ ਬੇਚਾਰਾ ਪ੍ਰਭ ਮੇਰੇ ਕਾ ਬਡ ਪਰਤਾਪੁ ॥੧॥ ਸਿਮਰਿ ਸਿਮਰਿ ਸਿਮਰਿ ਸੁਖੁ ਪਾਇਆ ਚਰਨ ਕਮਲ ਰਖੁ ਮਨ ਮਾਹੀ ॥ ਤਾ ਕੀ ਸਰਨਿ ਪਰਿਓ ਨਾਨਕ ਦਾਸੁ ਜਾ ਤੇ ਊਪਰਿ ਕੋ ਨਾਹੀ ॥੨॥੧੨॥੯੮॥ {ਅੰਗ 823-824}
ਪਦਅਰਥ: ਗੁਰਿ—ਗੁਰੂ ਨੇ। ਅੰਮ੍ਰਿਤ—ਆਤਮਕ ਜੀਵਨ ਦੇਣ ਵਾਲਾ। ਰਿਦੇ ਮਹਿ—ਹਿਰਦੇ ਵਿਚ।੧।ਰਹਾਉ।
ਨਿਵਰੇ—ਦੂਰ ਹੋ ਗਏ ਹਨ। ਦੂਤ—(ਕਾਮਾਦਿਕ) ਦੁਸ਼ਮਨ। ਬੈਰਾਈ—ਵੈਰੀ। ਕਹਾ ਕਰੈ—ਕੀਹ ਕਰ ਸਕਦਾ ਹੈ? ਕੁਝ ਵਿਗਾੜ ਨਹੀਂ ਕਰ ਸਕਦਾ। ਪਰਤਾਪੁ—ਤਾਕਤ।੧।
ਰਖੁ—ਟੇਕ, ਆਸਰਾ। ਮਾਹੀ—ਮਾਹਿ, ਵਿਚ। ਤਾ ਕੀ—ਉਸ (ਪ੍ਰਭੂ) ਦੀ। ਜਾ ਤੇ ਊਪਰਿ—ਜਿਸ ਤੋਂ ਵੱਡਾ।੨।
ਅਰਥ: (ਹੇ ਭਾਈ! ਵਿਕਾਰਾਂ ਦੇ ਟਾਕਰੇ ਤੇ) ਪੂਰੇ ਗੁਰੂ ਨੇ ਮੇਰੀ ਇੱਜ਼ਤ ਰੱਖ ਲਈ ਹੈ। ਗੁਰੂ ਨੇ ਆਤਮਕ ਜੀਵਨ ਦੇਣ ਵਾਲਾ ਹਰਿ-ਨਾਮ ਮੇਰੇ ਹਿਰਦੇ ਵਿਚ ਵਸਾ ਦਿੱਤਾ ਹੈ, (ਉਸ ਨਾਮ ਦੀ ਬਰਕਤਿ ਨਾਲ) ਅਨੇਕਾਂ ਜਨਮਾਂ ਦੇ ਕੀਤੇ ਕਰਮਾਂ ਦੀ ਮੈਲ ਮੇਰੇ ਮਨ ਵਿਚੋਂ ਦੂਰ ਹੋ ਗਈ ਹੈ।੧।ਰਹਾਉ।
ਹੇ ਭਾਈ! ਪੂਰੇ ਗੁਰੂ ਦਾ ਦੱਸਿਆ ਹੋਇਆ ਹਰਿ-ਨਾਮ ਦਾ ਜਾਪ ਜਦੋਂ ਤੋਂ ਮੈਂ ਜਪਣਾ ਸ਼ੁਰੂ ਕੀਤਾ ਹੈ, (ਕਾਮਾਦਿਕ) ਸਾਰੇ ਵੈਰੀ ਦੁਰਜਨ ਨੱਸ ਗਏ ਹਨ। ਮੇਰੇ ਪ੍ਰਭੂ ਦੀ ਬੜੀ ਤਾਕਤ ਹੈ, ਹੁਣ (ਇਹਨਾਂ ਵਿਚੋਂ) ਕੋਈ ਭੀ ਮੇਰਾ ਕੁਝ ਵਿਗਾੜ ਨਹੀਂ ਸਕਦਾ।੧।
(ਹੇ ਭਾਈ! ਗੁਰੂ ਦੀ ਕਿਰਪਾ ਨਾਲ ਪਰਮਾਤਮਾ ਦੇ ਸੋਹਣੇ ਚਰਨ) ਮੇਰੇ ਮਨ ਵਿਚ ਆਸਰਾ ਬਣ ਗਏ ਹਨ, ਉਸ ਦਾ ਨਾਮ (ਹਰ ਵੇਲੇ) ਸਿਮਰ ਸਿਮਰ ਕੇ ਮੈਂ ਆਤਮਕ ਆਨੰਦ ਪ੍ਰਾਪਤ ਕੀਤਾ ਹੈ। ਹੇ ਭਾਈ! (ਪ੍ਰਭੂ ਦਾ) ਦਾਸ ਨਾਨਕ ਉਸ (ਪ੍ਰਭੂ) ਦੀ ਸਰਨ ਪੈ ਗਿਆ ਹੈ ਜਿਸ ਤੋਂ ਵੱਡਾ ਹੋਰ ਕੋਈ ਨਹੀਂ।੨।੧੨।੯੮।